Arth Parkash : Latest Hindi News, News in Hindi
ਵਿੱਸਰੇ ਹੋਏ ANZAC ਫੌਜੀਆਂ ਦਾ ਸਨਮਾਨ : ਸਿੱਖ ਤੇ ਪੰਜਾਬ ਰੈਜੀਮੈਂਟ ਵੱਲੋਂ ਪਹਿਲੇ ਵਿਸ਼ਵ ਯੁੱਧ ਚ ਦਿੱਤੇ ਬਲੀਦਾਨ ਨੂੰ ਵਿੱਸਰੇ ਹੋਏ ANZAC ਫੌਜੀਆਂ ਦਾ ਸਨਮਾਨ : ਸਿੱਖ ਤੇ ਪੰਜਾਬ ਰੈਜੀਮੈਂਟ ਵੱਲੋਂ ਪਹਿਲੇ ਵਿਸ਼ਵ ਯੁੱਧ ਚ ਦਿੱਤੇ ਬਲੀਦਾਨ ਨੂੰ ਸਿਜਦਾ ਕਰਨ ਲਈ ਮਨੂ ਸਿੰਘ ਦੇ ਉਚੇਚੇ ਯਤਨ
Wednesday, 07 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵਿੱਸਰੇ ਹੋਏ ANZAC ਫੌਜੀਆਂ ਦਾ ਸਨਮਾਨ : ਸਿੱਖ ਤੇ ਪੰਜਾਬ ਰੈਜੀਮੈਂਟ ਵੱਲੋਂ ਪਹਿਲੇ ਵਿਸ਼ਵ ਯੁੱਧ ਚ ਦਿੱਤੇ ਬਲੀਦਾਨ ਨੂੰ ਸਿਜਦਾ ਕਰਨ ਲਈ ਮਨੂ ਸਿੰਘ ਦੇ ਉਚੇਚੇ ਯਤਨ

ਸਿੱਖ ਤੇ ਪੰਜਾਬ ਰੈਜੀਮੈਂਟ ਦੇ ਬਹਾਦਰਾਂ ਦੀ ਪੰਜਾਬ ਚ ਯਾਦਗਾਰ ਬਣਾਉਣ ਦੀ ਤਜਵੀਜ਼

ਚੰਡੀਗੜ੍ਹ, 8 ਮਈ, 2025 –
ਬਹਾਦਰੀ ਅਤੇ ਸਾਂਝੇ ਇਤਿਹਾਸ ਦੀ ਬੀਰ-ਗਾਥਾ ਨੂੰ ਭਾਵੁਕ ਸ਼ਰਧਾਂਜਲੀ ਦੇ ਯਤਨਾਂ ਵਜੋਂ ਉਤਸ਼ਾਹੀ ਨੌਜਵਾਨ ਨੇਤਾ ਅਤੇ ਭਾਈਚਾਰਕ ਦੂਤ ਵਜੋਂ ਵਿਚਰਦੇ ਮਨਪ੍ਰੀਤ ਸਿੰਘ ਉਰਫ਼ ਮਨੂ ਸਿੰਘ ਵੱਲੋਂ ਪਹਿਲੇ ਵਿਸ਼ਵ ਯੁੱਧ ਵਿੱਚ ਏ.ਐਨ.ਜੈਡ.ਏ.ਸੀ. (ਆਸਟਰੇਲੀਅਨ ਅਤੇ ਨਿਊਜੀਲੈਂਡ ਫੌਜੀ ਬਲ) ਫੌਜਾਂ ਦਾ ਸਾਥ ਦੇ ਕੇ ਲੜਨ ਵਾਲੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਜਵਾਨਾਂ ਦੇ ਬਹਾਦਰੀ ਨਾਲ ਭਰੇ ਯੋਗਦਾਨ ਨੂੰ ਮਾਨਤਾ ਦਿਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। 
ਮਨੂੰ ਸਿੰਘ ਦਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਪਹਿਲੇ ਵਿਸ਼ਵ ਯੁੱਧ ਦੇ ਬਿਰਤਾਂਤ ਵਿੱਚ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਰਹੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਆਸਟ੍ਰੇਲੀਆ ਦੀ ਸਮੂਹਿਕ ਯਾਦ ਵਿੱਚ ਪੂਰਨ ਮਾਣ-ਸਨਮਾਨ ਨਾਲ ਢੁਕਵਾਂ ਸਥਾਨ ਮਿਲੇ। ਆਸਟ੍ਰੇਲੀਆ ਤੋਂ ਵਾਪਸ ਆਉਣ ਤੋਂ ਬਾਅਦ ਮਨਪ੍ਰੀਤ ਸਿੰਘ ਇਨ੍ਹਾਂ ਜਵਾਨਾਂ ਦੇ ਯੋਗਦਾਨ ਨੂੰ ਸਦੀਵੀਂ ਯਾਦ ਰੱਖਣ ਲਈ ਪੰਜਾਬ ਵਿੱਚ ਢੁਕਵੀਂ ਯਾਦਗਾਰ ਬਣਾ ਕੇ ਸਿਜਦਾ ਕਰਨਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਦੇ ਬਹਾਦਰੀ ਦੇ ਕਿੱਸਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸਰੋਤ ਬਣਾਇਆ ਜਾ ਸਕੇ। 
ਏ.ਐਨ.ਜੈਡ.ਏ.ਸੀ. ਦੀ ਬੀਰ-ਗਾਥਾ ਆਸਟ੍ਰੇਲੀਆ ਦੀ ਪਛਾਣ ਦਾ ਮੁੱਖ ਅਧਾਰ ਹੈ ਅਤੇ ਮਨੂ ਸਿੰਘ ਇਨ੍ਹਾਂ ਬਲਾਂ ਦੇ ਅੱਖੋਂ ਪਰੋਖੇ ਰਹੇ ਸੈਨਿਕਾਂ ਖਾਸ ਕਰਕੇ ਸਿੱਖ ਸੈਨਿਕਾਂ, ਜੋ ਗੈਲੀਪੋਲੀ ਵਿਖੇ ਆਸਟ੍ਰੇਲੀਆਈ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ, ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿਵਾਉਣ ਲਈ ਦ੍ਰਿੜ ਹੈ। ਦੱਸਣਯੋਗ ਹੈ ਕਿ ਪਹਿਲੇ ਵਿਸ਼ਵ ਯੁੱਧ ਵਿੱਚ 4 ਜੂਨ, 1915 ਦੇ ਦਿਨ ਬਹਾਦਰੀ ਨਾਲ ਲੜਦਿਆਂ 14ਵੀਂ ਸਿੱਖ ਰੈਜੀਮੈਂਟ ਦੇ 379 ਜਵਾਨ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਵੱਲੋਂ ਦਿਖਾਈ ਗਈ ਬੇਮਿਸਾਲ ਬਹਾਦਰੀ ਐਨਜੈਕ (ਏ.ਐਨ.ਜੈਡ.ਏ.ਸੀ.) ਦੀ ਅਸਲ ਭਾਵਨਾ ਦਾ ਪ੍ਰਤੀਕ ਹੈ। 
ਐਨਜੈਕ ਦੀ ਬਹਾਦਰੀ ਅਤੇ ਕੁਰਬਾਨੀਆਂ ਦੇ ਕਿੱਸਿਆਂ ਨਾਲ ਲਬਰੇਜ਼ ਇਸ ਸਾਂਝੇ ਇਤਿਹਾਸ ਦੀ ਵਧਦੀ ਮਾਨਤਾ ਇਸ ਸਾਲ ਨਵੀਂ ਦਿੱਲੀ ਵਿੱਚ ‘ਐਨਜੈਕ ਦਿਵਸ’ ਸਮਾਰੋਹਾਂ ਵਿੱਚ ਸਪੱਸ਼ਟ ਦੇਖੀ ਜਾ ਸਕਦੀ ਸੀ, ਜਿੱਥੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਬੈਰੀ ਓ ਫੈਰੇਲ, ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਪੈਟ੍ਰਿਕ ਜੌਨ ਰਾਤਾ, ਆਸਟ੍ਰੇਲੀਆਈ ਫੌਜ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਡੈਮੀਅਨ ਸਕੱਲੀ ਓ' ਸ਼ੀਆ ਅਤੇ ਰਿਟਰਨਡ ਐਂਡ ਸਰਵਿਸਿਜ਼ ਲੀਗ (ਆਰ.ਐਸ.ਐਲ) ਦੇ ਪ੍ਰਤੀਨਿਧੀ, ਪਹਿਲੇ ਵਿਸ਼ਵ ਯੁੱਧ ਦੇ ਇਨ੍ਹਾਂ ਬਲਾਂ, ਜਿਨ੍ਹਾਂ ਵਿੱਚ ਏ.ਐਨ.ਜੈਡ.ਏ.ਸੀ. ਬਲਾਂ ਦੇ ਨਾਲ ਲੜਨ ਵਾਲੇ ਸਿੱਖ ਅਤੇ ਭਾਰਤੀ ਸੈਨਿਕ ਵੀ ਸ਼ਾਮਲ ਸਨ, ਦੇ ਸਨਮਾਨ ਲਈ ਇਕੱਠੇ ਹੋਏ। ਇਨ੍ਹਾਂ ਉੱਘੀਆਂ ਸ਼ਖ਼ਸੀਅਤਾਂ ਦੀ ਮੌਜੂਦਗੀ ਨੇ ਇਸ ਬਹੁ-ਕੌਮੀ ਵਿਰਾਸਤ ਦੀ ਅਸਲ ਮਾਨਤਾ ਨੂੰ ਉਜਾਗਰ ਕੀਤਾ।
ਪਿਛਲੇ ਚਾਰ ਸਾਲਾਂ ਤੋਂ ਮਨੂ ਸਿੰਘ, ਜੰਗੀ ਵਿਧਵਾਵਾਂ ਦੀ ਭਲਾਈ ‘ਚ ਜੁਟੀ ਸੰਸਥਾ ਆਰ.ਐਸ.ਐਲ. ਦੇ ਮੈਂਬਰ ਵਜੋਂ ਆਪਣੇ ਪੜਦਾਦੇ ਦੇ ਬ੍ਰਿਟਿਸ਼-ਇੰਡੀਅਨ ਆਰਮੀ ਮੈਡਲ ਪਹਿਨ ਕੇ ਅਤੇ ਸਿੱਖ ਰੈਜੀਮੈਂਟ ਦੀ ਨੁਮਾਇੰਦਗੀ ਕਰਦਿਆਂ ਨਵੀਂ ਦਿੱਲੀ ਵਿਖੇ ਐਨਜੈਕ ਦਿਵਸ ਪਰੇਡ ਵਿੱਚ ਪੂਰੇ ਮਾਣ ਨਾਲ ਹਿੱਸਾ ਲੈਂਦਾ ਆ ਰਿਹਾ ਹੈ। ਉਸਨੇ ਕਿਹਾ ਕਿ ਇਸ ਪਰੇਡ ਵਿੱਚ ਹਿੱਸਾ ਲੈਂਦਿਆਂ ਸਾਡੇ  ਬਹਾਦਰ ਜਵਾਨਾਂ ਲਈ ਤਾੜੀਆਂ ਦੀ ਗੂੰਜ ਸੁਣਨਾ ਉਸ ਲਈ ਇੱਕ ਮਾਣ ਵਾਲਾ ਪਲ ਸੀ। ਇਹ ਅਜਿਹਾ ਪਲ ਸੀ ਜਿੱਥੇ ਜੀਵੰਤ ਸੱਭਿਆਚਾਰਾਂ ਅਤੇ ਏ.ਐਨ.ਜੈਡ.ਏ.ਸੀ. ਦੇ ਦੋਸਤੀ ਦੇ ਮਜ਼ਬਤ ਬੰਧਨ ਦਾ ਸੇਵਾ ਅਤੇ ਕੁਰਬਾਨੀ ਨਾਲ ਲਬਰੇਜ਼ ਸਿੱਖ ਪਰੰਪਰਾ ਨਾਲ ਮੇਲ ਹੋਇਆ।
ਮਨੂ ਸਿੰਘ ਦੇ ਇਨ੍ਹਾਂ ਯਤਨਾਂ ਦੀ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਆਸਟ੍ਰੇਲੀਆਈ ਲੋਕਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ। ਮਨੂ ਸਿੰਘ ਨੇ ਕਿਹਾ ਕਿ ਸਿੱਖ ਸੈਨਿਕਾਂ ਅਤੇ ਸਿੱਖ ਰੈਜੀਮੈਂਟ ਨੇ ਏ.ਐਨ.ਜੈਡ.ਏ.ਸੀ. ਨਾਲ ਮਿਲ ਕੇ ਇਕੋ ਜੰਗ ਲੜੀ, ਇਕੋ ਸੰਘਰਸ਼ ਕੀਤਾ, ਇਸ ਲਈ ਉਨ੍ਹਾਂ ਦੇ ਯੋਗਦਾਨ ਨੂੰ ਬਰਾਬਰ ਦਾ ਸਨਮਾਨ ਮਿਲਣਾ ਚਾਹੀਦਾ ਹੈ। 
ਸਮੇਂ ਦੇ ਨਾਲ ਜਿਵੇਂ ਐਨਜੈਕ ਦਿਵਸ ਹਿੰਮਤ ਅਤੇ ਏਕਤਾ ਦੇ ਇੱਕ ਵਿਸ਼ਾਲ ਪ੍ਰਤੀਕ ਵਜੋਂ ਮਾਨਤਾ ਹਾਸਲ ਕਰਦਾ ਜਾ ਰਿਹਾ ਹੈ, ਆਰ.ਐਸ.ਐਲ. ਵਰਗੇ ਅਦਾਰਿਆਂ ਵਿੱਚ ਸਿੱਖਾਂ ਸੈਨਿਕਾਂ ਦੇ ਯੋਗਦਾਨ ਨੂੰ ਰਸਮੀ ਮਾਨਤਾ ਦੇਣ ਲਈ ਉੱਠਦੀਆਂ ਮੰਗਾਂ ਦੇ ਨਾਲ ਮਨੂ ਸਿੰਘ ਦੀ ਮੁਹਿੰਮ ਵੀ ਜ਼ਰ ਫੜਦੀ ਜਾ ਰਹੀ ਹੈ। ਮਨੂ ਸਿੰਘ ਨੇ ਕਿਹਾ ਕਿ ਇਹ ਉਸ ਲਈ ਇਤਿਹਾਸ ਤੋਂ ਕਿਤੇ ਜ਼ਿਆਦਾ ਮਾਇਨੇ ਰੱਖਦਾ ਹੈ ਅਤੇ ਉਸ ਲਈ ਸਿੱਖਾਂ ਸੈਨਿਕਾਂ ਦੇ ਯੋਗਦਾਨ ਨੂੰ ਸਿਜਦਾ ਕਰਨ ਦਾ ਜ਼ਰੀਆ ਹੈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਬਹਾਦਰ ਸਿੱਖ ਸੈਨਿਕਾਂ ਦੀ ਬੀਰ-ਗਾਥਾ ਸਾਡੀ ਸਾਂਝੀ ਵਿਰਾਸਤ ਹੈ, ਅਸੀਂ ਕਿਤੇ ਇਸਨੂੰ ਭੁੱਲ ਨਾ ਜਾਈਏ।