ਪਿਛਲੇ 24 ਘੰਟਿਆਂ ਦੌਰਾਨ 40 ਹੋਰ ਵਿਅਕਤੀ ਹੜ੍ਹ ਖੇਤਰ 'ਚੋਂ ਸੁਰੱਖਿਅਤ ਕੱਢੇ, ਕੁੱਲ ਗਿਣਤੀ 23,337 ਹੋਈ: ਹਰਦੀਪ ਸਿੰਘ ਮੁੰਡੀਆਂ
111 ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ 4585 ਲੋਕ
ਹੜ੍ਹਾਂ ਦੀ ਮਾਰ ਹੇਠ ਆਏ 29 ਹੋਰ ਪਿੰਡ
ਫ਼ਾਜ਼ਿਲਕਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਦੋ ਹੋਰ ਮੌਤਾਂ ਦਰਜ
ਚੰਡੀਗੜ੍ਹ, 11 ਸਤੰਬਰ:
ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ 40 ਹੋਰ ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਜਿਸ ਨਾਲ ਸੂਬੇ ਭਰ ਵਿੱਚ ਬਚਾਏ ਗਏ ਲੋਕਾਂ ਦੀ ਕੁੱਲ ਗਿਣਤੀ 23,337 ਹੋ ਗਈ ਹੈ।
ਮਾਲ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹਾਲੇ ਜਾਰੀ ਹੈ ਜਿਸ ਦੇ ਚਲਦਿਆਂ 29 ਹੋਰ ਪਿੰਡ, 42 ਲੋਕ ਅਤੇ ਲਗਭਗ 398 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਇਸ ਤਰ੍ਹਾਂ 22 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 2214 ਹੋ ਗਈ ਹੈ ਅਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 3,88,508 ਤੱਕ ਪਹੁੰਚ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਫ਼ਾਜ਼ਿਲਕਾ ਅਤੇ ਮਾਨਸਾ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ, ਜਿਸ ਨਾਲ ਸੂਬੇ ਭਰ ਵਿੱਚ ਮੌਤਾਂ ਦੀ ਕੁੱਲ ਗਿਣਤੀ 55 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 111 ਰਾਹਤ ਕੈਂਪ ਜਾਰੀ ਹਨ, ਜਿੱਥੇ 4585 ਪ੍ਰਭਾਵਿਤ ਵਿਅਕਤੀ ਰਹਿ ਰਹੇ ਹਨ।
ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 18 ਜ਼ਿਲ੍ਹਿਆਂ ਵਿੱਚ ਨੁਕਸਾਨਿਆ ਗਿਆ ਕੁੱਲ ਫ਼ਸਲੀ ਰਕਬਾ 1,92,380.05 ਹੈਕਟੇਅਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਐਨ.ਡੀ.ਆਰ.ਐਫ. ਟੀਮਾਂ ਦੀਆਂ 8, ਐਸ.ਡੀ.ਆਰ.ਐਫ. ਦੀਆਂ 2 ਟੀਮਾਂ, ਫੌਜ ਦੇ 14 ਕਾਲਮ ਅਤੇ 2 ਇੰਜੀਨੀਅਰ ਟਾਸਕ ਫੋਰਸ ਸਰਗਰਮੀ ਨਾਲ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਮੌਜੂਦਾ ਰਾਹਤ ਕਾਰਜਾਂ ਵਿੱਚ 184 ਕਿਸ਼ਤੀਆਂ ਵੀ ਸ਼ਾਮਲ ਹਨ।