ਨੌਜਵਾਨੀ ਨੂੰ ਨਸ਼ਿਆਂ ਨਾਲੋਂ ਨਿਖੇੜਨ ਦਾ ਇੱਕੋ ਇੱਕ ਜ਼ਰੀਆ ਖੇਡਾਂ ਨਾਲ ਜੋੜਨਾ - ਅਮਨ ਅਰੋੜਾ
- ਕੈਬਨਿਟ ਮੰਤਰੀ ਵੱਲੋਂ ਸੁਨਾਮ ਦੀ ਮਾਇਆ ਗਾਰਡਨ ਵਿਖੇ ਨਵੇਂ ਬਣੇ ਬੈਡਮਿੰਟਨ ਕੋਰਟ ਦਾ ਉਦਘਾਟਨ
ਸੁਨਾਮ ਊਧਮ ਸਿੰਘ ਵਾਲਾ, 27 ਜੁਲਾਈ (2025) - ਸ਼੍ਰੀ ਅਮਨ ਅਰੋੜਾ, ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਸੂਬੇ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਗ੍ਰਿਫ਼ਤ ਵਿੱਚੋਂ ਬਾਹਰ ਕੱਢਣ ਦਾ ਇੱਕੋ ਇੱਕ ਜ਼ਰੀਆ ਖੇਡਾਂ ਹਨ। ਨੌਜਵਾਨਾਂ ਨੂੰ ਵਧੀਆ ਖੇਡ ਸਹੂਲਤਾਂ ਮੁਹਈਆ ਕਰਵਾਉਣ ਨਾਲ ਉਹਨਾਂ ਦਾ ਰੁਝਾਨ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਸਿਹਤ ਅਤੇ ਬੇਹਤਰ ਭਵਿੱਖ ਵੱਲ ਲੱਗੇਗਾ।
ਅੱਜ ਸਥਾਨਕ ਮਾਇਆ ਗਾਰਡਨ ਵਿਖੇ ਤਿਆਰ ਕੀਤੇ ਗਏ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਹੁਣ ਲੋਕ ਵੀ ਸਹਿਯੋਗ ਦੇਣ ਲੱਗੇ ਹਨ। ਲੋਕ ਖੁਦ ਬ ਖੁਦ ਖੇਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਅੱਗੇ ਆ ਰਹੇ ਹਨ। ਇਹ ਮੈਦਾਨ ਬਣਨ ਨਾਲ ਜਿੱਥੇ ਨੌਜਵਾਨ ਖੇਡਾਂ ਨਾਲ ਜੁੜਨਗੇ ਉਥੇ ਹੀ ਉਹ ਨਸ਼ੇ ਦੀ ਅਲਾਮਤ ਤੋਂ ਵੀ ਬਚੇ ਰਹਿਣਗੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਵਾਨੀ ਨੂੰ ਨਸ਼ੇ ਦੀ ਬਿਮਾਰੀ ਤੋਂ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ, ਜਿਸਨੂੰ ਵੀ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਹਰ ਤਰ੍ਹਾਂ ਦੀ ਗਤੀਵਿਧੀ ਉੱਤੇ ਨਕੇਲ ਪਾਈ ਜਾ ਰਹੀ ਹੈ।
ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰੇਕ ਪਿੰਡ ਨੂੰ ਖੇਡ ਮੈਦਾਨ ਦੀ ਸਹੂਲਤ ਮੁਹਈਆ ਕਰਵਾਈ ਜਾਵੇ। ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਗਲੇ ਸਮੇਂ ਦੌਰਾਨ ਪੰਜਾਬ ਦੇ ਨੌਜਵਾਨ ਸੂਬੇ ਦਾ ਖੇਡਾਂ ਦੇ ਖੇਤਰ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਰੌਸ਼ਨ ਕਰਨਗੇ।
ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਚੇਅਰਮੈਨ ਸ਼੍ਰੀ ਮੁਕੇਸ਼ ਜੁਨੇਜਾ, ਭਾਰੀ ਗਿਣਤੀ ਵਿੱਚ ਮਾਇਆ ਗਾਰਡਨ ਨਿਵਾਸੀ, ਮਾਇਆ ਗਾਰਡਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਬੈਡਮਿੰਟਨ ਦੇ ਖਿਡਾਰੀ ਸ਼ਾਮਿਲ ਸਨ।