ਪੰਜਵੇਂ ਹਰੇ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਰੀ ਹਾਜ਼ਰੀ
ਪੰਜਵੇਂ ਹਰੇ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਰੀ ਹਾਜ਼ਰੀ
ਪਵਿੱਤਰ ਵੇਈਂ ਦੇ ਮੁੱਢ ਸਰੋਤ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਗਾਲੋਵਾਲ ਨਿਰਮਲ ਕੁਟੀਆ ਪਹੁੰਚਿਆ
ਵੇਈਂ ਕਿਨਾਰੇ ਸੜਕ ਬਚਾਉਣ ਦੀ ਤਜ਼ਵੀਜ ਸਰਕਾਰ ਨੂੰ ਭੇਜੀ-ਘੁੰਮਣ
ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਵੇਂ ਗੁਰੁ ਘਰ ਦਾ ਰੱਖਿਆ ਗਿਆ ਨੀਂਹ ਪੱਥਰ
ਦਸੂਹਾ, 09 ਨਵੰਬਰ
ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਹਰਾ ਨਗਰ ਕੀਰਤਨ ਪਵਿੱਤਰ ਵੇਈਂ ਦੇ ਮੁੱਢ ਸਰੋਤ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋੋਇਆ ਨਿਰਮਲ ਕੁਟੀਆ ਗਾਲੋਵਾਲ ਆ ਕੇ ਸੰਪਨ ਹੋਇਆ। ਇੱਥੇ ਪਹੁੰਚਣ ਉਪਰੰਤ ਪੰਜਾਂ ਪਿਆਰਿਆ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ‘ਚ ਨਵੇਂ ਬਣਨ ਵਾਲੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਇਸ ਨਗਰ ਕੀਤਰਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਦਸੂਹਾ ਹਲਕੇ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਸੰਗਤਾਂ ਨੂੰ ਦੱਸਿਆ ਕਿ ਵੇਈਂ ਕਿਨਾਰੇ ਸੜਕ ਬਣਾਉਣ ਦੀ ਤਜ਼ਵੀਜ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ।
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਨਗਰ ਕੀਰਤਨ ਦੌਰਾਨ ਵੱਡੀ ਪੱਧਰ ‘ਤੇ ਬੂਟਿਆਂ ਦਾ ਪ੍ਰਸ਼ਾਦ ਵੰਡਿਆ। ਸਾਰੇ ਨਗਰ ਕੀਰਤਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਜਿੱਥੇ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਫਲਸਫੇ ਤੋਂ ਜਾਣੂ ਕਰਵਾਇਆ ਉਥੇ ਉਨ੍ਹਾਂ ਨੇ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਸਰੱਬਤ ਦੇ ਭਲੇ ਦੀ ਅਰਦਾਸ ਕੀਤੀ।
ਨਗਰ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਅੱਗੇ ਸੰਤ ਸੀਚੇਵਾਲ ਜੀ ਵੱਲੋਂ ਕੀਤੀ ਜਾਣ ਵਾਲੀ ਅਰਦਾਸ ਵਿੱਚ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਜਾਂਦਾ ਹੈ। ਇਸੇ ਅਰਦਾਸ ਦੌਰਾਨ ਸੰਤ ਸੀਚੇਵਾਲ ਆਖਦੇ ਹਨ ਸਰਕਾਰਾਂ ਨੂੰ ਸੁਮੱਤ ਬਖ਼ਸ਼ੋ, ਸਿਸਟਮ ਨੂੰ ਰਾਹੇ ਪਾਉ ਦਾਵਨੀ ਤਾਕਤਾਂ ਨੂੰ ਆਪ ਨੱਥੋਂ, ਲੋਕਾਈ ਨੂੰ ਸੋਜੀ ਬਖਸ਼ੋਂ, ਹਵਾ, ਪਾਣੀ ਤੇ ਧਰਤੀ ਆਉਣ ਵਾਲੀਆਂ ਪੀੜੀਆ ਵਰਤਣ ਯੋਗ ਰਹਿ ਸਕੇ। ਬੁੱਢੇ ਦਰਿਆ ਦੀ ਕਾਰ ਸੇਵਾ ਦਾ ਵੀ ਉਚੇਚਾ ਜ਼ਿਕਰ ਅਰਦਾਸ ਵਿੱਚ ਕੀਤਾ ਗਿਆ ਅਤੇ ਹਾਲ ਵਿੱਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਚੱਲ ਰਹੀ ਸੇਵਾ ਨੂੰ ਅਰਦਾਸ ਦਾ ਹਿੱਸਾ ਬਣਾਇਆ ਗਿਆ। ਸਾਰੇ ਨਗਰ ਕੀਰਤਨਾਂ ਵਿੱਚ ਕੀਤੀ ਜਾਣ ਵਾਲੀ ਅਰਦਾਸ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਇਲਾਕੇ ਦੇ ਕਿਸਾਨਾਂ ਨੇ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਵੱਲੋਂ ਪਵਿੱਤਰ ਵੇਈਂ ਦੀ ਸਫਾਈ ਕਰਵਾ ਕੇ ਇਸ ਇਲਾਕੇ ਵਿੱਚੋਂ ਸੇਮ ਖਤਮ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਪਵਿੱਤਰ ਵੇਈਂ ਦੇ ਕਿਨਾਰੇ-ਕਿਨਾਰੇ ਮੁੜ ਤੋਂ ਨਗਰ ਕੀਰਤਨ ਸ਼ੁਰੂਆਤ ਕੀਤੀ ਜਾਵੇ।
ਇਹ ਨਗਰ ਕੀਰਤਨ ਸਵੇਰੇ 8 ਵਜੇ ਪਿੰਡ ਧਨੋਆ ਦੇ ਗੁਰੂਘਰ ਤੋਂ ਸ਼ੁਰੂ ਹੋ ਕੇ ਹਿੰਮਤਪੁਰ, ਸ਼ਤਾਬਕੋਟ, ਵਧਾਈਆ, ਟੇਰਕਿਆਣਾ, ਛੁਰੀਆਂ, ਨਹਿਰ ਪੁੱਲ, ਬਰਾਰੋਵਾਲ, ਬੇਗਪੁਰ, ਭੇਖੋਵਾਲ, ਖੇਪੜਾ, ਭੋਗੀਆਂ, ਸੈਦੋਵਾਲ, ਘਈਆ, ਬੁੱਧੋਬਰਕਤ, ਛੌੜੀਆਂ, ਗਾਲੋਵਾਲ ਨਵਾਂ ਅਤੇ ਗਾਲੋਵਾਲ ਪੁਰਾਣਾ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਵੇਈਂ ਦੇ ਪਵਿੱਤਰ ਕੰਢੇ ਸਥਿਤ ਨਿਰਮਲ ਕੁਟੀਆ ਗਾਲੋਵਾਲ ਵਿਖੇ ਪਹੁੰਚ ਕੇ ਸੰਪਨ ਹੋਇਆ।