Arth Parkash : Latest Hindi News, News in Hindi
ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਅਮਨ ਅਰੋੜਾ ਵੱਲੋਂ ਕੇਂਦਰ ਤੋਂ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ, ਹੜ੍ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਅਮਨ ਅਰੋੜਾ ਵੱਲੋਂ ਕੇਂਦਰ ਤੋਂ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ, ਹੜ੍ਹਾਂ ਮੌਕੇ ਪੰਜਾਬ ਨੂੰ ਸੈਰ-ਸਪਾਟੇ ਵਜੋਂ ਵਰਤਣ ਲਈ ਭਾਜਪਾ ਲੀਡਰਸ਼ਿਪ ਨੂੰ ਘੇਰਿਆ
Sunday, 07 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਅਮਨ ਅਰੋੜਾ ਵੱਲੋਂ ਕੇਂਦਰ ਤੋਂ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ, ਹੜ੍ਹਾਂ ਮੌਕੇ ਪੰਜਾਬ ਨੂੰ ਸੈਰ-ਸਪਾਟੇ ਵਜੋਂ ਵਰਤਣ ਲਈ ਭਾਜਪਾ ਲੀਡਰਸ਼ਿਪ ਨੂੰ ਘੇਰਿਆ

* ਕਿਹਾ, ਪੰਜਾਬ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਾ ਹੈ, ਪਰ ਸੂਬੇ ਦੇ ਹਾਲਾਤਾਂ ਨੂੰ ਮਹਿਜ਼ ਫੋਟੋਗ੍ਰਾਫ਼ੀ ਲਈ ਵਰਤਣ ਦੀ ਬਜਾਏ ਠੋਸ ਸਹਾਇਤਾ ਕੀਤੀ ਜਾਵੇ

* ਹੜ੍ਹਾਂ ਕਰਕੇ ਸੂਬੇ ਦੀ ਆਰਥਿਕਤਾ ਨੂੰ ਹੋਏ ਨੁਕਸਾਨ ਨੂੰ ਵਿਚਾਰਦਿਆਂ ਸੂਬੇ ਦੇ 60 ਹਜ਼ਾਰ ਕਰੋੜ ਰੁਪਏ ਦੇ ਬਕਾਇਆ ਫੰਡ ਤੁਰੰਤ ਜਾਰੀ ਕੀਤੇ ਜਾਣ: ਅਮਨ ਅਰੋੜਾ

ਚੰਡੀਗੜ੍ਹ, 8 ਸਤੰਬਰ:

ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ "ਡੂੰਘੀ ਨੀਂਦ" ਤੋਂ ਜਗਾਉਣ ਦਾ ਹੋਕਾ ਦਿੰਦਿਆਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕੇਂਦਰ ਤੋਂ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹੜ੍ਹਾਂ ਕਰਕੇ ਬਣੇ ਹਾਲਾਤਾਂ ਨੂੰ ਫੋਟੋਗ੍ਰਾਫ਼ੀ ਦੇ ਮੌਕੇ ਵਜੋਂ ਦੇਖਣ ਲਈ ਪੰਜਾਬ ਦੀ ਭਾਜਪਾ ਲੀਡਰਸ਼ਿਪ ਅਤੇ ਕੇਂਦਰੀ ਮੰਤਰੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਸ੍ਰੀ ਮੋਦੀ ਨੂੰ ਇਸ ਕੁਦਰਤੀ ਮਾਰ ਤੋਂ ਸੂਬੇ ਨੂੰ ਉਭਾਰਨ ਲਈ ਕੋਈ ਠੋਸ ਸਹਾਇਤਾ ਦੇਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਪੰਜਾਬ ਆ ਰਹੇ ਹਨ।

ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ,  “ਮੈਂ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕਰਦਾ ਹਾਂ, ਜੋ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਆ ਰਹੇ ਹਨ ਪਰ ਮੈਂ ਨਾਲ ਹੀ ਉਨ੍ਹਾਂ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਕਿ ਉਹ ਇਸ ਗੰਭੀਰ ਸੰਕਟ ਨੂੰ ਸਿਰਫ਼ ਫੋਟੋਗ੍ਰਾਫ਼ੀ ਲਈ ਹੜ੍ਹ ਸੈਰ-ਸਪਾਟੇ ਤੱਕ ਸੀਮਤ ਨਾ ਰੱਖਦਿਆਂ ਪੰਜਾਬ ਲਈ ਵਿਸ਼ੇਸ਼ ਸਹਾਇਤਾ ਲੈ ਕੇ ਆਉਣ। ਜੇਕਰ ਪ੍ਰਧਾਨ ਮੰਤਰੀ ਪੰਜਾਬ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦੇ ਹਨ ਅਤੇ ਉਹ ਸੱਚਮੁੱਚ ਪੰਜਾਬ ਦੀ ਪਰਵਾਹ ਕਰਦੇ ਹਨ ਤਾਂ ਉਹ ਸੂਬੇ ਲਈ ਘੱਟੋ-ਘੱਟ 20,000 ਕਰੋੜ ਰੁਪਏ ਦਾ ਪੈਕੇਜ ਲੈ ਕੇ ਆਉਣ।”

ਸ੍ਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ 60,000 ਕਰੋੜ ਰੁਪਏ ਦੇ ਰੋਕੇ ਗਏ ਫੰਡਾਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ, ਜਿਸ ਵਿੱਚ ਜੀ.ਐਸ.ਟੀ. ਪ੍ਰਣਾਲੀ ਲਾਗੂ ਹੋਣ ਕਾਰਨ 50,000 ਕਰੋੜ ਰੁਪਏ ਦੇ ਮਾਲੀਆ ਦਾ ਨੁਕਸਾਨ ਅਤੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੇਂਡੂ ਵਿਕਾਸ ਫੰਡ (ਆਰਡੀਐਫ) ਅਤੇ ਮਾਰਕੀਟ ਵਿਕਾਸ ਫੰਡ (ਐਮਡੀਐਫ) ਦੇ ਬਕਾਇਆ 8,000 ਕਰੋੜ ਰੁਪਏ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਬਕਾਇਆ ਫੰਡ ਜਾਰੀ ਕਰਨ ਲਈ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ। ਉਨ੍ਹਾਂ ਨੇ ਹੜ੍ਹ ਮੁਆਵਜ਼ੇ ਵਿੱਚ ਵਾਧੇ ਦੀ ਮੰਗ ਵੀ ਕੀਤੀ ਕਿਉਂਕਿ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ 4.50 ਲੱਖ ਏਕੜ ਤੋਂ ਵੱਧ ਖੇਤੀ ਵਾਲਾ ਰਕਬਾ ਪਾਣੀ ‘ਚ ਡੁੱਬ ਗਿਆ ਹੈ ਅਤੇ 3 ਲੱਖ ਤੋਂ ਵੱਧ ਪਸ਼ੂਧਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸੈਂਕੜੇ ਘਰ ਨੁਕਸਾਨੇ ਗਏ ਹਨ।

ਉਨ੍ਹਾਂ ਨੇ ਭਾਰਤ ਦੀ ਖੁਰਾਕ ਸੁਰੱਖਿਆ ਵਿੱਚ ਪੰਜਾਬ ਦੇ ਮਹੱਤਵਪੂਰਨ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੀ ਹੜ੍ਹ ਪ੍ਰਭਾਵਿਤ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਲੋੜ 'ਤੇ ਜ਼ੋਰ ਦਿੱਤਾ।

ਕੇਂਦਰ ਸਰਕਾਰ 'ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਉਂਦਿਆਂ ਸ੍ਰੀ ਅਰੋੜਾ ਨੇ ਇਸ ਸੰਕਟ ਦੌਰਾਨ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪੀ 'ਤੇ ਸਵਾਲ ਉਠਾਉਂਦਿਆਂ ਸੁਝਾਅ ਦਿੱਤਾ ਕਿ ਅਜਿਹੇ ਹਾਲਾਤਾਂ ਵਿੱਚ ਇਨ੍ਹਾਂ ਆਗੂਆਂ ਨੂੰ ਫੋਟੋਆਂ ਖਿਚਵਾਉਣ ਦੇ ਮੌਕੇ ਤਲਾਸ਼ਣ ਦੀ ਥਾਂ ਸੂਬੇ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਹਾਸਲ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਬਣੇ ਗੰਭੀਰ ਹਾਲਾਤਾਂ ‘ਚ ਸੁਧਾਰ ਲਈ ਵਿਖਾਵੇ ਦੀ ਰਾਜਨੀਤੀ ਨਹੀਂ, ਸਗੋਂ ਠੋਸ ਕਾਰਵਾਈ ਕਰਨ ਦੀ ਲੋੜ ਹੈ।

ਸ੍ਰੀ ਅਮਨ ਅਰੋੜਾ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਇਸ ਕੁਦਰਤੀ ਕਹਿਰ ਕਰਕੇ ਬਣੇ ਹਾਲਾਤਾਂ ‘ਚੋਂ ਸੂਬੇ ਨੂੰ ਉਭਾਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਸੂਬੇ ਦੀਆਂ ਚੁਣੌਤੀਆਂ ਦੇ ਹੱਲ ਲਈ ਲੋੜੀਂਦੀ ਰਾਹਤ ਅਤੇ ਸਹਾਇਤਾ ਦੀ ਲੋੜ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਪੰਜਾਬ ਦੇ ਹੱਕਾਂ ਲਈ ਹਰੇਕ ਪਲੇਟਫ਼ਾਰਮ ਉਤੇ ਆਵਾਜ਼ ਉਠਾਵੇਗੀ।