Raghav Chadha vs Bhagwant Mann: Crucial Meetings with President Today
ਆਮ ਆਦਮੀ ਪਾਰਟੀ ਦੇ ਛੇ ਰਾਜ ਸਭਾ ਮੈਂਬਰਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਰਾਘਵ ਚੱਢਾ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਚੱਢਾ ਨੇ ਰਾਸ਼ਟਰਪਤੀ ਤੋਂ ਮਿਲਣ ਲਈ ਸਮਾਂ ਮੰਗਿਆ ਸੀ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਮੰਗਲਵਾਰ ਸਵੇਰੇ 10:40 ਵਜੇ ਦਾ ਸਮਾਂ ਦਿੱਤਾ ਹੈ।
ਰਾਘਵ ਚੱਢਾ ਦੇ ਨਾਲ ਦੋ ਹੋਰ ਰਾਜ ਸਭਾ ਮੈਂਬਰ ਵੀ ਰਾਸ਼ਟਰਪਤੀ ਨੂੰ ਮਿਲਣਗੇ। ਖ਼ਾਸ ਗੱਲ ਇਹ ਹੈ ਕਿ ਇਸੇ ਦਿਨ ਦੁਪਹਿਰ 12 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਵਾਲੇ ਹਨ। ਪਤਾ ਲੱਗਾ ਹੈ ਕਿ ਰਾਘਵ ਚੱਢਾ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣੂ ਕਰਵਾਉਣਗੇ।
ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਨੂੰ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਪਹਿਲਾਂ ਹੀ 1 ਮਈ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕਹਿ ਚੁੱਕੇ ਹਨ ਕਿ ਉਹ ਰਾਸ਼ਟਰਪਤੀ ਨੂੰ ਮਿਲ ਕੇ ਦਲ-ਬਦਲੀ ਕਾਨੂੰਨ (Anti-Defection Law) ਵਿੱਚ ਸੋਧ ਦੀ ਮੰਗ ਕਰਨਗੇ।
ਇਸ ਦੇ ਨਾਲ ਹੀ ਉਹ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ 'ਭਰੋਸੇ ਦੇ ਮਤੇ' ਬਾਰੇ ਵੀ ਜਾਣਕਾਰੀ ਦੇਣਗੇ। ਮਾਨ ਨੇ ਕਿਹਾ ਸੀ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣੇਗਾ ਜੋ ਦਲ-ਬਦਲੀ ਕਾਨੂੰਨ ਵਿੱਚ ਤਬਦੀਲੀ ਦੀ ਮੰਗ ਕਰੇਗਾ।