Arth Parkash : Latest Hindi News, News in Hindi
ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਲਾਗੂ ਕੀਤੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਪ੍ਰਾਜੈਕਟ ਸਬੰਧੀ ਜਾਣਕਾਰੀ ਲਈ ii ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਲਾਗੂ ਕੀਤੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਪ੍ਰਾਜੈਕਟ ਸਬੰਧੀ ਜਾਣਕਾਰੀ ਲਈ
Wednesday, 22 Nov 2023 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

 

*ਕਰਨਾਟਕਾ ਵਿਧਾਨ ਸਭਾ ਸਪੀਕਰ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਸੰਧਵਾਂ ਨਾਲ ਮੁਲਾਕਾਤ*

 

• *ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਲਾਗੂ ਕੀਤੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਪ੍ਰਾਜੈਕਟ ਸਬੰਧੀ ਜਾਣਕਾਰੀ ਲਈ*

 

• *ਪੰਜਾਬ ਵਿਧਾਨ ਸਭਾ ਸੈਸ਼ਨਾਂ ਦਾ ਸਮੁੱਚਾ ਕੰਮ ਕਾਜ ਪੂਰਨ ਤੌਰ ‘ਤੇ ਡਿਜ਼ੀਟਲ ਅਤੇ ਪੇਪਰਲੈੱਸ ਹੋਇਆ: ਸਪੀਕਰ ਕੁਲਤਾਰ ਸਿੰਘ ਸੰਧਵਾਂ*

 

ਚੰਡੀਗੜ, 22 ਨਵੰਬਰ:

 

ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਲਾਗੂ ਕੀਤੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਪ੍ਰਾਜੈਕਟ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਦੇ ਦੌਰੇ ‘ਤੇ ਆਏ ਕਰਨਾਟਕਾ ਵਿਧਾਨ ਸਭਾ ਸਪੀਕਰ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ।

 

ਇਸ ਵਫ਼ਦ ਵਿੱਚ ਕਰਨਾਟਕਾ ਵਿਧਾਨ ਸਭਾ ਸਪੀਕਰ ਸ੍ਰੀ ਯੂ.ਟੀ. ਖਾਦੇਰ ਫ਼ਰੀਦ, ਸਕੱਤਰ ਕਰਨਾਟਕਾ ਵਿਧਾਨ ਪ੍ਰੀਸ਼ਦ ਸ੍ਰੀਮਤੀ ਕੇ.ਆਰ. ਮਹਾਂਲਕਸ਼ਮੀ, ਸਕੱਤਰ ਕਰਨਾਟਕਾ ਵਿਧਾਨ ਸਭਾ ਸ੍ਰੀਮਤੀ ਐਮ.ਕੇ. ਵਿਸ਼ਾਲਕਸ਼ੀ ਤੋਂ ਇਲਾਵਾ ਕਰਨਾਟਕਾ ਸਪੀਕਰ ਦੇ ਨਿੱਜੀ ਸਕੱਤਰ ਸ੍ਰੀ ਮਹੇਸ਼ ਕਾਰਜਗੀ, ਸਲਾਹਕਾਰ ਸ੍ਰੀ ਓਮ ਪ੍ਰਕਾਸ਼ਾ, ਕਰਨਾਟਕਾ ਵਿਧਾਨ ਪ੍ਰੀਸ਼ਦ ਦੀ ਵਧੀਕ ਸਕੱਤਰ ਸ੍ਰੀਮਤੀ ਐਸ. ਨਿਰਮਲਾ, ਡਾਇਰੈਕਟਰ (ਆਈ.ਟੀ.) ਸ੍ਰੀ ਜੇ. ਈ. ਸ਼ਸ਼ੀਧਰ, ਓ.ਐਸ.ਡੀ. ਟੂ ਚੇਅਰਮੈਨ ਵਿਧਾਨ ਪ੍ਰੀਸ਼ਦ ਸ੍ਰੀਮਤੀ ਕੇ.ਡੀ. ਸ਼ੀਲਾ ਅਤੇ ਚੀਫ਼ ਐਡੀਟਰ ਆਫ਼ ਡੀਬੇਟਸ ਸ੍ਰੀ ਐਮ. ਸ਼ਸ਼ੀਕਾਂਤ ਸ਼ਾਮਲ ਹਨ।

 

ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੀਟਿੰਗ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸਪੀਕਰ ਸ. ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਮੁੱਚੇ ਕੰਮ ਕਾਜ ਨੂੰ ਕਾਗਜ਼ ਰਹਿਤ ਕਰ ਦਿੱਤਾ ਗਿਆ ਹੈ ਅਤੇ ਵਿਧਾਨ ਸਭਾ ਸੈਸ਼ਨਾਂ ਦਾ ਸਮੁੱਚਾ ਕੰਮ ਕਾਜ ਪੂਰਨ ਤੌਰ ‘ਤੇ ਡਿਜ਼ੀਟਲ ਅਤੇ ਪੇਪਰਲੈੱਸ ਤਰੀਕੇ ਨਾਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ) ਕਾਨਫਰੰਸ-ਕਮ-ਵਰਕਸ਼ਾਪ ਕਰਵਾ ਕੇ ਸਮੂਹ ਵਿਧਾਇਕਾਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਨਵੀਂ ਪ੍ਰਣਾਲੀ ਤਹਿਤ ਕੰਮ ਕਾਜ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਕੰਮਕਾਜ ਨੂੰ ਹਾਈ-ਟੈਕ ਬਣਾਉਣ ਅਤੇ ਆਧੁਨਿਕ ਤਕਨਾਲੋਜੀ ਨਾਲ ਜੋੜਨ ਲਈ ਡਿਜੀਟਲ ਵਿੰਗ ਸਥਾਪਤ ਕੀਤਾ ਗਿਆ ਹੈ। ਡਿਜੀਟਲ ਵਿੰਗ ਵਿੱਚ ਆਈ.ਟੀ. ਸੈੱਲ, ਐਨ.ਆਈ.ਸੀ. ਸੈੱਲ, ਹਾਈ ਟੈੱਕ ਟਰੇਨਿੰਗ ਰੂਮ (ਨੇਵਾ ਸੇਵਾ ਕੇਂਦਰ), ਹਾਈਟੈੱਕ ਕੰਟਰੋਲ ਰੂਮ, ਨੈੱਟਵਰਕ ਕੰਟਰੋਲ ਰੂਮ ਸ਼ਾਮਲ ਹਨ।

 

ਸਪੀਕਰ ਨੇ ਦੱਸਿਆ ਕਿ ਕਿ ਨੇਵਾ ਐਪ ਦੀ ਵਰਤੋਂ ਨਾਲ ਜਿੱਥੇ ਸਦਨ ਦੀ ਕਾਰਵਾਈ ਦੀ ਲਾਈਵ ਵੈੱਬਕਾਸਟਿੰਗ ਰਾਹੀਂ ਲੋਕਾਂ ਦੀ ਭਾਗੀਦਾਰੀ ਵਧੀ ਹੈ, ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਦਾ ਕੰਮ ਕਾਜ ਹੋਰ ਵੀ ਸੁਖਾਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਦਨ ਵਿੱਚ ਪੇਪਰ ਵੀ ਇਲੈਕਟ੍ਰਾਨਿਕ ਵਿਧੀ ਰਾਹੀਂ ਪੇਸ਼ ਕੀਤੇ ਜਾ ਰਹੇ ਹਨ ਅਤੇ ਵਿਧਾਨ ਸਭਾ ਮੈਂਬਰਾਂ ਤੇ ਸਟਾਫ ਨੂੰ ਕਾਗਜ਼ ਰਹਿਤ ਸਹੂਲਤਾਂ ਮਿਲ ਰਹੀਆਂ ਹਨ।

 

ਕਰਨਾਟਕਾ ਵਿਧਾਨ ਸਭਾ ਸਪੀਕਰ ਸ੍ਰੀ ਯੂ.ਟੀ. ਖਾਦੇਰ ਫ਼ਰੀਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨੈਸ਼ਨਲ ਈ ਵਿਧਾਨ ਐਪਲੀਕੇਸ਼ਨ ਇੱਕ ਸਮਰੱਥ ਪ੍ਰਣਾਲੀ ਹੈ, ਜਿਸ ਨਾਲ ਪੰਜਾਬ ਵਿਧਾਨ ਸਭਾ ਦਾ ਸਮੁੱਚਾ ਕਾਰ ਵਿਹਾਰ ਇੱਕ ਤਸੱਲੀ ਭਰਪੂਰ ਢੰਗ ਨਾਲ ਚਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਤਰਜ ‘ਤੇ ਕਰਨਾਟਕਾ ਵਿਧਾਨ ਸਭਾ ਵਿੱਚ ਇੱਕ ਅਜਿਹਾ ਸਿਸਟਮ ਲਾਗੂ ਕਰਨ ਬਾਰੇ ਸੋਚ ਰਹੇ ਹਾਂ, ਜੋ ਸਾਡੀਆਂ ਲੋੜਾਂ ਅਤੇ ਕਾਰਜ ਪ੍ਰਣਾਲੀ ਅਨੁਸਾਰ ਕੰਮ ਕਰੇ।ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਵਿਧਾਨ ਸਭਾ ਤੋਂ ਅਹਿਮ ਜਾਣਕਾਰੀ ਪ੍ਰਾਪਤ ਹੋਈ ਹੈ ਜੋ ਸਾਡੇ ਲਈ ਬੇਹੱਦ ਸਹਿਯੋਗੀ ਸਿੱਧ ਹੋਵੇਗੀ। ਇਸ ਮੌਕੇ ਵਫ਼ਦ ਨੇ ਸਦਨ ਦਾ ਦੌਰਾ ਵੀ ਕੀਤਾ ਅਤੇ ਵਿਹਾਰਕ ਤੌਰ ‘ਤੇ ਸਦਨ ‘ਚ ਲਾਏ ਗਏ ਆਈ ਪੈਡ ਚਲਾ ਕੇ ਵੇਖੇ ਅਤੇ ਨੇਵਾ ਐਪ ਦੀ ਕਾਰਜ ਪ੍ਰਣਾਲੀ ਬਾਰੇ ਜਾਣਿਆ।

 

ਇਸ ਤੋਂ ਪਹਿਲਾਂ ਸ੍ਰੀ ਵਿਵੇਕ ਸ਼ਰਮਾ, ਐਸ.ਆਈ.ਓ. (ਐਨ.ਆਈ.ਸੀ.) ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਪੇਸ਼ਕਾਰੀ ਵਫ਼ਦ ਨੂੰ ਦਿੱਤੀ ਗਈ, ਜਿਸ ਵਿੱਚ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਸਬੰਧੀ ਵਿਸਥਾਰਪੂਰਬਕ ਜਾਣਕਾਰੀ ਸਾਂਝੀ ਕੀਤੀ ਗਈ। ਵਫ਼ਦ ਮੈਂਬਰਾਂ ਵੱਲੋਂ ਨੇਵਾ ਐਪ ਸਬੰਧੀ ਪੁੱਛੇ ਗਏ ਹਰ ਸਵਾਲ ਦਾ ਐਨ.ਆਈ.ਸੀ. ਦੀ ਟੀਮ ਵੱਲੋਂ ਤਸੱਲੀ ਭਰਪੂਰ ਜਵਾਬ ਦਿੱਤਾ ਗਿਆ। ਇਸ ਮੌਕੇ ਸਪੀਕਰ ਸ. ਸੰਧਵਾਂ ਵੱਲੋਂ ਵਫ਼ਦ ਮੈਂਬਰਾਂ ਦਾ ਸਨਮਾਨ ਵੀ ਕੀਤਾ।

 

ਇਸ ਮੌਕੇ ਸਕੱਤਰ ਪੰਜਾਬ ਵਿਧਾਨ ਸਭਾ ਸ੍ਰੀ ਰਾਮ ਲੋਕ ਖਟਾਣਾ ਅਤੇ ਵਿਧਾਨ ਸਭਾ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

-------