*ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ*
*ਤਲਵੰਡੀ ਸਾਬੋ ਪਾਵਰ ਲਿਮਟਡ ਵੱਲੋਂ ਆਈਆਂ 161 ਰਾਸ਼ਨ ਕਿੱਟਾਂ ਹੜ੍ਹ ਪੀੜਤਾਂ ਲਈ ਭੇਜੀਆਂ ਜਾਣਗੀਆਂ-ਡਿਪਟੀ ਕਮਿਸ਼ਨਰ*
*ਪੀੜਤਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਮਨੁੱਖਤਾ ਦੀ ਸੇਵਾ ਸਰਵਉੱਤਮ ਕਾਰਜ-ਨਵਜੋਤ ਕੌਰ*
ਮਾਨਸਾ, 09 ਸਤੰਬਰ:
ਹੜ੍ਹਾਂ ਦੀ ਇਸ ਕੁਦਤਰੀ ਆਫ਼ਤ ਦੌਰਾਨ ਜਿੱਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉੱਥੇ ਹੀ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ। ਅਜਿਹੇ ਵਿਚ ਪੀੜਤ ਲੋਕਾਂ ਦੀ ਮਦਦ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਲਗਾਤਾਰ ਕਾਰਜਸ਼ੀਲ ਹੈ ਉੱਥੇ ਹੀ ਵੱਖ ਵੱਖ ਸੰਸਥਾਵਾਂ ਵੱਲੋਂ ਆਪਣਾ ਅਹਿਮ ਰੋਲ ਅਦਾ ਕਰਦਿਆਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।
ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਨੇ ਅੱਜ ਤਲਵੰਡੀ ਸਾਬੋ ਪਾਵਰ ਲਿਮਟਡ ਵੱਲੋਂ ਆਈਆਂ 161 ਰਾਸ਼ਨ ਕਿੱਟਾਂ ਜ਼ਿਲ੍ਹੇ ਦੀਆਂ ਤਿੰਨੋ ਸਬ ਡਵੀਜ਼ਨਾਂ ਵਿਚ ਭੇਜਣ ਲਈ ਰੈੱਡ ਕਰਾਸ ਨੂੰ ਸਪੁਰਦ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਮਾਨਸਾ ਦੀਆਂ ਤਿੰਨੋ ਸਬ ਡਵੀਜ਼ਨਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਇਸ ਵਿਚੋਂ 50 ਰਾਸ਼ਨ ਕਿੱਟਾਂ ਪ੍ਰਤੀ ਸਬ ਡਵੀਜ਼ਨ ਭੇਜੀਆਂ ਜਾਣਗੀਆਂ ਅਤੇ ਬਾਕੀ 11 ਕਿੱਟਾਂ ਰੈੱਡ ਕਰਾਸ ਕੋਲ ਜ਼ਰੂਰਮੰਦਾਂ ਦੀ ਮੰਗ ਅਨੁਸਾਰ ਲੋੜ ਪੈਣ 'ਤੇ ਦੇਣ ਲਈ ਰੱਖੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਕਾਰਜ ਹੈ। ਸਾਨੂੰ ਇਸ ਕੁਦਤਰੀ ਆਫ਼ਤ ਵਿਚ ਸਭ ਮਸਲਿਆਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪ੍ਰਭਾਵਿਤ ਲੋਕ ਜਲਦੀ ਹੀ ਆਪਣੀ ਮੁੱਖ ਧਾਰਾ ਵਿਚ ਆਉਣ ਅਤੇ ਉਨ੍ਹਾਂ ਦਾ ਜਨ ਜੀਵਨ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਹੋ ਸਕੇ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ, ਸਕੱਤਰ ਰੈਡ ਕਰਾਸ ਰਤਿੰਦਰਪਾਲ ਕੌਰ, ਟੀ.ਐਸ.ਪੀ.ਐਲ. ਤੋਂ ਸੀ.ਐਚ.ਆਰ.ਓ. ਅਭਿਲਾਸ਼ਾ ਮਾਲਵਿਯਾ, ਲੀਡ ਸੀ ਐਸ ਆਰ ਯਾਸਮਿਨ ਮਿੱਤਲ ਅਤੇ ਸੀ.ਐਸ.ਓ. ਵਿਨੇ ਕੁਮਾਰ ਮੌਜੂਦ ਸਨ।