Arth Parkash : Latest Hindi News, News in Hindi
ਡਾ. ਰਵਜੋਤ ਸਿੰਘ ਵੱਲੋਂ ਸਵੇਰੇ-ਸਵੇਰੇ ਅਬੋਹਰ ਦਾ ਅਚਾਨਕ ਦੌਰਾ; ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਨ ਡਾ. ਰਵਜੋਤ ਸਿੰਘ ਵੱਲੋਂ ਸਵੇਰੇ-ਸਵੇਰੇ ਅਬੋਹਰ ਦਾ ਅਚਾਨਕ ਦੌਰਾ; ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਨਾਲ ਨਗਰ ਨਿਗਮ ਸੇਵਾਵਾਂ ਸੰਬੰਧੀ ਕੀਤਾ ਸਿੱਧਾ ਰਾਬਤਾ
Monday, 26 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi


ਡਾ. ਰਵਜੋਤ ਸਿੰਘ ਵੱਲੋਂ ਸਵੇਰੇ-ਸਵੇਰੇ ਅਬੋਹਰ ਦਾ ਅਚਾਨਕ ਦੌਰਾ; ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਨਾਲ ਨਗਰ ਨਿਗਮ ਸੇਵਾਵਾਂ ਸੰਬੰਧੀ ਕੀਤਾ ਸਿੱਧਾ ਰਾਬਤਾ

ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ; ਨਿਗਰਾਨ ਇੰਜਨੀਅਰ ਨੂੰ ਡਿਊਟੀ ‘ਚ ਅਣਗਹਿਲੀ ਕਾਰਨ ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ / ਅਬੋਹਰ, 27 ਮਈ:


ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਵੇਰੇ-ਸਵੇਰੇ ਹੀ ਅਬੋਹਰ ਨਗਰ ਨਿਗਮ ਦਾ ਅਚਾਨਕ ਦੌਰਾ ਕੀਤਾ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਵਿਭਾਗ ਵਿਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਲੋਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਦੇ  ਨਿਗਰਾਨ ਇੰਜੀਨੀਅਰ ਨੂੰ ਡਿਊਟੀ ‘ਚ ਅਣਗਹਿਲੀ ਕਰਨ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਵੀ ਦਿੱਤੇ।

ਡਾ. ਰਵਜੋਤ ਸਿੰਘ ਨੇ ਇਸ ਮੌਕੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਦੇ ਮੱਦੇ ਨਜ਼ਰ ਉਹ ਅਬੋਹਰ ਦੇ ਇਸ ਅਚਾਨਕ ਦੌਰੇ ਤੇ ਪਹੁੰਚੇ ਹਨ। ਉਹਨਾਂ ਨੇ ਇਸ ਦੌਰਾਨ ਸ਼ਹਿਰ ਦੇ ਕੂੜਾ ਡੰਪ, ਇੰਦਰਾ ਨਗਰੀ ਸਟੇਡੀਅਮ, ਨਹਿਰੂ ਸਟੇਡੀਅਮ, ਸਬਜ਼ੀ ਮੰਡੀ, ਕ੍ਰਿਸ਼ਨਾ ਨਗਰੀ , ਘੁਮਿਆਰ ਮੁਹੱਲਾ ਅਤੇ ਅਜੀਮਗੜ੍ਹ ਇਲਾਕੇ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਹੇਠਲੇ ਪੱਧਰ ਤੇ ਕੀਤੇ ਜਾ ਰਹੇ ਕਾਰਜਾਂ ਦਾ ਨਿਰੀਖਣ ਵੀ ਕੀਤਾ।

ਇਸ ਦੌਰਾਨ ਘੁਮਿਆਰ ਮੁਹੱਲਾ ਦੇ ਲੋਕਾਂ ਵੱਲੋਂ ਪੀਣ ਵਾਲੇ ਪਾਣੀ ਵਿੱਚ ਮਿਲਾਵਟ ਦੀ ਸ਼ਿਕਾਇਤ ਕੀਤੇ ਜਾਣ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੌਕੇ ‘ਤੇ ਹੀ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ। ਉਹਨਾਂ ਨੇ ਸਖਤੀ ਨਾਲ ਕਿਹਾ ਕਿ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਹੋਣੇ ਚਾਹੀਦੇ ਹਨ ਅਤੇ ਜਿਵੇਂ ਉਹ ਖੁਦ ਵੱਖ-ਵੱਖ ਵਾਰਡਾਂ ਵਿੱਚ ਜਾ ਰਹੇ ਹਨ ਅਧਿਕਾਰੀ ਵੀ ਇਸੇ ਤਰ੍ਹਾਂ ਵਾਰਡਾ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਦਾ ਹੱਲ ਕਰਨ।

ਕੈਬਨਿਟ ਮੰਤਰੀ ਨੇ ਕੂੜਾ ਡੰਪ ਸਾਈਟ ਤੇ ਹਦਾਇਤ ਕੀਤੀ ਕਿ ਪੁਰਾਣੇ ਕੂੜੇ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਅਤੇ ਸ਼ਹਿਰ ਵਿੱਚੋਂ ਚੁੱਕੇ ਜਾਣ ਵਾਲੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਹਦਾਇਤਾਂ ਅਨੁਸਾਰ ਸੰਭਾਲਿਆ ਜਾਵੇ। ਉਹਨਾਂ ਨੇ ਇੰਦਰਾ ਨਗਰੀ ਦੇ ਸਟੇਡੀਅਮ ਦਾ ਦੌਰਾ ਕਰਦਿਆਂ ਇੱਥੇ ਹੋਰ ਸਹੂਲਤਾਂ ਵਧਾਉਣ ਅਤੇ ਇੱਥੋਂ ਦੇ ਅਧੂਰੇ ਪਏ ਕਮਿਊਨਿਟੀ ਹਾਲ ਨੂੰ ਵੀ ਮੁਕੰਮਲ ਕਰਨ ਦੀਆਂ ਹਦਾਇਤਾਂ ਵਿਭਾਗ ਨੂੰ ਦਿੱਤੀਆਂ। ਉਹਨਾਂ ਨੇ ਸਬਜ਼ੀ ਮੰਡੀ ਵਿੱਚ ਪਹੁੰਚ ਕੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ  ਤੇ ਸਫਾਈ ਅਤੇ ਹੋਰ ਵਿਵਸਥਾਵਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ।

ਡਾ. ਰਵਜੋਤ ਸਿੰਘ ਨੇ ਮੁਹੱਲਿਆਂ ਵਿੱਚ ਪਹੁੰਚ ਕੇ ਲੋਕਾਂ ਦੇ ਘਰ ਘਰ ਜਾ ਕੇ ਪੀਣ ਵਾਲੇ ਪਾਣੀ ਅਤੇ ਸਫਾਈ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ  ਉਨ੍ਹਾਂ ਨੇ ਅਜੀਮਗੜ੍ਹ ਦਾ ਦੌਰਾ ਕਰਕੇ ਇਸ ਇਲਾਕੇ ਵਿੱਚ ਸੜਕਾਂ ਦੀ ਮੁਰੰਮਤ ਜਲਦੀ ਕਰਾਉਣ ਅਤੇ ਬਿਜਲੀ ਦੇ ਖੰਭਿਆਂ ਸਬੰਧੀ ਵੀ ਮੌਕੇ ਤੇ ਹੀ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਖੰਬੇ ਅਤੇ ਤਾਰਾਂ ਦਰੁਸਤ ਕਰਨ ਦੀ ਸਖਤ ਹਦਾਇਤ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਬਿਨਾਂ ਕਿਸੇ ਵਿਉਂਤਬੰਦੀ ਦੇ ਵਿੱਢੇ ਗਏ ਪ੍ਰੋਜੈਕਟਾਂ ਕਾਰਨ ਸ਼ਹਿਰ ਦੇ ਵਿਕਾਸ ਵਿੱਚ ਖੜੋਤ ਆ ਗਈ ਸੀ, ਜਿਸਨੂੰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਹੁਣ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸ਼ਹਿਰ ਦੇ ਵਾਟਰ ਵਰਕਸ ਵਿੱਚ ਹੋਰ ਡਿੱਗੀਆਂ ਬਣਾਉਣ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ।

ਇਸ ਮੌਕੇ ਸਾਬਕਾ ਵਿਧਾਇਕ ਸ਼੍ਰੀ ਅਰੁਣ ਨਾਰੰਗ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਵਿਕਾਸ ਪ੍ਰਤੀ ਦ੍ਰਿੜ ਸੰਕਲਪਿਤ ਹੈ ਅਤੇ ਸ਼ਹਿਰ ਦੇ ਵਿਕਾਸ ਨੂੰ ਵਿਉਂਤਬੰਦ ਤਰੀਕੇ ਨਾਲ ਨੇਪਰੇ ਚਾੜਨ ਲਈ ਹੀ ਅੱਜ ਕੈਬਨਿਟ ਮੰਤਰੀ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇਥੇ ਪੁੱਜਣ ਤੇ ਸਾਬਕਾ ਵਿਧਾਇਕ ਸ਼੍ਰੀ ਅਰੁਣ ਨਾਰੰਗ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸ ਡੀ ਐਮ ਕ੍ਰਿਸ਼ਨਾ ਪਾਲ ਰਾਜਪੂਤ ਨੇ ਉਹਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ, ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ, ਐਡਵੋਕੇਟ ਹਰਪ੍ਰੀਤ ਸਿੰਘ ਤੋਂ ਇਲਾਵਾ ਸਥਾਨਕ ਆਗੂ ਵੀ ਹਾਜ਼ਰ ਸਨ।।