ਮਾੜੇ ਅਨਸਰਾਂ ਦੀਆਂ ਗਤੀਵਿਧੀਆਂ ਤੇ ਨਕੇਲ ਕਸਣ ਲਈ ਫਾਜ਼ਿਲਕਾ ਪੁਲਿਸ ਨੇ ਰਾਜਸਥਾਨ ਪੁਲਿਸ ਨਾਲ ਮਿਲਕੇ ਚਲਾਇਆ ਸਪੈਸ਼ਲ ਓਪਰੇਸ਼ਨ ਸੀਲ-XIII
ਜਿਲ੍ਹੇ ਦੇ ਇੰਟਰ ਸਟੇਟ ਪੁਆਇੰਟਾਂ ਤੇ ਹਾਈਟੈੱਕ ਨਾਕਾਬੰਦੀ ਕਰਕੇ ਕੀਤੀ ਗਈ ਵਾਹਨਾਂ ਦੀ ਡੂੰਘਾਈ ਨਾਲ ਚੈਕਿੰਗ
ਫਾਜ਼ਿਲਕਾ: ਮਿਤੀ: 18 ਮਈ 2025
ਸ੍ਰੀ ਗੌਰਵ ਯਾਦਵ, ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੀਆਂ ਹਦਾਇਤਾਂ ਮੁਤਾਬਿਕ, ਅੱਜ 18 ਮਈ 2025 ਨੂੰ ਸਵੇਰੇ 07:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਰਾਜ ਪੱਧਰੀ ਵਿਸ਼ੇਸ਼ ਓਪਰੇਸ਼ਨ “ਸੀਲ-XIII” ਨੂੰ ਪੂਰੇ ਪੰਜਾਬ ਵਿਖੇ ਅੰਜ਼ਾਮ ਦਿੱਤਾ ਗਿਆ।
ਇਸ ਓਪਰੇਸ਼ਨ ਦੇ ਤਹਿਤ, ਫਾਜ਼ਿਲਕਾ ਪੁਲਿਸ ਨੇ ਐਸ.ਐਸ.ਪੀ. ਸ੍ਰੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਰਾਜਸਥਾਨ ਪੁਲਿਸ (ਸ੍ਰੀ ਗੰਗਾਨਗਰ ਅਤੇ ਹਨੂੰਮਾਨਗੜ੍ਹ ਪੁਲਿਸ) ਦੇ ਸਹਿਯੋਗ ਨਾਲ ਇੰਟਰ ਸਟੇਟ ਸਰਹੱਦੀ ਪੁਆਇੰਟਾਂ ਰਾਜਪੁਰਾ ਅਤੇ ਗੁੰਮਜਾਲ ਬੈਰੀਅਰਾਂ 'ਤੇ ਉੱਚ-ਤਕਨੀਕੀ ਨਾਕਾਬੰਦੀਆਂ ਲਗਾਈਆਂ।
ਰਾਜਸਥਾਨ ਤੋਂ ਆਉਣ ਵਾਲੀਆਂ ਹਰ ਇਕ ਗੱਡੀ ਦੀ ਡਿਜੀਟਲ ਸਹੂਲਤਾਂ ਦੀ ਮਦਦ ਨਾਲ ਡੂੰਘੀ ਜਾਂਚ ਕੀਤੀ ਗਈ, ਜਿਸ ਵਿੱਚ ਨਸ਼ਾ ਤਸਕਰੀ, ਅਸਲੇ ਦੀ ਆਵਾਜਾਈ ਅਤੇ ਹੋਰ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਰੋਕਥਾਮ ਨੂੰ ਮੁੱਖ ਥਾਂ ਦਿੱਤੀ ਗਈ।
ਇਸ ਵਿਸ਼ੇਸ਼ ਓਪਰੇਸ਼ਨ ਦੌਰਾਨ ਜ਼ਿਲ੍ਹਾ ਦੇ ਬਸ ਅੱਡਿਆਂ ਅਤੇ ਹੋਟਲਾਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਸ਼ੱਕੀ ਅਤੇ ਸਮਾਜ ਵਿਰੋਧੀ ਤੱਤਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਐਸ.ਐਸ.ਪੀ. ਸ੍ਰੀ ਵਰਿੰਦਰ ਸਿੰਘ ਬਰਾੜ ਨੇ ਖੁਦ ਇਹਨਾਂ ਨਾਕਿਆਂ ਦਾ ਦੌਰਾ ਕਰਕੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੀਤੀ ਅਤੇ ਮੌਕੇ 'ਤੇ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਸਟਾਫ਼ ਨੂੰ ਹੋਰ ਚੁਸਤ ਅਤੇ ਜ਼ਿੰਮੇਵਾਰ ਬਣਨ ਦੀ ਹਦਾਇਤ ਦਿੱਤੀ। ਇਸ ਦੌਰਾਨ ਉਹਨਾਂ ਅਪੀਲ ਕੀਤੀ ਕਿ ਜਿਲ੍ਹਾ ਫਾਜ਼ਿਲਕਾ ਅੰਦਰ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਵੀ ਅਜਿਹੀ ਗਤੀਵਿਧੀ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਇਸ ਓਪਰੇਸ਼ਨ ਦੌਰਾਨ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੁੱਲ 04 ਕੇਸ ਦਰਜ ਕਰਦੇ ਹੋਏ 10 ਗ੍ਰਾਮ ਹੈਰੋਇਨ, 100 ਨਸ਼ੀਲੀਆਂ ਗੋਲੀਆਂ ਅਤੇ 250 ਲੀਟਰ ਲਾਹਣ ਬ੍ਰਾਮਦ ਕੀਤੀ ਗਈ। ਇਸੇ ਤਰਾਂ 102 ਵਹੀਕਲਾਂ ਦੀ ਚੈਕਿੰਗ ਕੀਤੀ ਗਈ, ਜਿਹਨਾਂ ਵਿੱਚੋਂ 14 ਵਹੀਕਲਾਂ ਦੇ ਚਲਾਨ ਜਾਰੀ ਕੀਤੇ ਗਏ।