Arth Parkash : Latest Hindi News, News in Hindi
ਸ਼ਾਇਰੀ ਵਿੱਚ ਪ੍ਰਸਿੱਧ ਹੋਣਾ ਅਤੇ ਉੱਤਮ ਹੋਣਾ ਵੱਖਰੀਆਂ ਵੱਖਰੀਆਂ ਗੱਲਾਂ- ਜਸਵੰਤ ਸਿੰਘ ਜ਼ਫ਼ਰ ਸ਼ਾਇਰੀ ਵਿੱਚ ਪ੍ਰਸਿੱਧ ਹੋਣਾ ਅਤੇ ਉੱਤਮ ਹੋਣਾ ਵੱਖਰੀਆਂ ਵੱਖਰੀਆਂ ਗੱਲਾਂ- ਜਸਵੰਤ ਸਿੰਘ ਜ਼ਫ਼ਰ
Tuesday, 03 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸ਼ਾਇਰੀ ਵਿੱਚ ਪ੍ਰਸਿੱਧ ਹੋਣਾ ਅਤੇ ਉੱਤਮ ਹੋਣਾ ਵੱਖਰੀਆਂ ਵੱਖਰੀਆਂ ਗੱਲਾਂ- ਜਸਵੰਤ ਸਿੰਘ ਜ਼ਫ਼ਰ

ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਸ਼ਾਇਰ ਗੁਰਦੇਵ ਚੌਹਾਨ ਨੂੰ ਸਾਹਿਤ ਪ੍ਰੇਮੀਆਂ ਦੇ ਰੂਬੁਰੂ

ਪਟਿਆਲਾ 4 ਜੂਨ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਬੁੱਧ ਸ਼ਾਇਰ ਗੁਰਦੇਵ ਚੌਹਾਨ ਨੂੰ ਸਾਹਿਤ ਪ੍ਰੇਮੀਆਂ ਦੇ ਰੂਬੁਰੂ ਕਰਵਾਇਆ ਗਿਆ। ‘ਕਵਿਤਾ ਸੰਗਤ’ ਬੈਨਰ ਹੇਠ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਕਵੀ ਗੁਰਪ੍ਰੀਤ ਮਾਨਸਾ ਨੇ ਸ੍ਰੀ ਗੁਰਦੇਵ ਚੌਹਾਨ ਨਾਲ ਸੰਵਾਦ ਰਚਾਇਆ। ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ. ਜਸਵਿੰਦਰ ਸਿੰਘ ਨੇ ਕੀਤੀ। ਅੱਧੀ ਦਰਜ਼ਨ ਦੇ ਕਰੀਬ ਸਰੋਤਿਆਂ ਨੇ ਵੀ ਸ੍ਰ. ਚੌਹਾਨ ਨੂੰ ਸੁਆਲ ਕਰਕੇ, ਸਮਾਗਮ ਦੇ ਮਿਆਰ ’ਚ ਵਾਧਾ ਕੀਤਾ।
ਸਵਾਗਤੀ ਭਾਸ਼ਨ ’ਚ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਗੁਰਦੇਵ ਚੌਹਾਨ ਵੱਡਾ ਕਵੀ ਹੈ ਪਰ ਪ੍ਰਸਿੱਧ ਘੱਟ ਹੈ। ਵਧੀਆ ਸ਼ਾਇਰ ਦਾ ਮਸ਼ਹੂਰ ਸ਼ਾਇਰ ਹੋਣਾ ਲਾਜ਼ਮੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਗੁਰਦੇਵ ਚੌਹਾਨ ਬੜੀ ਸਹਿਜ ਤੇ ਸੌਖੀ ਕਵਿਤਾ ਕਹਿੰਦੇ ਹਨ ਅਤੇ ਆਪਣੀ ਕਵਿਤਾ ਰਾਹੀਂ ਬੜੀ ਜਲਦੀ ਪਾਠਕ ਨੂੰ ਆਪਣੇ ਆਸ ਪਾਸ ਫੈਲੀ ਕਵਿਤਾ ਦਿਸਣ ਲਾ ਦਿੰਦੇ ਹਨ। ਸ੍ਰੀ ਗੁਰਦੇਵ ਚੌਹਾਨ ਨੇ ਦੱਸਿਆ ਕਿ ਉਹ ਤੀਸਰੀ-ਚੌਥੀ ਜਮਾਤ ’ਚ ਹੀ ਕਿੱਸਾ ਕਾਵਿ ਪੜ੍ਹਨ ਲੱਗ ਗਏ ਸਨ ਅਤੇ ਦਸਵੀਂ ਜਮਾਤ ਤੱਕ ਪੁੱਜਦਿਆਂ ਉਹ ਕਵਿਤਾ ਲਿਖਣ ਲੱਗ ਗਏ ਸਨ। ਉਨ੍ਹਾਂ ਗ੍ਰੈਜੂਏਸ਼ਨ ਕਰਦਿਆਂ ਪਹਿਲੀ ਕਾਵਿ ਪੁਸਤਕ ਲਿਖ ਦਿੱਤੀ ਸੀ। ਉਨ੍ਹਾਂ ਕਿਹਾ ਕਿ ਬਦਲਦੀਆਂ ਪ੍ਰਸਥਿਤੀਆਂ ਉਨ੍ਹਾਂ ਦੀ ਕਵਿਤਾ ਨੂੰ ਨਵੇਂ ਵਿਸ਼ੇ ਪ੍ਰਦਾਨ ਕਰਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਕਵਿਤਾ ’ਚ ਨਵੀਨਤਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕਵਿਤਾ ਕਵੀ ਤੋਂ ਅੰਦਰ-ਬਾਹਰ ਦਾ ਸਹਿਜ ਮੰਗਦੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਕੁਝ ਸ਼ਬਦ ਬਹੁਤ ਚੰਗੇ ਲੱਗਦੇ ਹਨ ਜੋ ਵਾਰ-ਵਾਰ ਉਨ੍ਹਾਂ ਦੀ ਕਵਿਤਾ ’ਚ ਆਉਂਦੇ ਹਨ। ਇਸ ਮੌਕੇ ਡਾ. ਸੰਤੋਖ ਸੁੱਖੀ, ਤੁਸ਼ਾਰ, ਗੁਰਮੁਖ ਸਿੰਘ ਜਾਗੀ, ਬਲਵਿੰਦਰ ਸਿੰਘ ਭੱਟੀ ਆਦਿ ਨੇ ਵੀ ਸ. ਚੌਹਾਨ ਨੂੰ ਸੁਆਲ ਕੀਤੇ।
ਆਪਣੇ ਪ੍ਰਧਾਨਗੀ ਭਾਸ਼ਨ ’ਚ ਡਾ. ਜਸਵਿੰਦਰ ਸਿੰਘ ਨੇ ਭਾਸ਼ਾ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਸਾਹਿਤਕ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਇੱਕ ਵਿਲੱਖਣ ਤੇ ਸਮਰੱਥਾਵਾਨ ਸੰਸਥਾ ਹੈ। ਇਸ ਕਰਕੇ ਇਸ ਨੂੰ ਅਜਿਹੇ ਮਿਆਰੀ ਸਮਾਗਮ ਰਚਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿ ਸਮੇਂ ਦੇ ਨਾਲ-ਨਾਲ ਬਦਲਦੀ ਕਵਿਤਾ ਹੀ ਵਕਤ ਦੀ ਅਵਾਜ਼ ਬਣਦੀ ਹੈ। ਇੱਕ ਸਮੇਂ ਕਈ ਧਰਾਵਾਂ ’ਚ ਕਵਿਤਾ ਰਚੀ ਜਾਂਦੀ ਹੈ ਅਤੇ ਹਰ ਤਰ੍ਹਾਂ ਦੀ ਕਵਿਤਾ ਨੂੰ ਚਾਹੁੰਣ ਵਾਲੇ ਪਾਠਕਾਂ/ਸਰੋਤਿਆਂ ਦੇ ਵਰਗ ਵੱਖਰੇ-ਵੱਖਰੇ ਹੁੰਦੇ ਹਨ। ਸੰਵਾਦ ਕਰਤਾ ਗੁਰਪ੍ਰੀਤ ਮਾਨਸਾ ਨੇ ਕੁਝ ਕਾਵਿ ਵੰਨਗੀਆਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਮਾਗਮ ਦੇ ਆਰੰਭ ਵਿੱਚ ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਹਰਪ੍ਰੀਤ ਕੌਰ ਸ. ਗੁਰਦੇਵ ਚੌਹਾਨ ਦਾ ਪੌਦਾ ਭੇਟ ਕਰਕੇ ਸਵਾਗਤ ਕੀਤਾ ਅਤੇ ਅਖੀਰ ਵਿੱਚ ਵਿਭਾਗ ਵੱਲੋਂ ਸ. ਚੌਹਾਨ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਤਿਕਾਰ ਦਿੱਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਭਜਨ ਕੌਰ ਅਤੇ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਤੇ ਜਸਪ੍ਰੀਤ ਕੌਰ ਤੋਂ ਇਲਾਵਾ ਪ੍ਰੋ
ਡਾ. ਸੁਰਜੀਤ ਸਿੰਘ, ਸ਼ਾਇਰ ਬਲਵਿੰਦਰ ਸੰਧੂ, ਜਗਦੀਪ ਸਿੱਧੂ, ਸੰਤ ਸਿੰਘ ਸੋਹਲ, ਨਵਦੀਪ ਮੁੰਡੀ, ਅਵਤਾਰਜੀਤ, ਹਰਪ੍ਰੀਤ ਸੰਧੂ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
ਤਸਵੀਰ:- ਸ਼ਾਇਰ ਗੁਰਦੇਵ ਚੌਹਾਨ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਭਾਸ਼ਾ ਵਿਭਾਗ ਸ. ਜਸਵੰਤ ਸਿੰਘ ਜ਼ਫ਼ਰ ਨਾਲ ਹਨ ਡਾ. ਜਸਵਿੰਦਰ ਸਿੰਘ ਤੇ ਹੋਰ ਸ਼ਖਸ਼ੀਅਤਾਂ।