ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਧਰਮ ਪਤਨੀ ਵੱਲ਼ੋਂ ਨਿਸੋਕੇ ਪਿੰਡ ਵਿੱਚ ਘਰ-ਘਰ ਜਾ ਕੇ ਵੰਡੀ ਗਈ ਰਾਹਤ ਸਮੱਗਰੀ
ਅੰਮ੍ਰਿਤਸਰ 9 ਸਤੰਬਰ 2025--
ਪੰਜਾਬ ਵਿੱਚ ਹੜਾਂ ਨੇ ਕਾਫ਼ੀ ਨੁਕਸਾਨ ਕੀਤਾ ਹੈ ਅਤੇ ਹੜਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਹਲਕੇ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ । ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਹੜ ਪੀੜਤ ਪਰਿਵਾਰਾਂ ਤੱਕ ਹਰ ਮਦਦ ਪਹੁੰਚਾਉਣ ਦੀ ਕੌਸ਼ਿਸ਼ ਕਰ ਰਹੀ ਹੈ ।
ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਧਰਮ ਪਤਨੀ ਮੈਡਮ ਸੁਹਿੰਦਰ ਕੌਰ ਜੰਡਿਆਲਾ ਹਲਕੇ ਦੇ ਪਿੰਡ ਸੈਦਪੁਰ ਤੋਂ ਅਜਨਾਲਾ ਹਲਕੇ ਦੇ ਪਿੰਡ ਨਿਸੋਕੇ ਰਾਹਤ ਸਮੱਗਰੀ ਲੈ ਕੇ ਪਹੁੰਚੇ। ਸਰਦਾਰ ਹਰਜਿੰਦਰ ਸਿੰਘ ਪਿੰਡ ਸੈਦਪੁਰ, ਐਨ.ਆਰ.ਆਈ ਭਰਾਵਾਂ ਅਤੇ, ਡੇਰਾ ਬਾਬਾ ਤੇਜਾ ਸਿੰਘ ਜੀ ਸੈਦਪੁਰ ਅਤੇ ਡੇਰਾ ਬਾਬਾ ਚੰਨਣ ਸਿੰਘ ਜੀ ਸੈਦਪੁਰ ਦੇ ਸਹਿਯੋਗ ਨਾਲ 3 ਲੱਖ 50 ਹਜ਼ਾਰ ਰੁਪਏ ਦੀ ਸਹਾਇਤਾ ਸਮੱਗਰੀ ਦੀ ਸੇਵਾ ਨਿਭਾਈ ਗਈ। ਸੁਹਿੰਦਰ ਕੌਰ ਵੱਲੋਂ ਅਜਨਾਲਾ ਹਲਕੇ ਦੇ ਪਿੰਡ ਨਿਸੋਕੇ ਵਿੱਚ ਲੋਕਾਂ ਦੀ ਜ਼ਰੂਰਤ ਅਨੁਸਾਰ ਰਾਸ਼ਨ ਸਮੱਗਰੀ ਅਤੇ ਪਸ਼ੂਆਂ ਲਈ ਚਾਰਾ ਘਰ-ਘਰ ਜਾ ਕੇ ਲੋਕਾਂ ਨੂੰ ਮੁਹੱਈਆ ਕਰਵਾਇਆ ਗਿਆ।
ਸੁਹਿੰਦਰ ਕੌਰ ਨੇ ਕਿਹਾ ਕਿ ਹੜਾਂ ਕਾਰਨ ਖੇਤਾਂ ਵਿੱਚ ਹੋਈ ਬਰਬਾਦੀ ਨੂੰ ਵੀ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਕਿਸਾਨਾਂ ਨੂੰ ਮੁਆਵਜ਼ਾ ਜਲਦੀ ਦਿੱਤਾ ਜਾਵੇਗਾ। ਭਗਵੰਤ ਮਾਨ ਸਰਕਾਰ ਹੜਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ “ਜਿਸਦਾ ਖੇਤ ਉਸਦੀ ਰੇਤ” ਪਾਲਿਸੀ ਲਾਗੂ ਕੀਤੀ ਗਈ ਹੈ । ਇਹ ਨੀਤੀ ਸਿਰਫ ਹੜ ਪ੍ਰਭਾਵਿਤ ਖੇਤਾਂ ਤੇ ਲਾਗੂ ਹੋਵੇਗੀ ।
ਸੁਹਿੰਦਰ ਕੌਰ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ ਅਤੇ ਸਰਕਾਰ ਵੱਲੋਂ ਲੋੜੀਂਦੀ ਮਦਦ ਘਰ-ਘਰ ਪਹੁੰਚਾਈ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਜਲਦੀ ਹੀ ਆਮ ਹਾਲਾਤਾਂ ਵਿੱਚ ਵਾਪਸ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਤੁਰੰਤ ਕੀਤੀ ਜਾ ਸਕੇ। ਇਲਾਕ਼ਾ ਨਿਵਾਸੀਆਂ ਵੱਲੋਂ ਸੜਕਾਂ ਦੀ ਰਿਪੇਅਰ ਦੀ ਮੰਗ ਕੀਤੀ ਗਈ ਅਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਬਹੁਤ ਜਲਦੀ ਸੜਕਾਂ ਰਿਪੇਅਰ ਕੀਤੀਆਂ ਜਾਣਗੀਆਂ ।