ਮੈਂਬਰ ਪੰਜਾਬ ਫੂਡ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ, ਆਂਗਨਵਾੜੀ ਕੇਂਦਰਾਂ ਤੇ ਰਾਸ਼ਨ ਡਿਪੂਆਂ ਦਾ ਦੌਰਾ
ਕਿਹਾ, ਨੈਸ਼ਨਲ ਫੂਡ ਸਕਿਊਰਟੀ ਐਕਟ-2013 ਅਧੀਨ ਵੱਖ-ਵੱਖ ਸਕੀਮਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਪਾਸ ਕੀਤੀ ਜਾ ਸਕਦੀ ਸ਼ਿਕਾਇਤ
ਰਾਸ਼ਨ ਡਿਪੂਆਂ ਦੇ ਬਾਹਰ ਸ਼ਿਕਾਇਤ ਬਾਕਸ ਤੇ ਜਾਗਰੂਕਤਾ ਬੈਨਰ ਲਗਾਉਣੇ ਲਾਜ਼ਮੀ
ਜਲੰਧਰ, 27 ਮਈ: ਨੈਸ਼ਨਲ ਫੂਡ ਸਕਿਓਰਿਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਸ਼ਿਕਾਇਤ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਪਾਸ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਮੈਂਬਰ ਪੰਜਾਬ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਜ਼ਿਲ੍ਹਾ ਜਲੰਧਰ ਵਿਖੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਰਾਸ਼ਨ ਡਿਪੂਆਂ ਦੇ ਨਿਰੀਖਣ ਦੌਰਾਨ ਦਿੱਤੀ ਗਈ।
ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ, ਮਿਡਲ ਸਕੂਲ ਚੁਹੇਕੀ, ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਦੀਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਅਤੇ ਆਂਗਣਵਾੜੀ ਕੇਂਦਰ ਦੀਵਾਲੀ, ਜੰਡਿਆਲੀ ਅਤੇ ਕੰਗਣੀਵਾਲ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਪੀਣ ਵਾਲੇ ਪਾਣੀ, ਮਿਡ-ਡੇਅ ਮੀਲ ਅਤੇ ਅਨਾਜ ਭੰਡਾਰ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੀਣ ਵਾਲੇ ਪਾਣੀ ਵਿੱਚ ਟੀ.ਡੀ.ਐਸ. ਦੀ ਮਾਤਰਾ ਸਹੀ ਹੋਣੀ ਚਾਹੀਦੀ ਹੈ ਅਤੇ ਇਸ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਲਈ ਖਾਣਾ ਬਣਾਉਣ ਵਾਲੀਆਂ ਕੁੱਕ ਅਤੇ ਹੈਲਪਰਾਂ ਦੇ ਨਹੁੰ ਨਹੀਂ ਰੱਖੇ ਹੋਣੇ ਚਾਹੀਦੇ।
ਇਸ ਮੌਕੇ ਮੈਂਬਰ ਪੰਜਾਬ ਫੂਡ ਕਮਿਸ਼ਨ ਨੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕਰਦਿਆਂ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ਗਈ। ਉਨ੍ਹਾਂ ਆਂਗਨਵਾੜੀ ਸੈਂਟਰਾਂ ਦਾ ਰਿਕਾਰਡ ਵੀ ਚੈਕ ਕੀਤਾ। ਉਪਰੰਤ ਉਨ੍ਹਾਂ ਵਲੋਂ ਰਾਸ਼ਨ ਡਿਪੂ ਧੀਨਾ, ਸੁਰਾ ਵਿਖੇ ਕਣਕ ਦੀ ਵੰਡ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਨ ਡਿਪੂਆਂ ਦੇ ਬਾਹਰ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਲਗਾਏ ਜਾਣ। ਇਸ ਮੌਕੇ ਉਨ੍ਹਾਂ ਵਲੋਂ ਲਾਭਪਾਤਰੀਆਂ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਅਤੇ ਈਮੇਲ punjabfoodcommission0gmail.com ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ।