ਮਿਸ਼ਨ ਵਨ ਜੱਜ-ਵਨ ਟ੍ਰੀ’: ਜ਼ਿਲਾ ਜਲੰਧਰ ਦੇ ਸਮੂਹ ਜੱਜਾਂ ਨੇ ਲਾਇਆ ਇਕ-ਇਕ ਬੂਟਾ, ਸਾਂਭ-ਸੰਭਾਲ ਲਈ ਕੀਤਾ ਅਡਾਪਟ
ਉਪਰਾਲੇ ਦਾ ਉਦੇਸ਼ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਜੁਡੀਸ਼ੀਅਲ ਅਫ਼ਸਰਾਂ ਨੂੰ ਵਾਤਾਵਰਣ ਸੁਰੱਖਿਆ ’ਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕਰਨਾ : ਸੀ.ਜੇ.ਐਮ.
ਜਲੰਧਰ, 5 ਜੁਲਾਈ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ‘ਗ੍ਰੀਨ ਓਥ ਡੇ’ ਨੂੰ ‘ਮਿਸ਼ਨ ਵਨ ਜੱਜ-ਵਨ ਟ੍ਰੀ’ ਤਹਿਤ ਮਨਾਇਆ ਗਿਆ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਨਿਰਭਉ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੇ ਇਸ ਉਪਰਾਲੇ ਤਹਿਤ ਜਲੰਧਰ, ਨਕੋਦਰ ਅਤੇ ਫਿਲੌਰ ਦੇ ਜੁਡੀਸ਼ੀਅਲ ਅਫ਼ਸਰਾਂ ਵੱਲੋਂ ਇੱਕ-ਇੱਕ ਬੂਟਾ ਲਗਾ ਕੇ ਸਾਂਭ-ਸੰਭਾਲ ਲਈ ਇਨ੍ਹਾਂ ਨੂੰ ਅਡਾਪਟ ਕੀਤਾ ਗਿਆ।
ਸਥਾਨਕ ਸਰਕਾਰੀ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ ਵਿਖੇ ਇਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ, ਜਿਸ ਦੌਰਾਨ ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾਏ ਗਏ। ਰੁੱਖ ਲਗਾਉਣ ਦੀ ਮੁਹਿੰਮ ਦੀ ਪ੍ਰਧਾਨਗੀ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਲੰਧਰ ਰਾਜੀਵ ਕੇ ਬੇਰੀ ਵੱਲੋਂ ਕੀਤੀ ਗਈ। ਸਮਾਗਮ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਜਲੰਧਰ ਦੇ ਜੁਡੀਸ਼ੀਅਲ ਅਫ਼ਸਰਾਂ ਅਤੇ ਬਾਰ ਐਸੋਸੀਏਸ਼ਨ ਜਲੰਧਰ ਦੇ ਮੈਂਬਰਾਂ ਨੇ ਭਾਗ ਲਿਆ।
ਇਸ ਦੌਰਾਨ ਅੰਬ, ਟਾਹਲੀ, ਨਿੰਮ, ਅਰਜੁਨ ਅਤੇ ਅਮਲਤਾਸ ਆਦਿ ਦੇ ਬੂਟੇ ਲਗਾਏ ਗਏ, ਜੋ ਕਿ ਆਪਣੇ ਕੀਮਤੀ ਗੁਣਾਂ ਲਈ ਜਾਣੇ ਜਾਂਦੇ ਹਨ। ਹਰੇਕ ਰੁੱਖ ਨੂੰ ਅਡਾਪਟ ਕਰਨ ਵਾਲਾ ਅਫ਼ਸਰ ਇਸ ਸਬੰਧੀ ਇਕ ਬੁਕਲੇਟ ਮੈਨਟੇਨ ਕਰੇਗਾ, ਜੋ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਾਸ ਜਮ੍ਹਾ ਕਰਵਾਈ ਜਾਵੇਗੀ। ਇਨ੍ਹਾਂ ਬੁਕਲੈੱਟਾਂ ਵਿੱਚ ਰੁੱਖ ਦਾ ਨਾਮ ਅਤੇ ਅਡਾਪਟ ਕਰਨ ਦੀ ਮਿਤੀ ਦਰਜ ਕੀਤੀ ਜਾਵੇਗੀ ਅਤੇ ਤਬਾਦਲੇ ਦੀ ਸੂਰਤ ਵਿੱਚ ਇਹ ਬੁਕਲੈੱਟਸ ਉੱਤਰਾਧਿਕਾਰੀ ਅਫ਼ਸਰਾਂ ਨੂੰ ਸੌਂਪੀਆਂ ਜਾਣਗੀਆਂ।
ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰਾਹੁਲ ਕੁਮਾਰ ਆਜ਼ਾਦ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਜੁਡੀਸ਼ੀਅਲ ਅਫ਼ਸਰਾਂ ਨੂੰ ਵਾਤਾਵਰਣ ਸੁਰੱਖਿਆ ’ਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਹੈ, ਜੋ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵਾਤਾਵਰਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਸਮਾਗਮ ਦੀ ਸਫ਼ਲਤਾ ਵਿੱਚ ਪ੍ਰਿੰਸੀਪਲ ਮਨਿੰਦਰ ਕੌਰ, ਪ੍ਰਿੰਸੀਪਲ ਯੋਗੇਸ਼ ਕੁਮਾਰ, ਸਕੂਲਾਂ ਦੇ ਸਟਾਫ਼ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੇ ਸੀਨੀਅਰ ਸਹਾਇਕ ਜਗਨ ਨਾਥ ਅਤੇ ਸਟਾਫ ਨੇ ਅਹਿਮ ਭੂਮਿਕਾ ਨਿਭਾਈ।