Arth Parkash : Latest Hindi News, News in Hindi
Pakistan should Urgently Repair Mahan Singh's Historic ਪਾਕਿਸਤਾਨ ਮਹਾਂ ਸਿੰਘ ਦੀ ਗੁੱਜਰਾਂਵਾਲਾ ਸਥਿਤ ਇਤਿਹਾਸਕ 'ਸਮਾਧ' ਦੀ ਜਲਦ ਮੁਰੰਮਤ ਕਰਾਵੇ : ਗਲੋਬਲ ਸਿੱਖ ਕੌਂਸਲ
Tuesday, 23 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਯਾਦਗਾਰ ਗੁੱਜਰਾਂਵਾਲਾ ਤੇ ਪੰਜਾਬ ਲਈ ਸੱਭਿਆਚਾਰਕ ਮਾਣ ਦਾ ਪ੍ਰਤੀਕ : ਡਾ. ਕੰਵਲਜੀਤ ਕੌਰ

ਚੰਡੀਗੜ੍ਹ, 24 ਸਤੰਬਰ, 2025: Pakistan should Urgently Repair Mahan Singh's Historic: ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ) ਨੇ ਪਾਕਿਸਤਾਨ ਵਿੱਚ ਗੁੱਜਰਾਂਵਾਲਾ ਦੇ ਸ਼ੇਰਾਂਵਾਲਾ ਬਾਗ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਾਲ 1837 ਵਿੱਚ ਆਪਣੇ ਪਿਤਾ ਮਹਾਂ ਸਿੰਘ ਦੀ ਯਾਦ ਵਿੱਚ ਬਣਾਈ ਸਮਾਧ ਨੂੰ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪਹੁੰਚੇ ਨੁਕਸਾਨ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਇਸ ਸਮਾਰਕ ਦੀ ਜਲਦ ਮੁਰੰਮਤ ਕਰਾਉਣ ਤੇ ਸੁਰੱਖਿਆ-ਸੰਭਾਲ ਲਈ ਯਤਨ ਤੇਜ ਕਰਨ ਦੀ ਅਪੀਲ ਕੀਤੀ ਹੈ।

ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਅਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਰਕੇ ਸਮਾਧ ਦਾ ਅੱਠਭੁਜੀ ਅਧਾਰ ਢਹਿ ਗਿਆ ਹੈ ਜਿਸ ਨਾਲ ਮੁੱਖ ਢਾਂਚਾ ਅਤੇ ਗੁੰਬਦ ਢਹਿਣ ਕਿਨਾਰੇ ਹਨ ਜਿਸ ਕਰਕੇ ਇਸ ਸਮਾਰਕ ਦੇ ਨੇੜਲੇ ਸਕੂਲ ਅਤੇ ਸਥਾਨਕ ਮੁਹੱਲਾ ਨਿਵਾਸੀਆਂ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਉਨਾਂ ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਨੂੰ ਇਸ ਯਾਦਗਾਰ ਦੀ ਸੁਰੱਖਿਆ ਲਈ ਤੁਰੰਤ ਮੁਰੰਮਤ ਅਤੇ ਸੰਭਾਲ ਲਈ ਯਤਨਸ਼ੀਲ ਹੋਣ ਦੀ ਅਪੀਲ ਕੀਤੀ ਹੈ।

ਉਨਾਂ ਕਿਹਾ ਕਿ ਮਹਾਂ ਸਿੰਘ ਦੀ ਸਮਾਧ ਸਿੱਖਾਂ ਲਈ ਅਤੇ ਪੰਜਾਬੀ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸਦੀ ਸੰਭਾਲ ਨਾ ਸਿਰਫ਼ ਸਿੱਖਾਂ ਲਈ ਸਗੋਂ ਗੁੱਜਰਾਂਵਾਲਾ ਅਤੇ ਸਮੁੱਚੇ ਪੰਜਾਬ ਦੇ ਪੁਰਾਤੱਤਵ ਸੱਭਿਆਚਾਰ ਲਈ ਮਾਣ ਵਾਲੀ ਤੇ ਮਹੱਤਵਪੂਰਨ ਵਿਰਾਸਤ ਹੈ। ਕੌਂਸਲ ਨੇ ਪਾਕਿਸਤਾਨ ਸਰਕਾਰ ਅਤੇ ਈਟੀਪੀਬੀ ਨੂੰ ਅਪੀਲ ਕੀਤੀ ਹੈ ਕਿ ਇਸ ਸਥਾਨ ਦੀ ਅਸਲੀ ਸ਼ਾਨ ਬਹਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਰਾਜ ਦੇ ਮਾਣਮੱਤੇ ਇਤਿਹਾਸ ਨਾਲ ਜੁੜ ਕੇ ਯਾਦਾਂ ਤਾਜ਼ਾ ਕਰ ਸਕਣ।
ਕੁਝ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ ਦੀ ਸੰਭਾਲ ਵਿੱਚ ਈਟੀਬੀਪੀ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਗਲੋਬਲ ਸਿੱਖ ਕੌਂਸਲ ਨੇ ਇਸ ਸਮਾਧ ਸਮੇਤ ਕਈ ਹੋਰ ਅਣਗੌਲੇ ਇਤਿਹਾਸਕ ਅਸਥਾਨਾਂ ਦੀ ਬਹਾਲੀ ਪ੍ਰਤੀ ਵਕਫ ਬੋਰਡ ਦੀ ਅਣਗਹਿਲੀ ਨੂੰ ਉਜਾਗਰ ਕਰਦਿਆਂ ਕਿਹਾ ਹੈ ਕਿ ਇਸ ਯਾਦਗਾਰ ਦੀ ਅਣਦੇਖੀ ਹੋਣ ਕਾਰਨ ਦਹਾਕਿਆਂ ਤੋਂ ਲਗਾਤਾਰ ਇਸ ਦੀ ਇਮਾਰਤ ਖਸਤਾ ਹੋ ਰਹੀ ਹੈ ਅਤੇ ਤਾਜ਼ਾ ਕੁਦਰਤੀ ਆਫ਼ਤਾਂ ਕਰਕੇ ਅਜਿਹੀ ਅਣਗਹਿਲੀ ਨਾਲ ਇਹ ਸਮਾਰਕ ਇੱਕ ਨਾਜ਼ੁਕ ਪੜਾਅ 'ਤੇ ਪਹੁੰਚ ਗਈ ਹੈ। ਜੀ.ਐਸ.ਸੀ. ਨੇ ਇਸ ਸਬੰਧ ਵਿੱਚ ਈ.ਟੀ.ਪੀ.ਬੀ. ਦੇ ਚੇਅਰਮੈਨ ਵੱਲੋਂ ਦਿੱਤੇ ਭਰੋਸੇ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟ ਕੀਤੀ ਹੈ ਕਿ ਭਰੋਸੇ ਮੁਤਾਬਿਕ ਸਮਾਧ ਦੀ ਮੁਰੰਮਤ ਤੇ ਮੁੜ-ਬਹਾਲੀ ਜਲਦ ਕੀਤੀ ਜਾਵੇਗੀ।

ਇਸ ਯਾਦਗਾਰ ਦੀ ਮੁਰੰਮਤ ਤੇ ਸੰਭਾਲ ਕਰਨ ਸਬੰਧੀ ਯਤਨਾਂ ਵਿੱਚ ਗਲੋਬਲ ਸਿੱਖ ਕੌਂਸਲ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਇਵੈਕੁਈ ਟਰੱਸਟ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਇਸ ਸਮਾਰਕ ਦੀ ਸੁਰੱਖਿਆ, ਮੁਰੰਮਤ ਅਤੇ ਮੁੜ-ਬਹਾਲੀ ਦੀ ਪਹਿਲਕਦਮੀ ਵਿੱਚ ਉਨਾਂ ਪਾਕਿਸਤਾਨ ਦੀ ਪੰਜਾਬ ਸਰਕਾਰ ਅਤੇ ਉਥੋਂ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਪੂਰਾ ਸਮਰਥਨ ਦੇਣ ਲਈ ਕਿਹਾ ਹੈ।