Arth Parkash : Latest Hindi News, News in Hindi
ਮਾਫੀ ਗਲਤੀਆਂ ਦੀ ਹੁੰਦੀ ਹੈ, ਜਾਣਬੁੱਝ ਕੇ ਕਮਾਏ ਧ੍ਰੋਹ ਦੀ ਨਹੀਂ_ਸਪੀਕਰ ਸੰਧਵਾਂ ਮਾਫੀ ਗਲਤੀਆਂ ਦੀ ਹੁੰਦੀ ਹੈ, ਜਾਣਬੁੱਝ ਕੇ ਕਮਾਏ ਧ੍ਰੋਹ ਦੀ ਨਹੀਂ_ਸਪੀਕਰ ਸੰਧਵਾਂ
Wednesday, 13 Dec 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

 

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਾਜ਼ਰ ਹੋ ਕੇ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਮੁਆਫ਼ੀ ਮੰਗੀ ਹੈ। ਇਸ ਬਾਰੇ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੁਆਲ ਉਠਾਉਂਦਿਆਂ ਕਿਹਾ ਹੈ ਕਿ ਇਹ ਦੇਖਣ ਦੀ ਬਹੁਤ ਲੋੜ ਹੈ ਕਿ ਇਸ ਮੁਆਫ਼ੀ ਪਿੱਛੇ ਸੁਖਬੀਰ ਬਾਦਲ ਦਾ ਮਕਸਦ ਕੀ ਹੈ?
2015 ਵਿੱਚ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨੱਕ ਹੇਠਾਂ ਪਾਵਨ ਪਵਿੱਤਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਵਾਪਰੀਆਂ। ਇਸ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਲਾਪਰਵਾਹੀ ਵਾਲਾ ਵਤੀਰਾ ਅਪਣਾਇਆ ਜਿਸ ਕਾਰਨ ਇਹਨਾਂ ਸਮਾਜ ਦੋਖੀ ਦੁਸ਼ਟ ਤੱਤਾਂ ਦੇ ਹੌਂਸਲੇ ਵਧੇ। ਇਸ ਬਾਦਲ ਸਰਕਾਰ ਵਿੱਚ ਗ੍ਰਹਿ ਵਿਭਾਗ ਸੁਖਬੀਰ ਬਾਦਲ ਕੋਲ ਸੀ ਅਤੇ ਇਹਨਾਂ ਵੱਲੋਂ ਆਖਿਆ ਜਾਂਦਾ ਸੀ ਕਿ ਪੰਜਾਬ ਵਿੱਚ ਸਾਡੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ। ਏਨੇ ਹੰਕਾਰੇ ਹੋਏ ਰਵਈਏ ਦੇ ਚਲਦਿਆਂ ਲਗਾਤਾਰ ਬੇਅਦਬੀ ਦੀਆਂ ਵਾਰਦਾਤਾਂ ਹੋਈਆਂ ਅਤੇ ਕਿਸੇ ਥਾਂ ਵੀ ਦੁਸ਼ਟ ਦੋਸ਼ੀਆਂ ਨੂੰ ਬਾਦਲ ਸਰਕਾਰ ਫੜ ਨਾ ਸਕੀ। 
ਸਰਦਾਰ ਸੰਧਵਾਂ ਨੇ ਸਵਾਲ ਕੀਤਾ ਕਿ ਸੁਖਬੀਰ ਬਾਦਲ ਜੀ ਤੁਹਾਡੇ ਰਾਜ ਭਾਗ ਵੇਲੇ ਹੋਈਆਂ ਬੇਅਦਬੀਆਂ ਲਈ ਤਾਂ ਤੁਸੀਂ ਆਪਣੇ ਸਿਆਸੀ ਮੁਫਾਦਾਂ ਖ਼ਾਤਰ ਮੁਆਫ਼ੀ ਮੰਗ ਲਈ ਹੈ ਪਰ ਬੇਅਦਬੀ ਦਾ ਇਨਸਾਫ਼ ਲੈਣ ਲਈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿਖੇ ਇਕੱਤਰ ਹੋਈ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਦੇ ਸ਼ਾਂਤਮਈ ਇਕੱਠ ਉਪਰ ਅੰਮ੍ਰਿਤ ਵੇਲੇ ਗੋਲੀਆਂ ਵਰ੍ਹਾਉਣ ਅਤੇ ਦੋ ਗੁਰੂ ਪਿਆਰੇ ਸਿੰਘਾਂ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤੇ ਜਾਣ ਲਈ ਮੁਆਫ਼ੀ ਕੌਣ ਮੰਗੇਗਾ।
ਸਪੀਕਰ ਸੰਧਵਾਂ ਨੇ ਇਹ ਵੀ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਧਾਵਾਨ ਸਿੱਖ ਵਜੋਂ ਮੇਰਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀ ਮੰਦਭਾਗੀ ਘਟਨਾ ਲਈ ਕੋਈ ਮੁਆਫ਼ੀ ਹੋ ਹੀ ਨਹੀਂ ਸਕਦੀ। ਜੇਕਰ ਸੁਖਬੀਰ ਬਾਦਲ ਬੇਅਦਬੀ ਦੇ ਗੁਨਾਹਾਂ ਲਈ ਸੱਚੇ ਦਿਲੋਂ ਪਸ਼ਚਾਤਾਪ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਕੇ ਗੁਰੂ ਦੇ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੂਹ ਸਿੱਖ ਸੰਗਤਾਂ ਅੱਗੇ ਨਤਮਤਸਕ ਹੋ ਕੇ ਜੋਦੜੀ ਬੇਨਤੀ ਕਰਨੀ ਚਾਹੀਦੀ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਵਜੋਂ ਮੰਗੀ ਗਈ ਇਹ ਮੁਆਫ਼ੀ, ਜਿਸ ਤਹਿਤ ਮੁਆਫ਼ੀ ਦੇ ਨਾਲ ਹੀ ਆਪਣੀ ਸਿਆਸੀ ਅਧੋਗਤੀ ਦਾ ਰੋਣਾ ਰੋਂਦਿਆਂ ਪੰਜਾਬ ਦਾ ਰਾਜ ਭਾਗ ਦੁਬਾਰਾ ਲੋਟੂ ਬਾਦਲ ਪਰਿਵਾਰ ਹਵਾਲੇ ਕਰਨ ਦੇ ਵੀ ਤਰਲੇ ਲਏ ਗਏ ਹਨ, ਮਹਿਜ਼ ਇੱਕ ਸਿਆਸੀ ਤਿਕੜਮਬਾਜ਼ੀ ਤੋਂ ਵੱਧ ਕੁਝ ਨਹੀਂ ਹੈ। 
ਉਹਨਾਂ ਅੱਗੇ ਕਿਹਾ ਕਿ ਮੁਆਫ਼ੀ ਬਹਾਨੇ ਸਿਆਸੀ ਦਾਅਪੇਚ ਖੇਡ ਕੇ ਸੁਖਬੀਰ ਬਾਦਲ ਨੇ ਆਪਣੇ ਬੱਜਰ ਗੁਨਾਹਾਂ ਦੇ ਘੜੇ ਵਿੱਚ ਇੱਕ ਹੋਰ ਗੁਨਾਹ ਜੋੜ ਲਿਆ ਹੈ। ਇਤਿਹਾਸ ਦੀ ਸੇਧ ਵਿੱਚ ਇਹ ਗੱਲ ਸਵੈ ਸਿੱਧ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਵੱਲ ਕੈਰੀ ਅੱਖ ਨਾਲ ਦੇਖਣ ਵਾਲਿਆਂ ਦਾ ਨਾ ਪਹਿਲਾਂ ਕੱਖ ਰਿਹਾ ਹੈ ਅਤੇ ਨਾ ਹੀ ਰਹੇਗਾ।

-------------------------------------------------------------------------------------