ਅਪ੍ਰੇਸ਼ਨ ਰਾਹਤ ਤਹਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਨਿਸ਼ਕਾਮ ਸੇਵਾ ਕਰ ਰਹੇ ਹਨ ਵਲੰਟੀਅਰ
ਬੁਨਿਆਦੀ ਸਹੂਲਤਾਂ ਨਾਲ ਮੁੜ ਲੀਹ ਤੇ ਪਰਤ ਰਹੀ ਹੈ ਜਿੰਦਗੀ, ਸਿਹਤ ਸਹੂਲਤਾਂ, ਪਸ਼ੂਆਂ ਦੀ ਟੀਕਾਕਰਨ ਨਿਰੰਤਰ ਜਾਰੀ
ਹਰਜੋਤ ਬੈਂਸ ਨੇ ਹਰ ਪ੍ਰਭਾਵਿਤ ਇਲਾਕੇ ਦਾ ਸੰਪਰਕ ਬਿਜਲੀ ਸਪਲਾਈ, ਜਲ ਸਪਲਾਈ ਦੀ ਸਹੂਲਤ ਨੂੰ ਕਰਵਾਇਆ ਬਹਾਲ
ਕੈਬਨਿਟ ਮੰਤਰੀ ਵੱਲੋਂ ਅਤਿ ਪ੍ਰਭਾਵਿਤ ਪਰਿਵਾਰਾ ਦੀ ਫੌਰੀ ਮੱਦਦ ਲਈ ਵਿਸੇਸ਼ ਉਪਰਾਲੇ ਜਾਰੀ
ਨੰਗਲ 17 ਸਤੰਬਰ (2025)
ਆਪਣੇ ਵਿਧਾਨ ਸਭਾ ਹਲਕੇ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਦੇ ਦੌਰੇ ਦੌਰਾਨ ਆਪਣੇ ਵਲੰਟੀਅਰਾਂ ਨੂੰ ਅਪ੍ਰੇਸ਼ਨ ਰਾਹਤ ਤਹਿਤ ਲੋਕਾਂ ਦੀ ਨਿਸ਼ਕਾਮ ਸੇਵਾ ਦੀ ਪ੍ਰੇਰਨਾ ਦੇਣ ਵਾਲੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵੱਲੋਂ ਸਰਕਾਰ ਦੀ ਰਾਹਤ ਆਉਣ ਤੋ ਪਹਿਲਾ ਹੀ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਮਿੱਤਰ, ਸੱਜਣਾਂ, ਵਲੰਟੀਅਰਾਂ, ਟੀਮ ਮੈਂਬਰਾਂ ਦੇ ਸਹਿਯੋਗ ਨਾਲ ਅਤਿ ਪ੍ਰਭਾਵਿਤ ਲੋਕਾਂ ਤੱਕ ਫੌਰੀ ਮਾਲੀ ਮੱਦਦ ਦੇ ਕੇ ਰਾਹਤ ਪਹੁੰਚਾਈ ਜਾ ਰਹੀ ਹੈ।
ਭਾਵੇ ਸ.ਹਰਜੋਤ ਸਿੰਘ ਬੈਂਸ ਨੇ ਹੜ੍ਹਾਂ ਦੌਰਾਨ ਅਤੇ ਹੜ੍ਹਾਂ ਮਗਰੋਂ ਲਗਭਗ ਹਰ ਪ੍ਰਭਾਵਿਤ ਪਿੰਡ ਦਾ ਕਈ ਕਈ ਵਾਰ ਦੌਰਾ ਕੀਤਾ ਹੈ, ਹਫਤਿਆਂ ਤੱਕ ਉਹ ਕਿਸ਼ਤੀ, ਟਰੈਕਟਰ, ਮੋਟਰਸਾਈਕਲ ਤੇ ਪਿੰਡਾਂ ਵਿਚ ਪਹੁੰਚਦੇ ਰਹੇ, ਰਸਦ ਅਤੇ ਰਾਹਤ ਸਮੱਗਰੀ ਪਹੁੰਚਾਉਦੇ ਰਹੇ, ਟੁੱਟੇ ਦਰਿਆਵਾਂ ਦੇ ਕੰਢਿਆਂ, ਖੱਡਾਂ ਦੀ ਸਫਾਈ ਤੇ ਡੰਗੇ ਲਗਾਉਣ ਦੇ ਕੰਮ ਦਾ ਮੋਰਚਾ ਖੁੱਦ ਸੰਭਾਲਦੇ ਰਹੇ। ਇੱਥੋ ਤੱਕ ਕਿ ਸ.ਬੈਂਸ ਫੋਗਿੰਗ ਮਸ਼ੀਨ ਤੇ ਖੁੱਦ ਸਵਾਰ ਹੋ ਕੇ ਕੀਟਾਂਣੂ ਮੁਕਤ ਦਵਾਈ ਦਾ ਛਿੜਕਾਓ ਕਰਦੇ ਰਹੇ ਅਤੇ ਲੋੜਵੰਦਾਂ ਤੱਕ ਮਾਲੀ ਮੱਦਦ ਪਹੁੰਚਾਉਣ ਵਿੱਚ ਮੋਹਰੀ ਰਹੇ। ਉਨ੍ਹਾਂ ਦੇ ਖੁੱਦ ਕਮਾਂਡ ਸੰਭਾਲਣ ਨਾਲ ਟੀਮ ਮੈਬਰਾਂ ਵਿਚ ਵੀ ਨਵੀ ਊਰਜਾ ਪਾਈ ਗਈ।
ਸ.ਬੈਂਸ ਨੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਲਕਸ਼ਮੀ ਨਰਾਇਣ ਮੰਦਿਰ ਨੰਗਲ ਨੂੰ ਦਰਿਆ ਜਾਂ ਬਰਸਾਤੀ ਪਾਣੀ ਦੇ ਢਾਹ ਲਾਉਣ ਦੇ ਕੰਮ ਨੂੰ ਮਜਬੂਤ ਕੰਕਰੀਟ ਨਾਲ ਰੋਕਣ ਦਾ ਬੀੜਾ ਵੀ ਖੁੱਦ ਚੱਕਿਆ ਅਤੇ ਰਾਹਤ ਸ਼ਿਵਰ ਵਿਚ ਜਾ ਕੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਸਿਹਤ ਸਹੂਲਤਾਂ, ਪਸ਼ੂਆਂ ਦੇ ਟੀਕਾਕਰਨ ਅਤੇ ਰਾਸ਼ਨ ਵਿਤਰਣ ਵਰਗੇ ਕੰਮ ਵੀ ਆਪਣੀ ਨਿਗਰਾਨੀ ਵਿਚ ਕਰਵਾਏ ਅਤੇ ਹੁਣ ਲਗਾਤਾਰ ਮੁੜ ਲੀਹ ਤੇ ਪਰਤ ਰਹੀ ਜਿੰਦਗੀ ਮੌਕੇ ਵੀ ਉਹ ਇਨ੍ਹਾਂ ਇਲਾਕਿਆਂ ਦਾ ਦੌਰਾ ਕਰ ਰਹੇ ਹਨ, ਜਿਹੜੇ ਪ੍ਰਭਾਵਿਤ ਲੋਕਾ ਦੇ ਘਰਾਂ ਦੀ ਛੱਤ ਗਿਰ ਗਈ ਹੈ ਉਨ੍ਹਾਂ ਤੱਕ ਮਾਲੀ ਮੱਦਦ ਪਹੁੰਚਾਉਣਾ, ਖਰਾਬ ਫਰਨੀਚਰ ਦੀ ਥਾਂ ਨਵਾ ਫਰਨੀਚਰ ਅਤੇ ਹੋਰ ਜਰੂਰੀ ਸਮਾਨ ਪਹੁੰਚਾਉਣ ਦਾ ਕੰਮ ਸ.ਬੈਂਸ ਖੁੱਦ ਕਰ ਰਹੇ ਹਨ। ਧਰਤੀ ਨਾਲ ਜੁੜੇ ਇਸ ਆਗੂ ਦੀਆਂ ਟੀਮਾਂ ਵਲੰਟੀਅਰ ਅਤੇ ਅਹੁਦੇਦਾਰ ਕਹਿੰਦੇ ਹਨ ਕਿ ਭਾਵੇ ਆਮ ਆਦਮੀ ਪਾਰਟੀ ਲੋਕਾਂ ਨੁੰ ਸਾਫ ਸੁਥਰਾ ਪ੍ਰਸਾਸ਼ਨ ਦੇ ਰਹੀ ਹੈ, ਪ੍ਰੰਤੂ ਜ਼ਮੀਨ ਤੇ ਉੱਤਰ ਕੇ ਲੋਕਾਂ ਦੀ ਸੇਵਾ ਅਤੇ ਆਮ ਲੋਕਾਂ ਦੀਆਂ ਭਾਵਨਾਂਵਾਂ ਦੇ ਅਨੁਸਾਰ ਕੰਮ ਕਰਕੇ ਸਾਡੇ ਹਲਕੇ ਦੇ ਵਿਧਾਇਕ ਪੰਜਾਬ ਦੇ ਕੈਬਨਿਟ ਮੰਤਰੀ ਨੇ ਮਿਸਾਲ ਕਾਇਮ ਕੀਤੀ ਹੈ।