ਆਰਮੀ ਭਰਤੀ ਰੈਲੀ 2025 (ਅਗਨੀਵੀਰ) ਹੋਈ ਸ਼ੁਰੂ
ਫ਼ਿਰੋਜ਼ਪੁਰ, 18 ਅਗਸਤ:
ਆਰਮੀ ਭਰਤੀ ਰੈਲੀ (ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ, ਅਗਨੀਵੀਰ ਟੈਕਨੀਕਲ ਅਤੇ ਅਗਨੀਵੀਰ ਟਰੇਡਸਮੈਨ) (8ਵੀਂ ਅਤੇ 10ਵੀਂ) ਲਈ ਪੰਜ ਜ਼ਿਲ੍ਹਿਆਂ (ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ) ਲਈ 18 ਅਗਸਤ ਤੋਂ 25 ਅਗਸਤ ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ, ਫਿਰੋਜ਼ਪੁਰ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਹ ਰੈਲੀ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਅਤੇ ਗੋਲਡਨ ਐਰੋ ਡਿਵੀਜ਼ਨ ਅਤੇ ਵਜਰਾ ਕੋਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਸਰਹੱਦੀ ਖੇਤਰ ਦੇ ਨੌਜਵਾਨਾਂ ਵੱਲੋਂ ਇਸ ਭਰਤੀ ਲਈ ਕਾਫੀ ਉਤਸ਼ਾਹ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਰੈਲੀ ਦੀ ਸ਼ੁਰੂਆਤ ਮੇਜਰ ਜਨਰਲ ਰਣਜੀਤ ਸਿੰਘ ਮਾਨਰਾਲ, ਐਸਐਮ, ਵੀਐਸਐਮ ਜਨਰਲ ਅਫ਼ਸਰ ਕਮਾਂਡਿੰਗ, ਗੋਲਡਨ ਐਰੋ ਡਿਵੀਜ਼ਨ ਵੱਲੋਂ ਝੰਡੀ ਦਿਖਾ ਕੇ ਕੀਤੀ ਗਈ। ਇਸ ਮੌਕੇ ਫੌਜ , ਸਿਵਲ ਪ੍ਰਸ਼ਾਸਨ, ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਹ ਰੈਲੀ 26 ਅਗਸਤ ਤੱਕ ਜਾਰੀ ਰਹੇਗੀ ਅਤੇ ਆਖਰੀ ਦਿਨ ਜ਼ੋਨਲ ਅਤੇ ਕੇਂਦਰੀ ਸ਼੍ਰੇਣੀਆਂ ਜਿਵੇਂ (ਜੇ.ਸੀ.ਓ. ਧਾਰਮਿਕ ਟੀਚਰ, ਜੇ.ਸੀ.ਓ. ਕੈਟਰਿੰਗ, ਨਰਸਿੰਗ ਅਸਿਸਟੈਂਟ, ਸਿਪਾਹੀ ਫਾਰਮਾ, ਹਵਲਦਾਰ ਐਜੂਕੇਸ਼ਨ ਅਤੇ ਹਵਲਦਾਰ ਸਰਵੇਅਰ ਆਟੋਮੇਟਿਡ ਕਾਰਟੋਗ੍ਰਾਫਰ) ਲਈ ਰਾਖਵਾਂ ਹੈ, ਜਿਸ ਵਿਚ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਉਮੀਦਵਾਰ ਭਾਗ ਲੈਣਗੇ।
ਇਹ ਭਰਤੀ ਰੈਲੀ ਲਗਭਗ ਦਸ ਦਿਨਾਂ ਤੱਕ ਚੱਲੇਗੀ ਅਤੇ ਇਸ ਵਿੱਚ 8,000 ਤੋਂ ਵੱਧ ਭਾਗੀਦਾਰ 1.6 ਕਿਲੋਮੀਟਰ ਦੌੜ, ਸਰੀਰਕ ਨਿਪੁੰਨਤਾ ਟੈਸਟ ਅਤੇ ਮੈਡੀਕਲ ਪ੍ਰੀਖਿਆਵਾਂ ਵਿੱਚ ਹਿੱਸਾ ਲੈਣਗੇ। ਗੋਲਡਨ ਐਰੋ ਡਿਵੀਜ਼ਨ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਸ ਰੈਲੀ ਨੂੰ ਇੱਕ ਵੱਡੀ ਸਫਲਤਾ ਬਣਾਉਣ ਲਈ ਅਣਥੱਕ ਕੰਮ ਕਰ ਰਿਹਾ ਹੈ। ਇਹ ਭਰਤੀ ਰੈਲੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ ਅਤੇ ਨਸ਼ਾਖੋਰੀ ਵਿਰੁੱਧ ਲੜਾਈ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗੀ।