ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਹੜ੍ਹ ਪ੍ਰਭਾਵਿਤ ਪਿੰਡਾ ਵਿੱਚ 1120 ਲੋਕਾਂ ਦੀ ਮੈਡੀਕਲ ਕੈਂਪ ਵਿੱਚ ਕੀਤੀ ਜਾਂਚ
ਹੈਲਥ ਵਰਕਰ ਘਰ ਘਰ ਵੰਡ ਰਹੇ ਹਨ ਕਲੋਰੀਨ ਗੋਲੀਆਂ, ਆਸ਼ਾ ਵਰਕਰਾਂ ਕਰ ਰਹੀਆਂ ਹਨ ਪਿੰਡਾਂ ਦਾ ਸਰਵੇ
ਫਾਜ਼ਿਲਕਾ
ਸਿਹਤ ਮੰਤਰੀ ਡਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਿਹਤ ਵਿਭਾਗ ਵਲੋਂ ਲਗਾਏ ਗਏ ਮੈਡੀਕਲ ਕੈਂਪਾਂ ਵਿਚ ਅੱਜ ਤੱਕ 1120 ਲੋਕਾ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਦ ਉਨ੍ਹਾਂ ਨੂੰ ਮੁਫਤ ਦਵਾਇਆ ਦਿੱਤੀਆ ਗਈਆ। ਇਸ ਜਾਣਕਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਾਣੀ ਆਉਣ ਵਾਲੇ ਦਿਨ ਤੋਂ ਹੀ ਆਮ ਲੋਕਾਂ ਨੂੰ ਸਿਹਤ ਸਹੂਲਤ ਨੂੰ ਦੇਣ ਲਈ ਰੋਜ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਉਹਨਾ ਦੇ ਪਿੰਡ ਵਿੱਚ ਹੀ ਮਿਲ ਸਕੇ।
ਸਿਵਲ ਸਰਜਨ ਡਾ ਰਾਜ ਕੁਮਾਰ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਿਹਤ ਸਬੰਧੀ ਮੁਸ਼ਕਿਲਾਂ ਨਾਲ ਨਜਿੱਠਣ ਲਈ ਪਿੰਡ ਮਹਾਤਮ ਨਗਰ, ਦੋਨਾਂ ਨਾਨਕਾ, ਰੇਤੇ ਵਾਲੀ ਭੈਣੀ, ਮੋਹਰ ਜਮਸ਼ੇਰ, ਗੁਲਬ ਭੈਣੀ, ਢਾਣੀ ਸੱਦਾ ਸਿੰਘ, ਝੰਗਰ ਭੈਣੀ, ਤੇਜਾ ਰੁਹੇਲਾ ਵਿਖੇ ਵਿਸ਼ੇਸ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹੜ੍ਹਾਂ ਦੀ ਸਥਿਤੀ 'ਚ ਜਿੱਥੇ ਕਈ ਬਿਮਾਰੀਆਂ ਫੈਲਣ ਦਾ ਡਰ ਲੋਕਾਂ ਵਿਚ ਬਣਿਆ ਹੋਇਆ ਹੈ। ਜਿਸ ਲਈ ਪਹਿਲਾ ਹੀ ਟੀਮਾਂ ਲਗਾ ਦਿੱਤੀਆਂ ਗਈਆਂ ਸਨ ਅਤੇ ਇਸ ਦੇ ਨਾਲ ਲੋਕਾ ਨੂੰ ਪਾਣੀ ਨਾਲ ਹੋਣ ਵਾਲੀ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹੈਲਥ ਵਰਕਰ ਘਰ ਘਰ ਜਾ ਕੇ ਕਲੋਰੀਨ ਦੀਆਂ ਗੋਲੀਆਂ ਵੰਡ ਰਹੇ ਹਨ।
ਸਹਾਇਕ ਸਿਵਲ ਸਰਜਨ ਡਾ ਰੋਹਿਤ ਗੋਇਲ ਨੇ ਦੱਸਿਆ ਕਿ ਇਸ ਸੰਬਧੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਵੱਲੋਂ ਵੱਡੀ ਮਾਤਰਾ `ਚ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਸਿਹਤ ਟੀਮਾਂ ਨੂੰ ਕਿਹਾ ਕਿ ਬਰਸਾਤ ਦੇ ਮੱਦੇਨਜ਼ਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਦਸਤ, ਉਲਟੀਆਂ, ਹੈਜ਼ਾ ਆਦਿ ਤੋਂ ਬਚਾਅ ਬਾਰੇ ਵੱਧ ਤੋਂ ਵੱਧ ਜਾਣਕਾਰੀ ਅਤੇ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇ ਅਤੇ ਜਿਥੋਂ ਤੱਕ ਹੋ ਸਕੇ ਪਾਣੀ ਉਬਾਲ ਕੇ ਪੀਣ ਲਈ ਪ੍ਰੇਰਿਤ ਕੀਤਾ ਜਾਵੇ। ਦਸਤ ਹੋਣ ਦੀ ਸੂਰਤ ਵਿਚ ਓ ਆਰ ਐੱਸ ਪੈਕੇਟ ਵੀ ਮੁਫ਼ਤ ਦਿੱਤੇ ਜਾ ਰਹੇ ਹੈ।
ਡਾ ਰਿੰਕੂ ਚਾਵਲਾ ਨੇ ਕਿਹਾ ਕਿ ਆਸ਼ਾ ਵਰਕਰਾਂ ਦੁਆਰਾ ਪ੍ਰਭਾਵਿਤ ਪਿੰਡਾ ਵਿਚ ਸਰਵੇ ਵੀ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ 'ਚ ਹੈ। ਸਿਹਤ ਵਿਭਾਗ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਸੋਮਵਾਰ ਨੂੰ ਪਿੰਡ ਤੇਜਾ ਰੁਹੇਲਾ, ਦੋਨਾਂ ਨਾਨਕਾ, ਝੰਗਰ ਭੈਣੀ, ਮੁਹਾਰ ਜਮਸ਼ੇਰ, ਵੱਲੇ ਸ਼ਾਹ ਹਿਠਾੜ, ਰਾਮ ਸਿੰਘ ਭੈਣੀ, ਮਹਾਤਮ ਨਗਰ ਸਮੇਤ ਪਿੰਡਾ ਵਿੱਚ ਮੈਡੀਕਲ ਕੈਂਪ ਲਗਾਏ ਗਏ ।