Arth Parkash : Latest Hindi News, News in Hindi
ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
Friday, 29 Nov 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ


ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

ਮੰਤਰੀ ਨੇ ਹਵਾਈ ਸੈਨਾ ਦੀ ਤਰਫੋਂ ਹਲਵਾਰਾ ਹਵਾਈ ਅੱਡੇ ਦੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਦਿੱਤਾ ਭਰੋਸਾ

ਚੰਡੀਗੜ੍ਹ, 30 ਨਵੰਬਰ:


ਸੰਸਦ ਮੈਂਬਰ (ਰਾਜ ਸਭਾ) ਸ੍ਰੀ ਸੰਜੀਵ ਅਰੋੜਾ ਨੇ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਹਵਾਈ ਸੈਨਾ ਵੱਲੋਂ ਹਲਵਾਰਾ ਹਵਾਈ ਅੱਡੇ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ।
ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੀਟਿੰਗ ਦੌਰਾਨ ਰੱਖਿਆ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ, ਜਿਸ ਨੂੰ ਭਾਰਤੀ ਹਵਾਈ ਸੈਨਾ (ਆਈ.ਏ.ਐੱਫ.) ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ, ਦੀ ਹਵਾਈ ਪੱਟੀ ਦੇ ਚੱਲ ਰਹੇ ਕੰਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਹਵਾਈ ਅੱਡੇ ਦੀ ਸੰਚਾਲਨ ਸਮਰੱਥਾ ਨੂੰ ਵਧਾਉਣ ਅਤੇ ਸ਼ਹਿਰੀ ਹਵਾਬਾਜ਼ੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਬਣਾਉਣ ਲਈ ਮਹੱਤਵਪੂਰਨ ਹੈ।

ਉਨ੍ਹਾਂ ਨੇ ਰੱਖਿਆ ਮੰਤਰੀ ਨੂੰ ਅੱਗੇ ਦੱਸਿਆ ਕਿ ਉਹ ਇਸ ਪ੍ਰਾਜੈਕਟ ਦੀ ਪ੍ਰਗਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਏਅਰਪੋਰਟ ਡਾਇਰੈਕਟਰ, ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀ.ਈ.ਐਲ.) ਦੇ ਨੁਮਾਇੰਦਿਆਂ, ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ, ਪੰਜਾਬ ਪਬਲਿਕ ਵਰਕਸ ਡਿਪਾਰਟਮੈਂਟ (ਪੀ.ਡਬਲਿਊ.ਡੀ) ਅਤੇ ਹੋਰ ਸਬੰਧਿਤ ਏਜੰਸੀਆਂ ਨਾਲ ਨਿਯਮਤ ਤੌਰ 'ਤੇ ਸਾਈਟ ਦਾ ਦੌਰਾ ਅਤੇ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ, "ਸਾਡੇ ਸਮੂਹਿਕ ਯਤਨਾਂ ਦੇ ਬਾਵਜੂਦ, ਭਾਰਤੀ ਹਵਾਈ ਸੈਨਾ ਦੀ ਤਰਫੋਂ ਕੁਝ ਕੰਮ, ਪ੍ਰਵਾਨਗੀਆਂ ਅਤੇ ਰਸਮੀ ਕਾਰਵਾਈਆਂ ਲੰਬਿਤ ਹਨ, ਜਿਸ ਕਾਰਨ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਦੇਰੀ ਹੋ ਰਹੀ ਹੈ।" ਹਵਾਈ ਅੱਡੇ ਦੇ ਸਿਵਲ ਹਿੱਸੇ ਦਾ 100 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਹਲਵਾਰਾ ਹਵਾਈ ਅੱਡਾ ਭਾਰਤੀ ਹਵਾਈ ਸੈਨਾ ਵੱਲੋਂ ਲੰਬਿਤ ਕੰਮ ਪੂਰਾ ਹੋਣ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਸ੍ਰੀ ਅਰੋੜਾ ਨੇ ਰੱਖਿਆ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਭਾਰਤੀ ਹਵਾਈ ਸੈਨਾ ਦੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਰਸਮਾਂ ਨੂੰ ਜਲਦੀ ਪੂਰਾ ਕਰਨ ਲਈ ਨਿਰਦੇਸ਼ ਦੇਣ, ਇਸ ਨਾਲ ਇਹ ਯਕੀਨੀ ਬਣੇਗਾ ਕਿ ਹਲਵਾਰਾ ਹਵਾਈ ਅੱਡੇ 'ਤੇ ਸਿਵਲ ਓਪਰੇਸ਼ਨ ਜਲਦੀ ਤੋਂ ਜਲਦੀ ਸ਼ੁਰੂ ਹੋ ਸਕਣ, ਜਿਸ ਨਾਲ ਖੇਤਰ ਦੇ ਸੰਪਰਕ ਅਤੇ ਆਰਥਿਕ ਵਿਕਾਸ ਨੂੰ ਲਾਭ ਹੋਵੇਗਾ।

ਰੱਖਿਆ ਮੰਤਰੀ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸ੍ਰੀ ਅਰੋੜਾ ਨੇ ਇਸ ਸਾਲ ਅਗਸਤ ਵਿੱਚ ਟਾਟਾ ਸੰਨਜ਼ (ਟਾਟਾ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੀ ਹੋਲਡਿੰਗ ਕੰਪਨੀ ਅਤੇ ਪ੍ਰਮੋਟਰ) ਦੇ ਚੇਅਰਮੈਨ ਐਨ ਚੰਦਰਸ਼ੇਖਰਨ ਵੱਲੋਂ ਭੇਜੀ ਇੱਕ ਉੱਚ ਪੱਧਰੀ ਟੀਮ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਨੇੜ ਭਵਿੱਖ ਵਿੱਚ ਹਵਾਈ ਅੱਡੇ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ, ਹਲਵਾਰਾ ਵਿਖੇ ਨਿਰਮਾਣ ਅਧੀਨ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।

ਇਸ ਦੌਰਾਨ ਸ੍ਰੀ ਅਰੋੜਾ ਨੇ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਦੀ ਇੱਕ ਸਮੇਂ ਵਿੱਚ 300 ਯਾਤਰੀਆਂ ਨੂੰ ਅਡਜਸਟ ਕਰਨ ਦੀ ਸਮਰੱਥਾ ਹੈ। ਭਵਿੱਖ ਵਿੱਚ ਹਵਾਈ ਅੱਡੇ ਦੇ ਵਿਸਤਾਰ ਦੀ ਵਿਵਸਥਾ ਹੈ। ਇੱਕ ਸਮੇਂ ਵਿੱਚ ਦੋ ਵੱਡੇ ਆਕਾਰ ਦੇ ਜਹਾਜ਼ ਪਾਰਕ ਕੀਤੇ ਜਾ ਸਕਦੇ ਹਨ।

ਸ੍ਰੀ ਅਰੋੜਾ ਨੇ ਇਹ ਵੀ ਦੁਹਰਾਇਆ ਕਿ ਹਵਾਈ ਅੱਡਾ ਪ੍ਰਾਜੈਕਟ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ "ਸੁਪਨਮਈ ਪ੍ਰਾਜੈਕਟ" ਹੈ, ਜਿਨ੍ਹਾਂ ਨੇ ਇਸ ਲਈ ਫੰਡ ਮਨਜ਼ੂਰ ਕੀਤੇ ਹਨ।
 

ਹਵਾਈ ਅੱਡਾ 161.28 ਏਕੜ ਦੇ ਖੇਤਰ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਖੇਤਰ ਵਿੱਚ ਬਿਲਟ ਅੱਪ ਟਰਮੀਨਲ ਖੇਤਰ 2,000 ਵਰਗ ਮੀਟਰ ਹੈ। ਜ਼ਮੀਨ ਨੂੰ ਛੱਡ ਕੇ ਸਿਵਲ ਟਰਮੀਨਲ ਦੀ ਕੁੱਲ ਲਾਗਤ ਲਗਭਗ 70 ਕਰੋੜ ਰੁਪਏ ਹੈ।