Arth Parkash : Latest Hindi News, News in Hindi
ਦੁਨੀਆ ਭਰ ਵਿੱਚ ਵੱਸਦੇ ਪੰਜਾਬੀ 'ਮਿਸ਼ਨ ਚੜ੍ਹਦੀ ਕਲਾ' ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ : ਰਮਨ ਬਹਿਲ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ 'ਮਿਸ਼ਨ ਚੜ੍ਹਦੀ ਕਲਾ' ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ : ਰਮਨ ਬਹਿਲ
Saturday, 20 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦੁਨੀਆ ਭਰ ਵਿੱਚ ਵੱਸਦੇ ਪੰਜਾਬੀ 'ਮਿਸ਼ਨ ਚੜ੍ਹਦੀ ਕਲਾ' ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ : ਰਮਨ ਬਹਿਲ

 

ਗੁਰਦਾਸਪੁਰ, 21 ਸਤੰਬਰ ( 2025) - ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਯਤਨਾਂ ਨੂੰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਚੜ੍ਹਦੀ ਕਲਾ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਾਸਤੇ ਫ਼ੰਡ ਜੁਟਾਉਣ ਲਈ ਆਲਮੀ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਸੂਬਾ ਇਕ ਅਜਿਹੇ ਔਖੇ ਦੌਰ ਵਿੱਚੋਂ ਗੁਜ਼ਰਿਆ ਹੈ ਅਤੇ ਹੜ੍ਹਾਂ ਨੇ ਸਿਰਫ਼ ਪਾਣੀ ਦਾ ਕਹਿਰ ਨਹੀਂ ਢਾਹਿਆ ਸਗੋਂ ਲੱਖਾਂ ਸੁਪਨੇ ਵੀ ਇਸ ਦੇ ਪਾਣੀਆਂ ਵਿੱਚ ਵਹਿ ਗਏ। ਉਨ੍ਹਾਂ ਕਿਹਾ ਕਿ ਸੂਬੇ ਦੇ 2300 ਪਿੰਡ ਡੁੱਬ ਗਏ ਹਨ, 20 ਲੱਖ ਲੋਕ ਪ੍ਰਭਾਵਿਤ ਹੋਏ ਹਨ, ਪੰਜ ਲੱਖ ਏਕੜ ਫ਼ਸਲ ਤਬਾਹ ਹੋ ਗਈ ਹੈ, 56 ਕੀਮਤੀ ਜਾਨਾਂ ਚਲੀਆਂ ਅਤੇ 7 ਲੱਖ ਲੋਕ ਬੇਘਰ ਹੋ ਗਏ।

 

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਵਿੱਚ 3200 ਸਕੂਲਾਂ, 19 ਕਾਲਜਾਂ, 1400 ਕਲੀਨਿਕਾਂ ਤੇ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ 8500 ਕਿੱਲੋਮੀਟਰ ਸੜਕਾਂ ਦੀ ਹਾਲਤ ਬਦਤਰ ਹੋ ਗਈ ਅਤੇ 2500 ਪੁਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਅਨੁਮਾਨਾਂ ਮੁਤਾਬਿਕ 13,800 ਕਰੋੜ ਰੁਪਏ ਦਾ ਘਾਟਾ ਪਿਆ ਹੈ, ਜਦਕਿ ਨੁਕਸਾਨ ਇਸ ਤੋਂ ਵੀ ਕਿਤੇ ਵੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਦੁਖਾਂਤ ਹੈ, ਪਰ ਇਸ ਦੇ ਨਾਲ ਇਹ ਪੰਜਾਬ ਲਈ ਸਭ ਤੋਂ ਵੱਡੀ ਇਮਤਿਹਾਨ ਦੀ ਘੜੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬ ਨੇ ਕਿਸੇ ਸੰਕਟ ਦਾ ਸਾਹਮਣਾ ਕੀਤਾ ਹੈ, ਪੰਜਾਬੀ ਕਦੇ ਸੰਕਟ ਦੇ ਸਾਹਮਣੇ ਝੁਕੇ ਨਹੀਂ ਸਗੋਂ ਹਮੇਸ਼ਾ ਚਟਾਨ ਵਾਂਗ ਹਿੱਕ ਤਾਣ ਕੇ ਖੜ੍ਹੇ ਹੋਏ ਹਾਂ।

 

 ਸ੍ਰੀ ਬਹਿਲ ਨੇ ਕਿਹਾ ਕਿ ਹੜ੍ਹਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਨਾਲ ਨੌਜਵਾਨਾਂ ਸਮੇਤ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਧ-ਚੜ੍ਹ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਹਨ ਅਤੇ ਇਹੀ ਸਾਡੀ ਸਭ ਤੋਂ ਵੱਡੀ ਤਾਕਤ ਅਤੇ ਵਿਲੱਖਣਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਰਾਹਤ ਅਤੇ ਪੁਨਰਵਾਸ ਤੋਂ ਅੱਗੇ ਵਧਣ ਦਾ ਆ ਗਿਆ ਹੈ ਕਿਉਂਕਿ ਸਾਡੇ ਕਿਸਾਨਾਂ ਨੂੰ ਦੁਬਾਰਾ ਖੇਤੀ ਕਰਨ ਦੀ ਲੋੜ ਹੈ, ਬੱਚਿਆਂ ਨੂੰ ਮੁੜ ਸਕੂਲ ਜਾਣਾ ਹੋਵੇਗਾ ਅਤੇ ਹੜ੍ਹ ਪੀੜਤ ਪਰਿਵਾਰਾਂ ਨੇ ਮੁੜ ਆਪਣੇ ਘਰ ਵਸਾਉਣੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਪ੍ਰਸਥਿਤੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਚੜ੍ਹਦੀ ਕਲਾ' ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੜ੍ਹਦੀ ਕਲਾ ਦਾ ਭਾਵ ਔਖੇ ਤੋਂ ਔਖੇ ਸਮੇਂ ਵਿੱਚ ਵੀ ਹੌਂਸਲੇ ਬੁਲੰਦ ਰੱਖਣਾ। ਹਰ ਦੁੱਖ ਵਿੱਚ ਵੀ ਮਜ਼ਬੂਤ ਰਹਿਣਾ। ਹਰ ਹਨੇਰੇ ਵਿੱਚ ਵੀ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਹੈ।

 

ਸ੍ਰੀ ਰਮਨ ਬਹਲ ਨੇ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ, ਭਾਰਤ ਦੇ ਨਾਗਰਿਕਾਂ, ਉਦਯੋਗਪਤੀਆਂ, ਕਲਾਕਾਰਾਂ, ਚੈਰੀਟੇਬਲ ਟਰੱਸਟਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਪੰਜਾਬ ਨੂੰ ਤੁਹਾਡੀ ਲੋੜ ਹੈ, ਆਓ ਇੱਕਜੁੱਟ ਹੋ ਕੇ ਇਸ ਔਖੀ ਘੜੀ ਵਿੱਚ ਪੰਜਾਬ ਦੀ ਬਾਂਹ ਫੜੀਏ ਅਤੇ ਖੁੱਲ੍ਹੇ ਦਿਲ ਨਾਲ ਪੰਜਾਬ ਦੀ ਮਦਦ ਕਰੀਏ।