ਯੁੱਧ ਨਸ਼ਿਆਂ ਵਿਰੁੱਧ : ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਚਲਾਇਆ ਕਾਸੋ ਓਪਰੇਸ਼ਨ, 7 ਮੁਲਜ਼ਮ ਗ੍ਰਿਫਤਾਰ
ਹੈਰੋਇਨ, ਗੈਰ-ਕਾਨੂੰਨੀ ਸ਼ਰਾਬ ਤੇ 2 ਮੋਟਰਸਾਈਕਲ ਬਰਾਮਦ
ਜਲੰਧਰ, 22 ਸਤੰਬਰ: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ, ਏਡੀਸੀਪੀ-1 ਆਕਰਸ਼ੀ ਜੈਨ, ਏਡੀਸੀਪੀ-2 ਹਰਿੰਦਰ ਸਿੰਘ ਗਿੱਲ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਕਾਸੋ ਓਪਰੇਸ਼ਨ ਚਲਾਇਆ ਗਿਆ।
ਇਸ ਤਲਾਸ਼ੀ ਮੁਹਿੰਮ ਲਈ 130 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਨੇ ਜਲੰਧਰ ਦੇ 13 ਹੋਟਸਪੋਟਸ, ਜਿਨ੍ਹਾਂ ਵਿੱਚ ਰੇਲਵੇ ਸ਼ਟੇਸ਼ਨ, ਅਲੀ ਮੁਹੱਲਾ, ਇੰਦਰਾ ਕਲੋਨੀ, ਭਾਰਗੋ ਕੈਂਪ, ਬਸਤੀ ਸ਼ੇਖ ਆਦਿ ਸ਼ਾਮਲ ਹਨ, ਵਿਖੇ ਕਾਸੋ ਓਪਰੇਸ਼ਨ ਚਲਾਇਆ। ਇਸ ਦੌਰਾਨ ਹਰੇਕ ਹੋਟਸਪੋਟ ਦੀ ਨਿਗਰਾਨੀ ਏ.ਡੀ.ਸੀ.ਪੀ./ਏ.ਸੀ.ਪੀ. ਰੈਂਕ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ।
ਇਸ ਕਾਰਵਾਈ ਵਿੱਚ ਸ਼ੱਕੀ ਵਿਅਕਤੀਆਂ ਦੇ ਘਰਾਂ, ਵਾਹਨਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਜੋ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਨਕੇਲ ਕੱਸੀ ਜਾ ਸਕੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕਾਸੋ ਓਪਰੇਸ਼ਨ ਦੌਰਾਨ ਪੁਲਿਸ ਵਲੋਂ ਕੁੱਲ 32.2 ਗ੍ਰਾਮ ਹੈਰੋਇਨ, 13,500 ਐਮ ਐਲ ਗੈਰ-ਕਾਨੂੰਨੀ ਸ਼ਰਾਬ ਅਤੇ 2 ਮੋਟਰਸਾਈਕਲ ਬਰਾਮਦ ਕਰਕੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਮੁਲਜ਼ਮਾਂ ਖਿਲਾਫ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 7 ਮੁਕੱਦਮੇ ਦਰਜ ਕੀਤੇ ਗਏ। ਇਸ ਤੋਂ ਇਲਾਵਾ, ਸਥਾਨਕ ਲੋਕਾਂ ਤੋਂ ਨੇੜਲੇ ਨਸ਼ਾ ਤਸਕਰਾਂ ਅਤੇ ਖੇਤਰ ਵਿੱਚ ਕਿਸੇ ਵੀ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪੁੱਛਗਿੱਛ ਕੀਤੀ ਗਈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।