ਸ੍ਰੀ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦਾ ਪਿੰਡ ‘ਪੱਠੇਵਿੰਡ ਪੁਰ’
ਸ੍ਰੀ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦਾ ਪਿੰਡ ‘ਪੱਠੇਵਿੰਡ ਪੁਰ’
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ‘ਲੋਹਾਰ’ ਦੇ ਰਕਬੇ ਵਿੱਚ ਉੱਤਰ ਵੱਲ ਅਤੇ ਪਿੰਡ ‘ਜਾਮਾਰਾਏ’ ਤੋਂ ਡੇਢ ਮੀਲ ਦੇ ਕਰੀਬ ਪੱਛਮ ਵੱਲ ਸ੍ਰੀ ਨਾਨਕ ਸਾਹਿਬ ਦਾ ਪਾਵਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਪੱਠੇਵਿੰਡ ਪੁਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੇ ਪੁਰਖੇ ਇਸ ਪਿੰਡ ਪੱਠੇਵਿੰਡ ਪੁਰ ਦੇ ਵਸਨੀਕ ਸਨ। ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ ਸੀ ਅਤੇ ਗੁਰੂ ਨਾਨਕ ਸਾਹਿਬ ਵੀ ਆਪਣੇ ਪੁਰਖਿਆਂ ਦੇ ਪਿੰਡ ਵਿੱਚ ਆਏ ਸਨ।
ਭਾਈ ਕਾਹਨ ਸਿੰਘ ਨਾਭਾ ਆਪਣੇ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਪਹਿਲਾਂ ਇਸ ਪਿੰਡ ਦਾ ਨਾਉਂ ‘ਪੱਠੇਵਿੰਡ’ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਇੱਥੋਂ ਦੇ ਵਸਨੀਕ ਸਨ ਅਤੇ ਰਾਇ-ਭੋਇ ਦੀ ਤਲਵੰਡੀ ਵਿਖੇ ਮੁਲਾਜ਼ਮਤ ਹੋਣ ਕਰਕੇ ਰਹਿੰਦੇ ਸਨ।
ਕਹਿੰਦੇ ਹਨ ਕਿ ਰਾਇ ਭੋਇ, ਜਾਮਾਰਾਇ ਪਿੰਡ (ਜ਼ਿਲ੍ਹਾ ਤਰਨ ਤਾਰਨ ਦਾ ਪਿੰਡ) ਦਾ ਹਿੰਦੂ ਰਜਵਾੜਾ ਸੀ ਜਿਸਨੂੰ ਮੁਸਲਿਮ ਧਰਮ ਅਪਨਾਉਣ ਤੇ ਲੋਧੀਆਂ ਨੇ ਕਾਲੀ ਬਾਰ ਵਿਚ 40,000 ਏਕੜ ਜ਼ਮੀਨ ਅਲਾਟ ਕੀਤੀ ਸੀ, ਜਿਸ ਉਪਰ ਉਸਨੇ ਤਲਵੰਡੀ ਰਾਇ ਭੋਇ ਵਸਾਈ। ਜ਼ਮੀਨ ਦੇ ਬੰਦੋਬਸਤ ਲਈ ਉਹ ਅਪਣੇ ਲਾਗਲੇ ਪਿੰਡ ਪੱਠੇਵਿੰਡ (ਲੋਹਾਰ) ਤੋਂ ਗੁਰੂ ਨਾਨਕ ਸਾਹਿਬ ਦੇ ਦਾਦਾ ਸ਼ਿਵ ਰਾਮ ਜੀ ਨੂੰ ਨਾਲ ਲੈ ਗਿਆ, ਜਿਸ ਨੇ ਸਾਰੇ ਪਿੰਡ ਦੀ ਜ਼ਮੀਨ ਦਾ ਪ੍ਰਬੰਧ ਬਖੂਬੀ ਕੀਤਾ। ਅਗੋਂ ਰਾਇ ਭੋਇ ਦੇ ਪੁੱਤਰ ਰਾਏ ਬੁਲਾਰ ਨੇ ਵੀ ਸ਼ਿਵ ਰਾਮ ਦੇ ਪੁੱਤਰ ਮਹਿਤਾ ਕਲਿਆਣ ਦਾਸ ਨੂੰ ਜ਼ਮੀਨੀ ਪ੍ਰਬੰਧ ਦੀ ਜ਼ਿਮੇਵਾਰੀ ਸੌਂਪੀ ਜੋ ਉਹ ਤਨਦੇਹੀ ਨਾਲ ਨਿਭਾ ਰਿਹਾ ਸੀ ਤੇ ਦੋਹਾਂ ਪਰਿਵਾਰਾਂ ਵਿਚ ਇਕ ਡੂੰਘੀ ਸਾਂਝ ਪੈ ਗਈ।
ਰਾਇ ਭੋਇ ਕੀ ਤਲਵੰਡੀ ਵਿਖੇ ਸੰਨ 1469 ਨੂੰ ਸ੍ਰੀ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਅਤੇ ਨਾਨਕ ਸਾਹਿਬ ਦੇ ਆਉਣ ਨਾਲ ਇਸ ਨਗਰ ਦਾ ਨਾਲ ਤਲਵੰਡੀ ਰਾਇ-ਭੋਇ ਤੋਂ ਨਨਕਾਣਾ ਸਾਹਿਬ ਹੋ ਗਿਆ। ਨਾਨਕ ਤੇ ਨਨਕਾਣਾ ਰੂਹਾਨੀਅਤ ਦੇ ਕੇਂਦਰ ਬਣ ਗਏ। 1947 ਦੀ ਵੰਡ ਨੇ ਸਿੱਖਾਂ ਕੋਲੋਂ ਉਨ੍ਹਾਂ ਦਾ ਸਭ ਤੋਂ ਪਿਆਰਾ ਮਰਕਜ਼ੀ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਛੋੜ ਦਿੱਤਾ ਗਿਆ ਅਤੇ ਅੱਜ ਵੀ ਹਰ ਸਿੱਖ ਰੋਜ਼ਾਨਾਂ ਅਰਦਾਸ ਵਿੱਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਹੋਰ ਵਿੱਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਮੰਗ ਕਰਦਾ ਹੈ।
ਖੈਰ ਵਾਪਸ ਗੱਲ ਸ੍ਰੀ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦੇ ਪਿੰਡ ਪੱਠੇਵਿੰਡ ਪੁਰ ਦੀ ਕਰਦੇ ਹਾਂ। ਗੁਰੂ ਕਾਲ ਦੌਰਾਨ ਇਹ ਪਿੰਡ ਉੱਜੜ ਗਿਆ ਸੀ ਅਤੇ ਇੱਥੇ ਸਿਰਫ ਇੱਕ ਉੱਚਾ ਥੇਹ ਅਤੇ ਪੁਰਾਤਨ ਖੂਹ ਹੀ ਰਹਿ ਗਏ ਸਨ। ਸਮਾਂ ਬੀਤਿਆ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦੇ ਪਿੰਡ ਆਏ। ਉਨ੍ਹਾਂ ਨੇ ਇਸ ਪਿੰਡ ਵਿੱਚ ਗੁਰੂ ਸਾਹਿਬ ਦੇ ਪੁਰਖਿਆਂ ਦੇ ਘਰ ਦੀ ਨਿਸ਼ਾਨਦੇਹੀ ਕਰਕੇ ਉਥੇ ਧਰਮਸਾਲ ਥਾਪ ਦਿੱਤੀ, ਜੋ ਬਾਅਦ ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਣ ਲੱਗੀ। ਇੱਥੇ ਹੀ ਇੱਕ ਪੁਰਾਤਨ ਖੂਹ ਅੱਜ ਵੀ ਮੌਜੂਦ ਹੈ ਜੋ ਮੰਨਿਆ ਜਾਂਦਾ ਹੈ ਕਿ ਕਿ ਗੁਰੂ ਸਾਹਿਬ ਦੇ ਪੁਰਖਿਆਂ ਦਾ ਸੀ।
ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦੇ ਪਿੰਡ ਬਾਰੇ ਲਿਖਦੇ ਹਨ ਕਿ :
ਇਹ ਸ੍ਰੀ ਨਾਨਕ ਕੋ ਇਸਥਾਨੇ,
ਪਠੇਵਿੰਡ ਪੁਰ ਨਾਮ ਕਹੰਤੇ,
ਖੱਤਰੀ ਬੇਦੀ ਬ੍ਰਿਧ ਬਸੰਤੇ।
ਸੰਗ ਹੁਤੇ ਬਾਲੇ ਮਰਦਾਨਾ,
ਸ਼੍ਰੀ ਨਾਨਕ ਆਏ ਇਸਥਾਨਾ।
ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਮੌਜੂਦਾ ਇਮਾਰਤ ਦੀ ਕਾਰ ਸੇਵਾ ਬਾਬਾ ਗੁਰਮੁੱਖ ਸਿੰਘ ਰਾਹੀਂ ਸੰਨ 1947 ਵਿੱਚ ਸ਼ੁਰੂ ਹੋਈ। ਇਸ ਸਮੇਂ ਵੀ ਬਾਬਾ ਲੱਖਾ ਸਿੰਘ ਕੋਟਾ ਵਾਲਿਆਂ ਵੱਲੋਂ ਕਾਰ ਸੇਵਾ ਜਾਰੀ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਲੋਕਲ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।
ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਪੱਠੇਵਿੰਡ ਪੁਰ (ਲੋਹਾਰ) ਦੇ ਮੁੱਖ ਸੇਵਾਦਾਰ ਭਾਈ ਨਿਰਮਲ ਸਿੰਘ ਦੱਸਦੇ ਹਨ ਕਿ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ 1 ਕੱਤਕ ਨੂੰ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਦੀਆਂ ਸੰਗਤਾਂ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ।
ਭਾਂਵੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਰਾਇ-ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਹੋਇਆ ਸੀ ਪਰ ਜ਼ਿਲ੍ਹਾ ਤਰਨ ਤਾਰਨ ਦਾ ਪਿੰਡ ਪੱਠੇਵਿੰਡ ਪੁਰ (ਲੋਹਾਰ) ਗੁਰੂ ਸਾਹਿਬ ਦੇ ਪੁਰਖਿਆਂ ਦਾ ਜੱਦੀ ਪਿੰਡ ਹੋਣ ਕਾਰਨ ਬਹੁਤ ਖਾਸ ਹੈ। ਜ਼ਿਲ੍ਹਾ ਤਰਨ ਤਾਰਨ ਜਿੱਥੇ ਆਪਣੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਲਈ ਪ੍ਰਸਿੱਧ ਹੈ ਓਥੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦਾ ਜੱਦੀ ਪਿੰਡ ਵੀ ਇਸ ਜ਼ਿਲ੍ਹੇ ਵਿੱਚ ਹੋਣਾ ਇਸ ਨੂੰ ਹੋਰ ਵੀ ਖਾਸ ਬਣਾ ਦਿੰਦਾ ਹੈ।
- ਇੰਦਰਜੀਤ ਸਿੰਘ ਬਾਜਵਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਤਰਨ ਤਾਰਨ।
98155-77574