Arth Parkash : Latest Hindi News, News in Hindi
ਗ਼ੈਰ-ਸੰਚਾਰੀ ਬੀਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਕਾਊਂਟਰ ਸਥਾਪਤ ਗ਼ੈਰ-ਸੰਚਾਰੀ ਬੀਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਕਾਊਂਟਰ ਸਥਾਪਤ
Sunday, 23 Feb 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ


ਗ਼ੈਰ-ਸੰਚਾਰੀ ਬੀਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਕਾਊਂਟਰ ਸਥਾਪਤ

ਘਰ-ਘਰ ਜਾ ਕੇ ਜਾਂਚ ਲਈ ਪ੍ਰੇਰਿਤ ਕਰ ਰਹੇ ਹਨ ਸਿਹਤ ਕਾਮੇ

30 ਸਾਲ ਤੋਂ ਉਪਰਲਾ ਹਰ ਵਿਅਕਤੀ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਜਾਂਚ ਕਰਾਏ : ਸਿਵਲ ਸਰਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਫ਼ਰਵਰੀ :

ਗ਼ੈਰ-ਸੰਚਾਰੀ ਬੀਮਾਰੀਆਂ ਦੀ ਜਾਂਚ ਅਤੇ ਇਲਾਜ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੀਤੀ 20 ਫ਼ਰਵਰੀ ਤੋਂ ਐਨ.ਸੀ.ਡੀ. ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ 31 ਮਾਰਚ ਤਕ ਚੱਲੇਗੀ। ਇਸ ਮੁਹਿੰਮ ਦੌਰਾਨ ਆਯੂਸ਼ਮਾਨ ਅਰੋਗਿਆ ਕੇਂਦਰਾਂ ਅਤੇ ਹੋਰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਅੰਦਰ ਗ਼ੈਰ-ਸੰਚਾਰੀ ਬੀਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਆਮ ਕੈਂਸਰ ਆਦਿ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਡਾ. ਜੈਨ ਨੇ ਦਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ’ਚ ਇਨ੍ਹਾਂ ਵਿਅਕਤੀਆਂ ਦੀ ਜਾਂਚ ਲਈ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਗਏ ਹਨ ਤਾਕਿ 30 ਸਾਲ ਤੋਂ ਉਪਰਲੇ ਵੱਧ ਤੋਂ ਵੱਧ ਵਿਅਕਤੀ ਆ ਕੇ ਜਾਂਚ ਕਰਵਾ ਸਕਣ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਸਮੇਤ ਸੀਨੀਅਰ ਮੈਡੀਕਲ ਅਫ਼ਸਰ ਇਸ ਮੁਹਿੰਮ ਦੀ ਨੇੜਿਉਂ ਨਿਗਰਾਨੀ ਕਰ ਰਹੇ ਹਨ ਤਾਕਿ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ। ਇਸ ਮੁਹਿੰਮ ਵਿਚ ਪੇਂਡੂ, ਸਿਹਤ, ਸਫ਼ਾਈ ਅਤੇ ਖ਼ੁਰਾਕ ਕਮੇਟੀਆਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਅਜਿਹੀਆਂ ਕਮੇਟੀਆਂ ਹਰ ਪਿੰਡ ਵਿਚ ਬਣੀਆਂ ਹੋਈਆਂ ਹਨ ਜਿਨ੍ਹਾਂ ਜ਼ਰੀਏ 30 ਸਾਲ ਤੋਂ ਉਪਰਲੇ ਵਿਅਕਤੀਆਂ ਨੂੰ ਜਾਂਚ ਕਰਾਉਣ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਸਮੇਤ ਹੋਰ ਸਿਹਤ ਕਾਮੇ ਘਰ-ਘਰ ਜਾ ਕੇ ਵੀ ਲੋਕਾਂ ਨੂੰ ਇਸ ਮੁਹਿੰਮ ਦਾ ਲਾਹਾ ਲੈਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦਾ ਸਮੁੱਚਾ ਸਟਾਫ਼ ਖ਼ਾਸਕਰ ਕਮਿਊਨਿਟੀ ਹੈਲਥ ਅਫ਼ਸਰ, ਸਿਹਤ ਵਰਕਰ, ਆਸ਼ਾ ਵਰਕਰ ਆਦਿ ਮੁਹਿੰਮ ਦੀ ਸਫ਼ਲਤਾ ਲਈ ਪੂਰੀ ਤਰ੍ਹਾਂ ਡਟੇ ਹੋਏ ਹਨ। ਸਿਵਲ ਸਰਜਨ ਨੇ ਦਸਿਆ ਕਿ ਗ਼ੈਰ-ਸੰਚਾਰੀ ਬੀਮਾਰੀਆਂ ਆਮ ਤੌਰ ’ਤੇ ਲੰਮੀ ਮਿਆਦ ਵਾਲੀਆਂ ਬੀਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਠੀਕ ਹੋਣ ’ਚ ਸਮਾਂ ਲਗਦਾ ਹੈ। ਇਨ੍ਹਾਂ ਬੀਮਾਰੀਆਂ ਵਿਚ ਮੁੱਖ ਤੌਰ ’ਤੇ ਦਿਲ ਦਾ ਦੌਰਾ, ਕੈਂਸਰ, ਸਾਹ ਦੀਆਂ ਬੀਮਾਰੀਆਂ, ਸ਼ੱਕਰ ਰੋਗ, ਅਸਥਮਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਮਾਰੀਆਂ ਦੀ ਲਗਾਤਾਰ ਅਤੇ ਸਮਾਂਬੱਧ ਜਾਂਚ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਜਾਂਚ ਨਾ ਹੋਣ ਕਾਰਨ ਬੀਮਾਰੀ ਗੰਭੀਰ ਰੂਪ ਅਖ਼ਤਿਆਰ ਕਰ ਲੈਂਦੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 30 ਸਾਲ ਤੋਂ ਉਪਰਲਾ ਹਰ ਵਿਅਕਤੀ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਜਾਂਚ ਜ਼ਰੂਰ ਕਰਵਾਏ। ਜਾਣਕਾਰੀ ਲਈ ਸਿਹਤ ਵਿਭਾਗ ਦੇ ਮੈਡੀਕਲ ਹੈਲਪਲਾਈਨ ਨੰਂ. 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।