ਡਿਪਟੀ ਕਮਿਸ਼ਨਰ ਨੇ ਬਾਬਾ ਫ਼ਰੀਦ ਆਗਮਨ ਪੁਰਬ ਸਬੰਧੀ ਅਧਿਕਾਰੀਆਂ ਨਾਲ ਕੀਤੀ ਰਿਵਿਊ ਮੀਟਿੰਗ
ਫਰੀਦਕੋਟ 17 ਸਤੰਬਰ ( 2025 ) ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2025 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਅਧਿਕਾਰੀਆਂ ਨਾਲ ਰਿਵਿਊ ਮੀਟਿੰਗ ਕੀਤੀ ਅਤੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਬਾਬਾ ਫਰੀਦ ਆਗਮਨ ਪੁਰਬ ਮੌਕੇ 19 ਤੋਂ 23 ਸਤੰਬਰ ਤੱਕ ਸਿਰਫ ਧਾਰਮਿਕ ਸਮਾਗਮ ਹੀ ਹੋਣਗੇ।
ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਆਗਮਨ ਪੁਰਬ ਦੌਰਾਨ ਫ਼ਰੀਦਕੋਟ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ, ਜਿਸ ਕਾਰਨ ਆਵਾਜਾਈ ਸੁਚਾਰੂ ਬਣਾਈ ਰੱਖਣ ਲਈ ਪੁਲ ਦੀ ਵਰਤੋਂ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪੁੱਲ ਆਰਜ਼ੀ ਤੌਰ ਤੇ ਖੋਲਿਆ ਗਿਆ ਹੈ ਜਿਸ ਨਾਲ ਆਉਣ ਵਾਲੇ ਯਾਤਰੀਆਂ ਨੂੰ ਵੱਡੀ ਸੁਵਿਧਾ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਦੌਰਾਨ ਸਾਰੇ ਦਿਨ ਮਿਤੀ 19 ਤੋਂ 23 ਸਤੰਬਰ ਤੱਕ ਲੰਗਰ ਲਗਾਇਆ ਜਾਵੇਗਾ, ਸੰਗਤਾਂ ਦੇ ਇਕੱਠ ਨੂੰ ਧਿਆਨ ਵਿੱਚ ਰੱਖਦਿਆਂ ਲੰਗਰ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ ਤੇ ਲਗਾਇਆ ਜਾਵੇਗਾ ਅਤੇ ਲੰਗਰ ਲਗਾਉਣ ਉਪਰੰਤ ਉੱਥੇ ਸਫਾਈ ਦਾ ਧਿਆਨ ਰੱਖਿਆ ਜਾਵੇ ਕਿ ਗੰਦਗੀ ਦੇ ਢੇਰ ਨਾ ਲਗਾਏ ਜਾਣ ਅਤੇ ਕੂੜੇਦਾਨ ਦਾ ਪ੍ਰਬੰਧ ਜਰੂਰ ਹੋਵੇ।
ਇਸ ਮੌਕੇ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਵੱਲੋਂ ਜਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬਾਬਾ ਫਰੀਦ ਆਗਮਨ ਪੁਰਬ ਲਈ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਸੁਰੱਖਿਆ ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਲਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਨਵਜੋਤ ਕੌਰ, ਐਸ.ਡੀ.ਐਮ ਫਰੀਦਕੋਟ ਮੇਜਰ ਵਰੁਣ ਕੁਮਾਰ, ਐਸ.ਡੀ.ਐਮ ਜੈਤੋ ਸ੍ਰੀ ਸੂਰਜ, ਐਸ.ਪੀ ਸ. ਮਨਿੰਦਰ ਬੀਰ ਸਿੰਘ, ਡੀ.ਐਸ.ਪੀ ਸ. ਤ੍ਰਿਲੋਚਨ ਸਿੰਘ,ਸ਼੍ਰੀਮਤੀ ਨੀਲਮ ਰਾਣੀ ਡੀ.ਈ.ਓ, ਮਨਦੀਪ ਮੋਂਗਾ ਸੈਕਟਰੀ ਰੈਡ ਕਰਾਸ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।