ਨਸ਼ੇ ਦੀ ਮੰਗ ਅਤੇ ਸਪਲਾਈ ਰੋਕਣ ਲਈ ਸਰਕਾਰ ਨੇ ਅਪਨਾਈ ਦੋਹਰੀ ਰਣਨੀਤੀ – ਵਿਧਾਇਕ ਮਾਲੇਰਕੋਟਲਾ
• ਨਸ਼ਾ ਮੁਕਤ ਪੰਜਾਬ ਦਾ ਟੀਚਾ ਸਿਰਫ਼ ਇੱਕਜੁੱਟ ਯਤਨਾਂ ਨਾਲ ਹੀ ਸੰਭਵ
ਮਾਲੇਰਕੋਟਲਾ 17 ਜੁਲਾਈ –
ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਸਥਾਨਕ ਕਾਲੀ ਮਾਤਾ ਮੰਦਿਰ ਅਤੇ ਲੇਬਰ ਸ਼ੈੱਡ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਹਰ ਪਿੰਡ ਅਤੇ ਵਾਰਡ ਨੂੰ ਨਸ਼ਾ ਮੁਕਤ ਬਣਾਉਣ ਵੱਲ ਕਦਮ ਚੁੱਕਣਾ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਬੇਮਿਸਾਲ ਸਫਲਤਾ ਮਿਲੀ ਹੈ। ਹਜ਼ਾਰਾਂ ੬ਨਸ਼ਾ ਤਸਕਰ ਅਤੇ ਅਪਰਾਧੀ ਫੜੇ ਗਏ। ਹਜ਼ਾਰਾਂ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਅਤੇ ਨਾਜਾਇਜ਼ ਕਬਜ਼ੇ ਵਾਲੀਆਂ ਜ਼ਮੀਨਾਂ ਦੁਆਰਾ ਬਣਾਈਆਂ ਗਈਆਂ ਦਰਜਨਾਂ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਰਕਾਰ ਨੇ ਮੰਗ ਅਤੇ ਸਪਲਾਈ ਦੋਵਾਂ ਨੂੰ ਰੋਕਣ ਲਈ ਦੋਹਰੀ ਰਣਨੀਤੀ ਨਾਲ ਕੰਮ ਕਰ ਰਹੀ ਹੈ। ਇੱਕ ਪਾਸੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਅਤੇ ਦੂਜੇ ਪਾਸੇ, ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵਧੀਆ ਇਲਾਜ ਦਿੱਤਾ ਗਿਆ ਅਤੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਹਰ ਤਰ੍ਹਾਂ ਦੀ ਮਦਦ ਦਿੱਤੀ ਗਈ।
ਉਹਨਾਂ ਹੋਰ ਕਿਹਾ ਕਿ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਮੰਨੀ ਜਾ ਸਕਦੀ ਜਦੋਂ ਤੱਕ ਉਸ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਯਕੀਨੀ ਨਹੀਂ ਬਣਾਈ ਜਾਂਦੀ। ਇਸ ਲਈ ਇਹ ਸਾਡਾ ਕਰਤਵ ਬਣ ਜਾਂਦਾ ਹੈ ਕਿ ਅਸੀਂ ਵੀ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਡੱਟ ਕੇ ਸਾਥ ਦੇਈਏ। ਇਸ ਮੁਹਿੰਮ ਰਾਹੀਂ ਸਾਡਾ ਉਦੇਸ਼ ਆਮ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵਿੱਚ ਭਾਗੀਦਾਰੀ ਵਧਾਉਣਾ ਹੈ ਤਾਂ ਜੋ ਇਹ ਇੱਕ ਜਨ ਅੰਦੋਲਨ ਬਣ ਸਕੇ।