Arth Parkash : Latest Hindi News, News in Hindi
ਕਿਸਾਨਾਂ ਨੂੰ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਤੇ ਸੁਝਾਅ ਕਿਸਾਨਾਂ ਨੂੰ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਤੇ ਸੁਝਾਅ
Sunday, 13 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕਿਸਾਨਾਂ ਨੂੰ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਤੇ ਸੁਝਾਅ

ਪਿੰਡ ਚੰਨੋਂ/ਸੰਗਰੂਰ, 14 ਜੁਲਾਈ (2025) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਚੰਨੋਂ ਜ਼ਿਲ੍ਹਾ ਸੰਗਰੁਰ ਵਿਖੇ ਪਿੰਡ ਪੱਧਰੀ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਖੇਤਾਂ ਦਾ ਲਗਾਤਾਰ ਨਿਰੀਖਣ ਕਰਨ ਦੀ ਸਲਾਹ ਦਿੱਤੀ।

ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੇ ਪੱਤੇ ਜੰਗਾਲੇ ਜਿਹੇ ਜਾਂ ਭੂਰੇ ਨਜ਼ਰ ਆਉਣ, ਜਾਂ ਪੱਤੇ ਦੀ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਵੇ ਤਾਂ ਜ਼ਿੰਕ ਦੀ ਘਾਟ ਦੇ ਲੱਛਣ ਹੋ ਸਕਦੇ ਹਨ। ਇਸ ਕਰਕੇ ਖੇਤੀ ਮਾਹਿਰਾਂ ਦੇ ਨਾਲ ਸਲਾਹ ਕਰਕੇ ਜ਼ਿੰਕ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਿਨ੍ਹਾਂ ਕਿਸਾਨ ਵੀਰਾਂ ਨੇ ਝੋਨੇ ਦੀ ਲਵਾਈ ਕਰਨੀ ਹੈ ਅਤੇ ਪਿਛਲੇ ਸਾਲ ਉਹਨਾਂ ਦੇ ਖੇਤਾਂ ਵਿੱਚ ਜ਼ਿੰਕ ਦੀ ਘਾਟ ਸੀ, ਉਹ ਕੱਦੂ ਕਰਨ ਵੇਲੇ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓਣ। ਜੇਕਰ ਝੋਨੇ ਜਾਂ ਬਾਸਮਤੀ ਦੀ ਲੁਆਈ ਤੋਂ ਬਾਅਦ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ 10 ਕਿਲੋ ਜ਼ਿੰਕ ਸਲਫੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਨੂੰ ਇੰਨੀ ਹੀ ਸੁਕੀ ਮਿੱਟੀ ਵਿੱਚ ਰਲਾ ਕੇ ਖਲਾਰ ਦੇਣਾ ਚਾਹੀਦਾ ਹੈ।

ਉਹਨਾਂ ਨੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਤਰ੍ਹਾਂ ਦੇ ਨਦੀਨ ਨਾਸ਼ਕਾਂ ਨੂੰ ਰਲਾ ਕੇ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ। ਝੋਨੇ ਤੇ ਬਾਸਮਤੀ ਦੇ ਕੀੜੇ ਮਕੌੜੇ ਜਿਵੇਂ ਕਿ ਤਣੇ ਦੇ ਗੰਡੂਏ, ਪੱਤਾ ਲਪੇਟ ਸੁੰਡੀ ਆਦਿ ਦਾ ਨਿਰੀਖਣ ਕਰਕੇ ਇਕਨਾਮਿਕ ਥਰੈਸ਼ਹੋਲਡ ਲੈਵਲ ਤੋਂ ਵੱਧ ਮਾਤਰਾ ਵਿੱਚ ਹਮਲਾ ਹੋਣ ਦੀ ਸੂਰਤ ਵਿੱਚ ਹੀ ਛਿੜਕਾਅ ਕਰਨ ਨੂੰ ਕਿਹਾ।ਉਹਨਾਂ ਨੇ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਪ੍ਰਭਾਵਸ਼ਾਲੀ ਨਦੀਨਨਾਸ਼ਕਾਂ ਅਤੇ ਜਿਪਸਮ ਦੀ ਵਰਤੋਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਇਸ ਮੌਕੇ ਧਾਤਾਂ ਦਾ ਚੂਰਾ, ਬਾਈਪਾਸ ਫੈਟ ਅਤੇ ਪਸ਼ੂ ਚਾਟ ਦੀ ਪ੍ਰਦਰਸ਼ਨੀ ਅਤੇ ਸੇਲ ਵੀ ਕੀਤੀ ਗਈ। ਅਮਰੂਦਾਂ ਵਿੱਚ ਫਲ੍ਹ ਦੀ ਮੱਖੀ ਦੀ ਰੋਕਥਾਮ ਲਈ “ਫਰੂਟ ਫਲਾਈ ਟ੍ਰੈਪ” ਵੀ ਦਿੱਤੇ ਗਏ। ਕੈਂਪ ਵਿੱਚ ਸ. ਮਿੰਟੂ, ਸ. ਕਰਮਜੀਤ ਸਿੰਘ ਅਤੇ ਹੋਰ ਕਿਸਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪੀ.ਏ.ਯੂ. ਲੁਧਿਆਣਾ ਵਲੋਂ ਸੰਤਬਰ ਮਹੀਨੇ ਵਿੱਚ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਵੀ ਚਾਨਣਾ ਪਾਇਆ ਗਿਆ। ਅੱਜ ਹੀ ਪਿੰਡ ਭੱਟੀਆਂ ਖੁਰਦ ਦੇ ਕਿਸਾਨ ਸ਼੍ਰੀ ਸੁਖਪਾਲ ਸਿੰਘ, ਦੀ ਘਰੇਲੂ ਬਗੀਚੀ ਦਾ ਖੇਤ ਦਾ ਦੌਰਾ ਵੀ ਕੀਤਾ ਗਿਆ ਅਤੇ ਅਮਰੂਦ ਦੇ ਫਲ 'ਤੇ ਫਲਾਂ ਦੀ ਮੱਖੀ ਫੜਨ ਵਾਲੇ ਫਰੂਟ ਫਲਾਈ ਟ੍ਰੈਪ ਨੂੰ ਵਰਤਣ ਦਾ ਮੌਕੇ 'ਤੇ ਪ੍ਰਦਰਸ਼ਨ ਵੀ ਕੀਤਾ ਗਿਆ।