Arth Parkash : Latest Hindi News, News in Hindi
45 ਦਿਨਾਂ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜੀਵਨ ਨੂੰ ਮੁੜ ਲੀਹ ਤੇ ਲਿਆਉਣ ਦਾ ਟੀਚਾ ਮਿੱਥਿਆ-ਡਾ: ਬਲਬੀਰ ਸਿੰਘ 45 ਦਿਨਾਂ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜੀਵਨ ਨੂੰ ਮੁੜ ਲੀਹ ਤੇ ਲਿਆਉਣ ਦਾ ਟੀਚਾ ਮਿੱਥਿਆ-ਡਾ: ਬਲਬੀਰ ਸਿੰਘ
Thursday, 18 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ

45 ਦਿਨਾਂ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜੀਵਨ ਨੂੰ ਮੁੜ ਲੀਹ ਤੇ ਲਿਆਉਣ ਦਾ ਟੀਚਾ ਮਿੱਥਿਆ-ਡਾ: ਬਲਬੀਰ ਸਿੰਘ
-ਸਿਹਤ ਮੰਤਰੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਦੀ ਸਮੀਖਿਆ
-ਕਿਹਾ, ਚੌਕਸੀ ਦਾ ਨਤੀਜਾ, ਕਿਸੇ ਗੰਭੀਰ ਬਿਮਾਰੀ ਦਾ ਫੈਲਾਅ ਨਹੀਂ ਹੋਇਆ
-ਐਨਜੀਓਜ਼ ਨਾਲ ਵੀ ਕੀਤੀ ਬੈਠਕ, ਮਿਸ਼ਨ ਚੜ੍ਹਦੀਕਲਾ ਨਾਲ ਜੁੜਨ ਦਾ ਦਿੱਤਾ ਸੱਦਾ।
ਫਾਜ਼ਿਲਕਾ 19 ਸਤੰਬਰ
 ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ  ਬਲਬੀਰ ਸਿੰਘ ਨੇ ਫਾਜ਼ਿਲਕਾ ਜ਼ਿਲੇ ਦੇ ਦੌਰੇ ਦੌਰਾਨ ਆਖਿਆ ਹੈ ਕਿ ਹੜਾਂ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਵਿੱਚ ਜੀਵਨ ਨੂੰ ਮੁੜ ਲੀਹ ਤੇ ਲਿਆਉਣ ਲਈ ਸਰਕਾਰ ਵੱਲੋਂ 45 ਦਿਨਾਂ ਦਾ ਟੀਚਾ ਮਿਥਿਆ ਗਿਆ ਹੈ। ਉਹ ਅੱਜ ਇੱਥੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਰਾਹਤ ਕਾਰਜਾਂ ਦੀ ਸਮੀਖਿਆ ਕਰਨ ਅਤੇ ਮਿਸ਼ਨ ਚੜ੍ਹਦੀ ਕਲਾ ਸਬੰਧੀ ਜਿਲ੍ਹੇ ਦੀਆਂ ਗੈਰ ਸਰਕਾਰੀ ਸੰਸਥਾਵਾਂ ਨਾਲ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
 ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਹੜਾਂ ਦੇ ਪਾਣੀ ਘਟਣ ਤੋਂ ਬਾਅਦ ਹੁਣ ਅਗਲੀ ਚੁਣੌਤੀ ਪਾਣੀ ਅਤੇ ਜੀਵਾਣੂਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣਾ ਅਤੇ ਹੋਏ ਨੁਕਸਾਨ ਦੀ ਭਰਪਾਈ ਕਰਨਾ ਹੈ। ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਣੀ ਜਾਂ ਜੀਵਾਣੂਆਂ ਤੋਂ ਹੋਣ ਵਾਲੇ ਰੋਗ ਨਾ ਪਣਪਣ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਲੇਰੀਏ ਦਾ ਕੋਈ ਨਵਾਂ ਕੇਸ ਨਹੀਂ ਮਿਲਿਆ ਹੈ ਅਤੇ ਡੇਂਗੂ ਚਿਕਨਗੁਣੀਆਂ ਦੀ ਰੋਕਥਾਮ ਲਈ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਗਏ ਹਨ। ਇਸ ਸਾਲ ਡੇਂਗੂ ਦੇ ਜਿਲ੍ਹੇ ਵਿੱਚ ਸਿਰਫ ਛੇ ਕੇਸ ਮਿਲੇ ਹਨ। ਉਹਨਾਂ ਨੇ ਦੱਸਿਆ ਕਿ ਡੇਂਗੂ ਚਿਕਨਗੁਣੀਆਂ ਵਰਗੀਆਂ ਬਿਮਾਰੀਆਂ ਰੋਕਣ ਲਈ ਸਿਹਤ ਵਿਭਾਗ ਨੇ ਜਿਲ੍ਹੇ ਵਿੱਚ ਇਸ ਸਾਲ ਹੁਣ ਤੱਕ 4,31,216 ਵਾਰ ਘਰਾਂ ਵਿਚ ਜਾ ਕੇ ਸਰਵੇਖਣ ਕੀਤਾ ਹੈ। ਇਸੇ ਤਰ੍ਹਾਂ ਪਿਛਲੇ ਪੰਜ ਦਿਨਾਂ ਵਿੱਚ ਹੀ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੇ 23260 ਘਰਾਂ ਦਾ ਸਰਵੇਖਣ ਕੀਤਾ ਹੈ 4215 ਥਾਵਾਂ ਤੇ ਲਾਰਵੀਸਾਈਡ ਦਵਾਈ ਪਾਈ ਗਈ ਹੈ। 164 ਥਾਵਾਂ ਤੇ ਫੁਮੀਗੇਸ਼ਨ ਕੀਤੀ ਗਈ ਹੈ ਅਤੇ ਇਸ ਦੌਰਾਨ ਬੁਖਾਰ ਦੇ 401 ਮਰੀਜ਼ ਮਿਲੇ ਹਨ। ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਸਾਲ ਇਸ ਸਮੇਂ ਤੱਕ ਜਿੱਥੇ ਡੇਂਗੂ ਦੇ ਸਿਰਫ 83 ਟੈਸਟ ਹੋਏ ਸਨ ਇਸ ਸਾਲ 699 ਸੈਂਪਲ ਲਏ ਗਏ ਹਨ ਪੀਣ ਦੇ ਪਾਣੀ ਦੇ ਵੀ 117 ਸੈਂਪਲ ਲਏ ਗਏ ਹਨ ਅਤੇ ਡੇਢ ਲੱਖ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ। ਵਿਭਾਗ ਕੋਲ ਦਵਾਈਆਂ ਦਾ ਸਟਾਕ ਉਪਲਬੱਧ ਹੈ।
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਿੰਡ ਪੱਧਰ ਤੇ ਲਗਾਏ ਜਾ ਰਹੇ ਕੈਂਪਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪਿਛਲੇ ਪੰਜ ਦਿਨਾਂ ਵਿੱਚ ਇਹਨਾਂ ਕੈਂਪਾਂ ਵਿੱਚ ਜਿਲ੍ਹੇ ਵਿੱਚ 10731 ਲੋਕਾਂ ਨੇ ਦਵਾਈ ਲਈ ਹੈ । ਇਹਨਾਂ ਵਿੱਚੋਂ 225 ਨੂੰ ਬੁਖਾਰ 177 ਨੂੰ ਡਾਇਰੀਆ 1923 ਨੂੰ ਚਮੜੀ ਰੋਗ ਅਤੇ 900 ਵਿੱਚ ਅੱਖਾਂ ਦੀ ਇਨਫੈਕਸ਼ਨ ਦੇ ਲੱਛਣ ਵਿਖਾਈ ਦਿੱਤੇ ਹਨ । ਜਿੰਨ੍ਹਾਂ ਨੂੰ ਇਲਾਜ ਮੁਹਈਆ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਆਸ਼ਾ ਵਰਕਰਾਂ ਦੇ ਰਾਹੀਂ ਵੀ 24,432 ਘਰਾਂ ਤੱਕ ਪਹੁੰਚ ਕਰਕੇ 12281 ਹੈਲਥ ਕਿੱਟਾਂ ਦੀ ਵੰਡ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਲਾਘਾਯੋਗ ਕਾਰਜ ਕਰ ਰਿਹਾ ਹੈ ਅਤੇ ਸਰਕਾਰ ਦੇ ਉਦੇਸ਼ਾਂ ਅਨੁਸਾਰ ਹਰ ਲੋੜਵੰਦ ਤੱਕ ਮਦਦ ਪਹੁੰਚਾ ਰਿਹਾ ਹੈ ਡਾ:  ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਨਵੇਂ ਡਾਕਟਰ ਭਰਤੀ ਕੀਤੇ ਗਏ ਹਨ ਅਤੇ ਫਾਜ਼ਲਕਾ ਜ਼ਿਲੇ ਵਿੱਚ ਵੀ 34 ਨਵੇਂ ਡਾਕਟਰ ਤਾਇਨਾਤ ਕੀਤੇ ਗਏ ਹਨ।
ਇਸ ਦੌਰਾਨ ਉਨਾਂ ਨੇ ਜ਼ਿਲ੍ਹੇ ਦੀਆਂ ਗੈਰ ਸਰਕਾਰੀ ਸੰਸਥਾਵਾਂ ਨਾਲ ਵੀ ਬੈਠਕ ਕੀਤੀ ਅਤੇ ਹੜਾਂ ਦੇ ਸੰਕਟ ਦੌਰਾਨ ਲੋਕ ਸੇਵਾ ਵਿੱਚ ਉਹਨਾਂ ਵੱਲੋਂ ਨਿਭਾਈ ਗਈ ਭੂਮਿਕਾ ਲਈ ਉਹਨਾਂ ਦੀ ਸਲਾਘਾ ਕੀਤੀ।
ਡਾ ਬਲਬੀਰ ਸਿੰਘ ਨੇ ਮੁੱਖ ਮੰਤਰੀ ਸ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀ ਕਲਾ ਦੀ ਜਾਣਕਾਰੀ ਇਹਨਾਂ ਸੰਸਥਾਵਾਂ ਨਾਲ ਸਾਂਝੀ ਕਰਦਿਆ ਕਿਹਾ ਕਿ ਪੰਜਾਬੀ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣੇ ਜਾਂਦੇ ਹਨ ਪਰ ਅੱਜ ਜਦ ਆਪਣੇ ਤੇ ਭੀੜ ਪਈ ਹੈ ਤਾਂ ਅਸੀਂ ਇੱਕ ਦੂਜੇ ਦੀ ਮਦਦ ਤੋਂ ਕਿਵੇਂ ਪਿੱਛੇ ਰਹਿ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਵੈਬਸਾਈਟ  rangla.punjab.gov.in  ਤੇ ਜਾ ਕੇ ਆਪਣੇ ਪੰਜਾਬੀ ਭਰਾਵਾਂ ਲਈ ਦਾਨ ਕੀਤਾ ਜਾ ਸਕਦਾ ਹੈ। ਇਹ ਰਕਮ ਪੰਜਾਬ ਸਰਕਾਰ ਹੜ ਰਾਹਤ ਕਾਰਜਾਂ ਤੇ ਖਰਚੇਗੀ। ਉਹਨਾਂ ਨੇ ਐਨਜੀਓ ਨੂੰ ਇੱਕ ਇੱਕ ਪਿੰਡ ਗੋਦ ਲੈਣ ਦੀ ਅਪੀਲ ਵੀ ਕੀਤੀ ਤਾਂ ਜੋ ਉਥੇ ਲੋਕਾਂ ਦੇ ਮਾਨਸਿਕ ਅਤੇ ਸਮਾਜਿਕ ਪੱਧਰ ਤੇ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਸਕਨ।
 ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਖੁਸ਼ਬੂ ਸਾਵਨ ਸੁੱਖਾ ਸਵਨਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ  ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਬਾਸ਼ ਚੰਦਰ, ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ, ਕੰਵਰਜੀਤ ਸਿੰਘ ਮਾਨ, ਵੀਰਪਾਲ ਕੌਰ, ਸਿਵਿਲ ਸਰਜਨ ਡਾ  ਰਾਜ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।