CBI Raids Punjab Vigilance Headquarters in Mohali Over ₹20 Lakh Bribery Case
Hindi
cbi

CBI Raid Mohali, Punjab Vigilance Bureau,

CBI ਨੇ ਪੰਜਾਬ ਵਿਜੀਲੈਂਸ ਦੇ ਹੈੱਡਕੁਆਰਟਰ 'ਤੇ ਮਾਰਿਆ ਛਾਪਾ; ਮੋਹਾਲੀ 'ਚ ਦੇਰ ਰਾਤ ਤੋਂ ਚੱਲ ਰਹੀ ਰੇਡ, ਸੀਨੀਅਰ ਅਫਸਰ ਨਾਲ ਜੁੜੇ ਰਿਸ਼ਵਤ ਦੇ ਤਾਰ

CBI Raid Punjab Vigilance Office: ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (CBI) ਨੇ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ 'ਤੇ ਛਾਪੇਮਾਰੀ ਕੀਤੀ ਹੈ। ਸੋਮਵਾਰ ਦੇਰ ਰਾਤ CBI ਦੀ ਟੀਮ ਵਿਜੀਲੈਂਸ ਹੈੱਡਕੁਆਰਟਰ ਪਹੁੰਚੀ ਅਤੇ ਵੱਡੀ ਕਾਰਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਰੇਡ ਮੰਗਲਵਾਰ ਸਵੇਰੇ ਵੀ ਜਾਰੀ ਹੈ। ਸੀਬੀਆਈ ਦੇ ਅਧਿਕਾਰੀ ਵਿਜੀਲੈਂਸ ਹੈੱਡਕੁਆਰਟਰ ਵਿੱਚ ਹੀ ਮੌਜੂਦ ਹਨ, ਜਿੱਥੇ ਕਰਮਚਾਰੀਆਂ ਤੋਂ ਪੁੱਛਗਿੱਛ ਦੇ ਨਾਲ-ਨਾਲ ਵਿਜੀਲੈਂਸ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਆਲੇ-ਦੁਆਲੇ ਭਾਰੀ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ।

ਸੀਨੀਅਰ ਅਫਸਰ ਨਾਲ ਜੁੜੇ ਰਿਸ਼ਵਤ ਦੇ ਤਾਰ

ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਵਿਜੀਲੈਂਸ ਦੇ ਹੈੱਡਕੁਆਰਟਰ 'ਤੇ CBI ਦੀ ਰੇਡ ਰਿਸ਼ਵਤ ਦੇ ਕੇਸ ਦੀ ਜਾਂਚ ਨੂੰ ਲੈ ਕੇ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਕਿਸੇ ਸੀਨੀਅਰ ਅਫਸਰ ਨਾਲ ਰਿਸ਼ਵਤ ਦੇ ਤਾਰ ਜੁੜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਕੇਸ ਨੂੰ ਨਿਪਟਾਉਣ ਦੇ ਬਦਲੇ ਅਧਿਕਾਰੀ ਦੇ ਰੀਡਰ ਰਾਹੀਂ ਕਰੀਬ 20 ਲੱਖ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ, ਜਿਸ ਲਈ ਵਿਚੋਲੇ ਰਾਹੀਂ ਡੀਲ ਹੋ ਚੁੱਕੀ ਸੀ। ਸੀਬੀਆਈ ਨੇ ਇਨਪੁਟ ਮਿਲਣ ਤੋਂ ਬਾਅਦ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਅਤੇ ਵਿਜੀਲੈਂਸ 'ਤੇ ਛਾਪਾ ਮਾਰਿਆ। ਹਾਲਾਂਕਿ, ਇਸ ਪੂਰੀ ਕਾਰਵਾਈ ਬਾਰੇ ਸਪੱਸ਼ਟ ਜਾਣਕਾਰੀ ਸੀਬੀਆਈ ਵੱਲੋਂ ਜਾਰੀ ਅਧਿਕਾਰਤ ਬਿਆਨ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।

ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ CBI ਦੀ ਐਂਟਰੀ

ਕੈਬਨਿਟ ਮੰਤਰੀ ਸੰਜੀਵ ਅਰੋੜਾ 'ਤੇ ED ਦੀ ਛਾਪੇਮਾਰੀ ਅਤੇ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਹੁਣ ਪੰਜਾਬ ਵਿੱਚ CBI ਦੀ ਐਂਟਰੀ ਹੋਈ ਹੈ ਅਤੇ ਉਹ ਵੀ ਸਿੱਧਾ ਪੰਜਾਬ ਵਿਜੀਲੈਂਸ ਦੇ ਹੈੱਡਕੁਆਰਟਰ 'ਤੇ। CBI ਦੇ ਇਸ ਐਕਸ਼ਨ ਨਾਲ ਪੰਜਾਬ ਦੀ ਰਾਜਨੀਤੀ ਦੇ ਨਾਲ-ਨਾਲ ਅਫ਼ਸਰਸ਼ਾਹੀ ਵਿੱਚ ਵੀ ਹੜਕੰਪ ਮਚ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ CBI ਦਾ ਐਕਸ਼ਨ ਪੰਜਾਬ ਵਿੱਚ ਹੋਰ ਅੱਗੇ ਵਧ ਸਕਦਾ ਹੈ ਅਤੇ ਕਈ ਹੋਰ ਅਧਿਕਾਰੀ ਤੇ ਨੇਤਾ ਵੀ ਰਡਾਰ 'ਤੇ ਆ ਸਕਦੇ ਹਨ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦਾ ਕਹਿਣਾ ਹੈ ਕਿ ਭਾਜਪਾ ਦੀ ਸਾਜ਼ਿਸ਼ ਤਹਿਤ ED ਅਤੇ CBI ਦੀ ਕਾਰਵਾਈ ਕੀਤੀ ਜਾ ਰਹੀ ਹੈ।

ਵਿਜੀਲੈਂਸ 'ਤੇ ਰੇਡ, ਸਾਖ 'ਤੇ ਸਵਾਲ

ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (CBI) ਜਿੱਥੇ ਕੇਂਦਰ ਦੀ ਇੱਕ ਜਾਂਚ ਏਜੰਸੀ ਹੈ ਅਤੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੀ ਹੈ, ਉੱਥੇ ਹੀ ਵਿਜੀਲੈਂਸ ਵੀ ਰਾਜ ਦੀ ਇੱਕ ਵਿਸ਼ੇਸ਼ ਜਾਂਚ ਸੰਸਥਾ ਹੈ ਜੋ ਭ੍ਰਿਸ਼ਟਾਚਾਰ ਖ਼ਿਲਾਫ਼ ਐਕਸ਼ਨ ਲੈਂਦੀ ਹੈ। ਅਜਿਹੇ ਵਿੱਚ CBI ਦੀ ਵਿਜੀਲੈਂਸ 'ਤੇ ਰੇਡ ਉਸ ਦੀ ਸਾਖ 'ਤੇ ਸਵਾਲ ਖੜ੍ਹੇ ਕਰਦੀ ਹੈ। ਪਰ ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਵਿਜੀਲੈਂਸ ਵਿੱਚ ਹੀ ਭ੍ਰਿਸ਼ਟਾਚਾਰ ਹੋ ਰਿਹਾ ਹੈ, ਤਾਂ ਲੋਕਾਂ ਦਾ ਵਿਸ਼ਵਾਸ ਵੀ ਵਿਜੀਲੈਂਸ ਤੋਂ ਉੱਠ ਜਾਵੇਗਾ।


Comment As:

Comment (0)