Punjab Anti-Drugs Campaign: Women Leading the Fight Against Substance Abuse
ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਔਰਤਾਂ ਉਮੀਦ ਅਤੇ ਬਦਲਾਅ ਦੀਆਂ ਸਭ ਤੋਂ ਵੱਡੀਆਂ ਵਾਹਕ ਬਣ ਕੇ ਉੱਭਰ ਰਹੀਆਂ ਹਨ। ਹਾਲ ਹੀ ਵਿੱਚ ਮੋਗਾ ਵਿਖੇ ਆਯੋਜਿਤ ਇੱਕ ਜਾਗਰੂਕਤਾ ਪ੍ਰੋਗਰਾਮ ਨੇ ਪੂਰੇ ਪੰਜਾਬ ਵਿੱਚ ਗੂੰਜ ਰਹੇ ਇੱਕ ਮਹੱਤਵਪੂਰਨ ਸੰਦੇਸ਼ ਨੂੰ ਸਾਹਮਣੇ ਰੱਖਿਆ ਕਿ ਮਾਵਾਂ, ਪਤਨੀਆਂ, ਭੈਣਾਂ ਅਤੇ ਪਰਿਵਾਰ ਦੀਆਂ ਹੋਰ ਔਰਤਾਂ ਆਪਣੇ ਕਰੀਬੀਆਂ ਨੂੰ ਇਲਾਜ ਅਤੇ ਆਮ ਜ਼ਿੰਦਗੀ ਵਿੱਚ ਵਾਪਸੀ ਲਈ ਪ੍ਰੇਰਿਤ ਕਰਕੇ ਨਸ਼ਿਆਂ ਖ਼ਿਲਾਫ਼ ਇਸ ਲੜਾਈ ਦੀ ਅਗਵਾਈ ਕਰ ਰਹੀਆਂ ਹਨ।
ਜਦੋਂ ਕੋਈ ਪਰਿਵਾਰ ਨਸ਼ੇ ਦੀ ਲਪੇਟ ਵਿੱਚ ਆਉਂਦਾ ਹੈ, ਤਾਂ ਉਸਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਔਰਤਾਂ ਅਤੇ ਬੱਚਿਆਂ ਨੂੰ ਝੱਲਣਾ ਪੈਂਦਾ ਹੈ। ਆਰਥਿਕ ਅਤੇ ਮਾਨਸਿਕ ਪਰੇਸ਼ਾਨੀਆਂ ਤੋਂ ਲੈ ਕੇ ਘਰੇਲੂ ਹਿੰਸਾ ਦੇ ਵਧਦੇ ਖ਼ਤਰੇ ਤੱਕ, ਨਸ਼ਾ ਪਰਿਵਾਰਾਂ ਨੂੰ ਅੰਦਰੋਂ ਤਬਾਹ ਕਰ ਦਿੰਦਾ ਹੈ। ਪਰ ਹੁਣ ਪੰਜਾਬ ਵਿੱਚ ਪਰਿਵਾਰ ਨਸ਼ੇ ਨੂੰ ਇੱਕ ਬਿਮਾਰੀ ਵਜੋਂ ਸਵੀਕਾਰ ਕਰ ਰਹੇ ਹਨ, ਆਪਣੇ ਕਰੀਬੀਆਂ ਨੂੰ ਇਲਾਜ ਲਈ ਪ੍ਰੇਰਿਤ ਕਰ ਰਹੇ ਹਨ, ਉਨ੍ਹਾਂ ਦੇ ਸਿਹਤਮੰਦ ਹੋਣ ਦੀ ਪ੍ਰਕਿਰਿਆ ਵਿੱਚ ਸਾਥ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਨਸ਼ੇ ਦੀ ਗ੍ਰਿਫ਼ਤ ਵਿੱਚ ਜਾਣ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਨਸ਼ੇ ਤੋਂ ਮੁਕਤੀ ਦੀ ਇਸ ਪ੍ਰਕਿਰਿਆ ਵਿੱਚ ਔਰਤਾਂ ਪ੍ਰੇਰਕ, ਦੇਖਭਾਲ ਕਰਨ ਵਾਲੀ ਅਤੇ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦੇ ਹੋਏ ਸਭ ਤੋਂ ਵੱਡੀ ਸ਼ਕਤੀ ਬਣ ਕੇ ਸਾਹਮਣੇ ਆ ਰਹੀਆਂ ਹਨ। ਇੰਨਾ ਹੀ ਨਹੀਂ, ਉਹ ਆਪਣੇ ਆਸ-ਪਾਸ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਨਸ਼ਾ ਮੁਕਤੀ ਇਲਾਜ ਲਈ ਪ੍ਰੇਰਿਤ ਕਰ ਰਹੀਆਂ ਹਨ, ਤਾਂ ਜੋ ਉਹ ਵੀ ਸਨਮਾਨਜਨਕ ਜ਼ਿੰਦਗੀ ਵੱਲ ਪਰਤ ਸਕਣ।
ਇਨ੍ਹਾਂ ਤਜ਼ਰਬਿਆਂ ਅਤੇ ਪ੍ਰੇਰਨਾਦਾਇਕ ਕਹਾਣੀਆਂ ਦੀ ਗੂੰਜ ਐਸ.ਐਫ.ਸੀ. (SFC) ਕਾਲਜ, ਜਲਾਲਾਬਾਦ ਵਿਖੇ ਆਯੋਜਿਤ “ਮੇਨੇਸ ਆਫ਼ ਸਬਸਟਾਂਸ ਅਬਿਊਜ਼- ਅਨਕਵਰਿੰਗ ਦ ਬਰਡਨ ਆਨ ਵੂਮੈਨ” (ਨਸ਼ੀਲੇ ਪਦਾਰਥਾਂ ਦਾ ਮਾੜਾ ਪ੍ਰਭਾਵ—ਔਰਤਾਂ 'ਤੇ ਪੈਣ ਵਾਲੇ ਬੋਝ ਨੂੰ ਸਮਝਣਾ) ਵਿਸ਼ੇ ਵਾਲੇ ਪ੍ਰੋਗਰਾਮ ਵਿੱਚ ਸੁਣਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਨਸ਼ੇ ਤੋਂ ਉੱਭਰ ਚੁੱਕੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਸਾਹਸ, ਧੀਰਜ ਅਤੇ ਦ੍ਰਿੜ ਸੰਕਲਪ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੇ ਦੀ ਹਨੇਰੀ ਦੁਨੀਆ ਵਿੱਚੋਂ ਕੱਢ ਕੇ ਸਨਮਾਨਪੂਰਨ ਜ਼ਿੰਦਗੀ ਵੱਲ ਮੋੜਿਆ।
ਲੁਧਿਆਣਾ ਦੀ ਰਾਗਿਨੀ ਕੌਰ ਨੇ ਦੱਸਿਆ: “ਮੇਰੇ ਪਤੀ ਵਿਆਹ ਤੋਂ ਪਹਿਲਾਂ ਹੀ ਨਸ਼ੇ ਦੇ ਆਦੀ ਸਨ, ਪਰ ਮੈਨੂੰ ਇਸ ਦਾ ਪਤਾ ਵਿਆਹ ਤੋਂ ਬਾਅਦ ਇਕੱਠੇ ਰਹਿਣ 'ਤੇ ਲੱਗਿਆ। ਅਸੀਂ ਲਗਭਗ ਉਮੀਦ ਛੱਡ ਦਿੱਤੀ ਸੀ, ਉਦੋਂ ਹੀ ਕਿਸੇ ਨੇ ਸਾਨੂੰ ਉਨ੍ਹਾਂ ਨੂੰ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਲਿਜਾਣ ਦੀ ਸਲਾਹ ਦਿੱਤੀ। ਉੱਥੇ ਇਲਾਜ ਨਾਲ ਉਨ੍ਹਾਂ ਨੂੰ ਬਹੁਤ ਲਾਭ ਹੋਇਆ। ਅੱਜ ਉਹ ਪੂਰੀ ਤਰ੍ਹਾਂ ਨਸ਼ਾਮੁਕਤ ਹਨ। ਮੇਰੇ ਪਤੀ ਦੇ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਤੋਂ ਬਾਅਦ ਅਸੀਂ ਆਪਣੇ ਮਾਮੇ ਦੇ ਬੇਟੇ ਨੂੰ ਵੀ ਉਸੇ ਕੇਂਦਰ ਵਿੱਚ ਇਲਾਜ ਲਈ ਭੇਜਿਆ ਅਤੇ ਉਹ ਵੀ ਸਫਲਤਾਪੂਰਵਕ ਨਸ਼ੇ ਤੋਂ ਬਾਹਰ ਆ ਗਿਆ।”
ਮੋਗਾ ਦੇ ਪਿੰਡ ਬੁੱਟਰ ਕਲਾਂ ਦੀ ਬਲਵਿੰਦਰ ਕੌਰ ਨੇ ਕਿਹਾ: “ਨਸ਼ੇ ਨੇ ਸਾਡੇ ਪਰਿਵਾਰ ਨੂੰ ਮਾਨਸਿਕ ਅਤੇ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਤੋੜ ਦਿੱਤਾ ਸੀ। ਕਾਊਂਸਲਿੰਗ ਦੌਰਾਨ ਸਾਨੂੰ ਸਮਝਾਇਆ ਗਿਆ ਕਿ ਨਸ਼ੇ ਤੋਂ ਮੁਕਤੀ ਇੱਕ ਅਜਿਹਾ ਸਫ਼ਰ ਹੈ, ਜਿਸ ਵਿੱਚ ਪੂਰੇ ਪਰਿਵਾਰ ਦੀ ਭੂਮਿਕਾ ਹੁੰਦੀ ਹੈ। ਮੈਂ ਆਪਣੇ ਪਤੀ ਨੂੰ ਨਸ਼ਾ ਮੁਕਤੀ ਕੇਂਦਰ ਲੈ ਕੇ ਗਈ। ਅੱਜ ਉਹ ਪੂਰੀ ਤਰ੍ਹਾਂ ਨਸ਼ਾਮੁਕਤ ਹਨ। ਇੰਨਾ ਹੀ ਨਹੀਂ, ਸਾਡੇ ਗੁਆਂਢ ਦਾ ਇੱਕ ਨੌਜਵਾਨ, ਜੋ ਹੈਰੋਇਨ ਦਾ ਆਦੀ ਸੀ, ਉਹ ਵੀ ਸਫਲਤਾਪੂਰਵਕ ਨਸ਼ੇ ਤੋਂ ਬਾਹਰ ਆ ਚੁੱਕਾ ਹੈ।”
ਨਸ਼ੇ ਵਿਰੁੱਧ ਅਜਿਹੀਆਂ ਪ੍ਰੇਰਨਾਦਾਇਕ ਸਫਲਤਾਵਾਂ ਇਸ ਗੱਲ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਕਿ ਪੰਜਾਬ ਦੀ ਨਸ਼ਾ ਮੁਕਤੀ ਰਣਨੀਤੀ ਵਿੱਚ ਪਰਿਵਾਰਾਂ, ਖਾਸ ਕਰਕੇ ਔਰਤਾਂ, ਨੂੰ ਕੇਂਦਰ ਵਿੱਚ ਰੱਖਣਾ ਕਿੰਨਾ ਜ਼ਰੂਰੀ ਹੈ। ਨਸ਼ੇ ਖ਼ਿਲਾਫ਼ ਔਰਤਾਂ ਦੀ ਇਸ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਹਰੇਕ ਮਰੀਜ਼ ਦੇ ਇਲਾਜ ਦੀ ਪ੍ਰਕਿਰਿਆ ਵਿੱਚ ਪਾਰਿਵਾਰਿਕ ਕਾਊਂਸਲਿੰਗ ਨੂੰ ਇੱਕ ਲਾਜ਼ਮੀ ਹਿੱਸਾ ਬਣਾਇਆ ਜਾਵੇ।
ਲੁਧਿਆਣਾ ਦੇ ਜ਼ਿਲ੍ਹਾ ਨੋਡਲ ਮਨੋਵਿਗਿਆਨੀ ਡਾ. ਅਰਵਿੰਦ ਗੋਇਲ ਨੇ ਸਮਰਥਨ ਕਰਦਿਆਂ ਕਿਹਾ: “ਨਸ਼ੀਲੇ ਪਦਾਰਥਾਂ ਦੀ ਲਤ ਤੋਂ ਮੁਕਤੀ ਸਭ ਤੋਂ ਵੱਧ ਸਫਲ ਉਦੋਂ ਹੁੰਦੀ ਹੈ, ਜਦੋਂ ਇਲਾਜ ਦੇ ਨਾਲ ਪਰਿਵਾਰ ਦਾ ਮਜ਼ਬੂਤ ਸਹਿਯੋਗ ਵੀ ਮਿਲੇ। ਸੂਬਾ ਸਰਕਾਰ ਨੇ ਜਿੱਥੇ ਪੂਰੇ ਪੰਜਾਬ ਵਿੱਚ ਮੁਫ਼ਤ ਇਲਾਜ, ਸਲਾਹ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ, ਉੱਥੇ ਹੀ ਪਰਿਵਾਰ ਦੇ ਮੈਂਬਰਾਂ ਦੀ ਭਾਗੀਦਾਰੀ ਵੀ ਉਨੀ ਹੀ ਮਹੱਤਵਪੂਰਨ ਹੈ। ਪਰਿਵਾਰ ਭਾਵਨਾਤਮਕ ਸਹਾਰਾ ਦਿੰਦਾ ਹੈ, ਇਲਾਜ ਨੂੰ ਨਿਯਮਤ ਤੌਰ 'ਤੇ ਜਾਰੀ ਰੱਖਣ ਲਈ ਪ੍ਰੇਰਿਤ ਕਰਦਾ ਹੈ, ਔਖੇ ਹਾਲਾਤਾਂ ਤੋਂ ਉੱਭਰਨ ਵਿੱਚ ਮਦਦ ਕਰਦਾ ਹੈ ਅਤੇ ਅਜਿਹਾ ਮਾਹੌਲ ਤਿਆਰ ਕਰਦਾ ਹੈ, ਜਿਸ ਨਾਲ ਵਿਅਕਤੀ ਲੰਬੇ ਸਮੇਂ ਤੱਕ ਨਸ਼ਾਮੁਕਤ ਜੀਵਨ ਜੀਅ ਸਕੇ। ਅਨੇਕਾਂ ਮਾਮਲਿਆਂ ਵਿੱਚ ਅਸੀਂ ਦੇਖਿਆ ਹੈ ਕਿ ਮਾਵਾਂ, ਪਤਨੀਆਂ ਅਤੇ ਭੈਣਾਂ ਲੋਕਾਂ ਨੂੰ ਨਸ਼ਾਮੁਕਤੀ ਦੇ ਰਾਹ 'ਤੇ ਬਣਾਈ ਰੱਖਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਂਦੀਆਂ ਹਨ। ਨਸ਼ਾਮੁਕਤੀ ਇੱਕ ਸਮੂਹਿਕ ਯਤਨ ਹੈ, ਜਿਸ ਵਿੱਚ ਪਰਿਵਾਰ ਜ਼ਿੰਦਗੀ ਨੂੰ ਦੁਬਾਰਾ ਸੰਵਾਰਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਹਾਇਕ ਸਾਬਤ ਹੁੰਦਾ ਹੈ।”
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ: “ਹਰ ਸਫਲ ਨਸ਼ਾ ਮੁਕਤੀ ਦੇ ਪਿੱਛੇ ਇੱਕ ਪਰਿਵਾਰ, ਇੱਕ ਭਾਈਚਾਰਾ ਅਤੇ ਅਜਿਹੀ ਸਰਕਾਰੀ ਵਿਵਸਥਾ ਹੁੰਦੀ ਹੈ, ਜੋ ਉਮੀਦ ਅਤੇ ਸੰਵੇਦਨਸ਼ੀਲਤਾ ਨੂੰ ਪਹਿਲ ਦਿੰਦੀ ਹੈ। ਮਾਵਾਂ, ਪਤਨੀਆਂ ਅਤੇ ਭੈਣਾਂ ਸਿਹਤਮੰਦ, ਨਸ਼ਾਮੁਕਤ ਅਤੇ ਰੰਗਲੇ ਪੰਜਾਬ ਦੀ ਦਿਸ਼ਾ ਵਿੱਚ ਬਦਲਾਅ ਦੀਆਂ ਮਸ਼ਾਲ ਬਰਦਾਰ ਬਣ ਰਹੀਆਂ ਹਨ। ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਭ ਤੋਂ ਵੱਡੀ ਸਫਲਤਾ ਇਹੀ ਹੈ ਕਿ ਇਸ ਨੇ ਨਸ਼ੇ ਖ਼ਿਲਾਫ਼ ਲੜਾਈ ਨੂੰ ਜਨ-ਅੰਦੋਲਨ ਦਾ ਰੂਪ ਦਿੱਤਾ ਹੈ ਅਤੇ ਅਸੀਂ ਇਸ ਬਦਲਾਅ ਦੀ ਅਗਵਾਈ ਕਰ ਰਹੀਆਂ ਔਰਤਾਂ ਦੀ ਆਵਾਜ਼ ਨੂੰ ਅੱਗੇ ਵੀ ਕੇਂਦਰ ਵਿੱਚ ਰੱਖਦੇ ਰਹਾਂਗੇ।”