ਸਿਹਤ ਵਿਭਾਗ ਦੀ ਟੀਮ ਵੱਲੋਂ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਕੀਰਤਪੁਰ ਸਾਹਿਬ 03 ਮਈ (2025)
ਸਿਹਤ ਵਿਭਾਗ ਦੀ ਟੀਮ ਨੇ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੁਹਿੰਮ ਤਹਿਤ ਕੀਰਤਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਘਰਾਂ, ਗਲੀ-ਮੁਹੱਲਿਆਂ, ਸਕੂਲਾਂ ਅਤੇ ਹੋਰ ਇਮਾਰਤਾਂ 'ਚ ਲੱਗੇ ਕੂਲਰਾਂ, ਗਮਲਿਆਂ, ਪੰਛੀਆਂ ਲਈ ਰੱਖੇ ਕਸੋਰਿਆਂ ਦਾ ਮੁਆਇਨਾ ਕੀਤਾ ਗਿਆ ਅਤੇ ਲੋਕਾਂ ਨੂੰ ਹਰ ਸ਼ੁੱਕਰਵਾਰ "ਡ੍ਰਾਈ ਡੇਅ" ਮਨਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਦਲਜੀਤ ਕੌਰ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਤੇਜ਼ ਬੁਖ਼ਾਰ, ਚਮੜੀ 'ਤੇ ਦਾਣੇ, ਸਿਰ, ਮਾਸ ਪੇਸ਼ੀਆਂ ਅਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖ਼ੂਨ ਵਗਣਾ ਆਦਿ ਡੇਂਗੂ ਦੇ ਮੁੱਖ ਲੱਛਣ ਹਨ। ਸੀਨੀਅਰ ਮੈਡੀਕਲ ਅਫ਼ਸਰ ਨੇ ਅਜਿਹਾ ਕੋਈ ਵੀ ਲੱਛਣ ਵਿਖਾਈ ਦੇਣ 'ਤੇ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ।
ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੁਹਿੰਮ ਤਹਿਤ ਲੋਕਾਂ ਨੂੰ ਲਗਾਤਾਰ 'ਡ੍ਰਾਈ ਡੇਅ' ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡੇਂਗੂ ਇੱਕ ਗੰਭੀਰ ਬਿਮਾਰੀ ਹੈ ਪਰ ਹਫ਼ਤੇ ਵਿੱਚ ਇਕ ਵਾਰ ਆਪਣੇ ਘਰ 'ਚ ਖੜ੍ਹਾ ਪਾਣੀ ਸੁੱਕਾ ਦੇਣਾ ਡੇਂਗੂ ਤੋਂ ਬਚਾਅ ਦਾ ਸਭ ਤੋਂ ਆਸਾਨ ਅਤੇ ਅਸਰਦਾਰ ਤਰੀਕਾ ਹੈ। ਡਾਕਟਰ ਜੰਗਜੀਤ ਸਿੰਘ ਨੇ ਟੋਲ ਫ੍ਰੀ ਨੰਬਰ 104 ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਹਤ ਸੰਬੰਧੀ ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਕਿਸੇ ਵੀ ਸਮੇਂ ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਾਗਰੂਕਤਾ ਟੀਮ ਦੀ ਅਗਵਾਈ ਕਰ ਰਹੇ ਐੱਸ.ਆਈ ਸਿਕੰਦਰ ਸਿੰਘ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ਼ ਦਿਨ ਵੇਲੇ ਹੀ ਕੱਟਦਾ ਹੈ। ਉਹਨਾਂ ਸਾਰਿਆਂ ਨੂੰ ਗਮਲਿਆਂ ਅਤੇ ਫ਼ਰਿੱਜ ਦੇ ਬਾਹਰ ਵਾਲੀ ਟ੍ਰੇਅ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇਕ ਵਾਰ ਸਾਫ਼ ਕਰਕੇ ਸੁਕਾਉਣ, ਛੱਤਾਂ 'ਤੇ ਪਈਆਂ ਟੈਂਕੀਆਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਰੱਖਣ ਅਤੇ ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖਣ ਦੀ ਅਪੀਲ ਕੀਤੀ।
ਬਲਾਕ ਐਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ "ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ" ਮੁਹਿੰਮ ਤਹਿਤ ਡੇਂਗੂ ਤੋਂ ਬਚਾਅ ਸੰਬੰਧੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਫੀਵਰ ਸਰਵੇ ਵੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਫੀਲਡ ਵਿੱਚ ਤਾਇਨਾਤ ਕੁਲਵਿੰਦਰ ਸਿੰਘ, ਵਰਿੰਦਰ ਸਿੰਘ, ਸੰਜੀਵ ਕੁਮਾਰ ਸਮੇਤ ਸਮੂਹ ਮਲਟੀ ਪਰਪਜ਼ ਹੈਲਥ ਵਰਕਰਾਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਫੀਵਰ ਸਰਵੇ ਰਾਹੀਂ ਸ਼ੱਕੀ ਮਰੀਜ਼ਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਸੀ.ਐੱਚ.ਓ ਅਰਵਿੰਦ ਕੌਰ, ਪੂਨਮ, ਮਨਪ੍ਰੀਤ ਕੌਰ, ਪੂਜਾ, ਮਲਟੀਪਰਪਜ਼ ਹੈਲਥ ਵਰਕਰ ਅਮਿਤ ਸ਼ਰਮਾ, ਰਾਜਿੰਦਰ ਸਿੰਘ, ਸੱਜਣ ਕੁਮਾਰ, ਅਮਨਦੀਪ ਸਿੰਘ, ਜਸਦੀਪ ਸਿੰਘ, ਅਜੇ ਕੁਮਾਰ ਅਤੇ ਆਸ਼ਾ ਵਰਕਰ ਸ਼ਾਮਲ ਸਨ।