ਆਜ਼ਾਦੀ ਦਿਵਸ : ਪੁਲਿਸ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਦਾ ਸਰਬ-ਉੱਤਮ ਪੇਸ਼ਕਾਰੀ ਲਈ ਸਨਮਾਨ
ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ
ਜਲੰਧਰ, 15 ਅਗਸਤ : 79ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੁਲਿਸ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ, ਜਿਨ੍ਹਾਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ ਸੀ, ਦਾ ਸਰਵ-ਉੱਤਮ ਪੇਸ਼ਕਾਰੀ ਲਈ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜਿਥੇ ਇਨੋਸੈਂਟ ਹਾਰਟ ਸਕੂਲ, ਜਲੰਧਰ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ’ਤੇ ਆਧਾਰਿਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਉਥੇ ਰੈੱਡ ਕਰਾਸ ਦਿਵਿਆਂਗ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ‘ਮੇਰਾ ਦੇਸ਼ ਹੋਵੇ ਪੰਜਾਬ’ ਗੀਤ ’ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਪੇਸ਼ਕਾਰੀ ਦੇ ਕੇ ਸਭ ਦਾ ਮਨ ਮੋਹ ਲਿਆ।
ਇਸੇ ਤਰ੍ਹਾਂ ਮਾਨਵ ਸਹਿਯੋਗ ਸਕੂਲ, ਜਲੰਧਰ ਦੇ ਵਿਦਿਆਰਥੀਆਂ ਵੱਲੋਂ ‘ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਦੇਖਣ ਨੂੰ’ ਗੀਤ ’ਤੇ ਦਿਲਖਿੱਚਵੀਂ ਪੇਸ਼ਕਾਰੀ ਦਿੱਤੀ ਗਈ ਜਦਕਿ ਹੰਸਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ‘ਜੈ ਹੋֹ’ ਗੀਤ ’ਤੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਵੰਨਗੀ ਪੇਸ਼ ਕੀਤੀ।
ਦੋਆਬਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਖਿਲਾਫ਼ ਨੁੱਕੜ ਨਾਟਕ ਪੇਸ਼ ਕਰਕੇ ਲੋਕਾਂ ਨੂੰ ਇਸ ਲਾਹਣਤ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸੇ ਤਰ੍ਹਾਂ ਸੀ.ਟੀ. ਪਬਲਿਕ ਸਕੂਲ ਮਕਸੂਦਾਂ ਦੇ ਵਿਦਿਆਰਥੀਆਂ ਨੇ ਸਵੱਛਤਾ ’ਤੇ ਕੋਰੀਓਗ੍ਰਾਫੀ ਪੇਸ਼ ਕਰਦਿਆਂ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਦੀ ਮਹੱਤਤਾ ’ਤੇ ਚਾਨਣਾ ਪਾਇਆ।