ਉਮੀਦ ਦੇ ਬੀਜ: ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਦੇਵੇਗੀ 2 ਲੱਖ ਕੁਇੰਟਲ ਕਣਕ ਦਾ ਬੀਜ
* 74 ਕਰੋੜ ਰੁਪਏ ਦੀ ਇਹ ਪਹਿਲਕਦਮੀ ਹੜ੍ਹ ਪ੍ਰਭਾਵਿਤ 5 ਲੱਖ ਏਕੜ ਰਕਬੇ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਸੁਰੱਖਿਅਤ ਕਰੇਗੀ: ਗੁਰਮੀਤ ਸਿੰਘ ਖੁੱਡੀਆਂ
* ਪੰਜਾਬ ਭਰ ਦੇ ਕਿਸਾਨਾਂ ਲਈ 50 ਫੀਸਦ ਸਬਸਿਡੀ 'ਤੇ 60,000 ਕੁਇੰਟਲ ਤੋਂ ਵੱਧ ਕਣਕ ਦਾ ਬੀਜ ਵੀ ਹੋਵੇਗਾ ਉਪਲੱਬਧ: ਖੇਤੀਬਾੜੀ ਮੰਤਰੀ
ਚੰਡੀਗੜ੍ਹ, 25 ਸਤੰਬਰ:
ਹਾਲ ਹੀ ‘ਚ ਆਏ ਭਿਆਨਕ ਹੜ੍ਹਾਂ ਨਾਲ ਝੰਬੇ ਕਿਸਾਨਾਂ ਦੀ ਸਹਾਇਤਾ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਕਿਸਾਨਾਂ ਨੂੰ ਆਗਾਮੀ ਹਾੜ੍ਹੀ ਸੀਜ਼ਨ ਲਈ ਦੋ ਲੱਖ ਕੁਇੰਟਲ ਉੱਚ-ਗੁਣਵੱਤਾ ਵਾਲਾ ਕਣਕ ਦਾ ਬੀਜ ਮੁਫ਼ਤ ਦਿੱਤਾ ਜਾਵੇਗਾ।
ਇਹ ਐਲਾਨ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰੈਸ ਕਾਨਫਰੰਸ ਵਿੱਚ ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਵੀ ਮੌਜੂਦ ਸਨ।
ਸ. ਖੁੱਡੀਆਂ ਨੇ ਕਿਹਾ ਕਿ ਇਹ ਸਹਾਇਤਾ, ਜਿਸ ‘ਤੇ ਲਗਭਗ 74 ਕਰੋੜ ਰੁਪਏ ਖ਼ਰਚ ਆਵੇਗਾ, ਦਾ ਉਦੇਸ਼ ਸਾਉਣੀ ਸੀਜ਼ਨ-2025 ਦੌਰਾਨ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਨੁਕਸਾਨੇ ਗਏ 5 ਲੱਖ ਏਕੜ ਖੇਤੀਬਾੜੀ ਰਕਬੇ ਦੀਆਂ ਬਿਜਾਈ ਸਬੰਧੀ ਲੋੜਾਂ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੱਡਾ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਝੋਨੇ, ਨਰਮੇ ਅਤੇ ਮੱਕੀ ਦੀ ਖੜ੍ਹੀ ਫਸਲ ਤਬਾਹ ਹੋ ਗਈ ਅਤੇ ਵੱਡੀ ਗਿਣਤੀ ਕਿਸਾਨਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਿਆ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲਾ ਕਣਕ ਦਾ ਬੀਜ ਮੁਫਤ ਵੰਡਣ ਲਈ ਪਨਸੀਡ ਨੂੰ ਨੋਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਬੀਜਾਂ ਵਾਸਤੇ ਅਰਜ਼ੀਆਂ ਦੇਣ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਜਲਦੀ ਪ੍ਰਮੁੱਖ ਮੀਡੀਆ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਸਿਫ਼ਾਰਸ਼ ਕੀਤੇ ਗਏ ਕਣਕ ਦੇ ਬੀਜ ਜਿਨ੍ਹਾਂ ਵਿੱਚ ਪੀ.ਬੀ.ਡਬਲਿਊ 826, ਪੀ.ਬੀ.ਡਬਲਿਊ 869, ਪੀ.ਬੀ.ਡਬਲਿਊ. 824, ਪੀ.ਬੀ.ਡਬਲਿਊ 803, ਪੀ.ਬੀ.ਡਬਲਿਊ 766, ਪੀ.ਬੀ.ਡਬਲਿਊ 725, ਪੀ.ਬੀ.ਡਬਲਿਊ 677, ਪੀ.ਬੀ.ਡਬਲਿਊ 771, ਪੀ.ਬੀ.ਡਬਲਿਊ 757, ਪੀ.ਬੀ.ਡਬਲਿਊ 752, ਪੀ.ਬੀ.ਡਬਲਿਊ ਜ਼ਿੰਕ 2, ਪੀ.ਬੀ.ਡਬਲਿਊ 1 ਚਪਾਤੀ, ਪੀ.ਬੀ.ਡਬਲਿਊ 1 ਜ਼ੈਡ.ਐਨ, ਡੀ.ਬੀ.ਡਬਲਿਊ. 222, ਡੀ.ਬੀ.ਡਬਲਿਊ. 187, ਐਚਡੀ 3226, ਐਚਡੀ 3086, ਉਨਤ ਪੀਬੀਡਬਲਿਊ 343, ਉਨਤ ਪੀਬੀਡਬਲਿਊ 550 ਸ਼ਾਮਲ ਹਨ, ਕਿਸਾਨਾਂ ਨੂੰ ਵੰਡੇ ਜਾਣਗੇ।
ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਮੁਫ਼ਤ ਵੰਡ ਤੋਂ ਇਲਾਵਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ 50 ਫੀਸਦ ਸਬਸਿਡੀ ਭਾਵ 2,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 60,871 ਕੁਇੰਟਲ ਕਣਕ ਦਾ ਬੀਜ ਵੀ ਪ੍ਰਦਾਨ ਕਰੇਗੀ। ਇਸ ਪਹਿਲਕਦਮੀ ਦਾ ਉਦੇਸ਼ ਗੁਣਵੱਤਾ ਵਾਲਾ ਬੀਜ ਕਿਫਾਇਤੀ ਕੀਮਤ ‘ਤੇ ਆਸਾਨੀ ਨਾਲ ਉਪਲਬਧ ਕਰਵਾ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨਾ ਹੈ।
ਕਿਸਾਨ ਭਾਈਚਾਰੇ ਨਾਲ ਡਟ ਕੇ ਖੜ੍ਹਨ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਦ੍ ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਕੁਦਰਤ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਔਖੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹਨਾ ਸਾਡਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦੀਆਂ ਫਸਲਾਂ ਦੇ ਨੁਕਸਾਨ ਕਰਕੇ ਕਿਸਾਨ ਅਗਲੇ ਸੀਜ਼ਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਖੁਦ ਨੂੰ ਸੰਕਟ ਅਤੇ ਮਜਬੂਰੀ ‘ਚ ਘਿਰਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, “ਕਣਕ ਦਾ ਮੁਫ਼ਤ ਬੀਜ ਪ੍ਰਦਾਨ ਕਰਕੇ, ਅਸੀਂ ਕਿਸਾਨਾਂ ਨੂੰ ਸਿਰਫ਼ ਇੱਕ ਸਰੋਤ ਹੀ ਨਹੀਂ ਦੇ ਰਹੇ; ਸਗੋਂ ਅਸੀਂ ਉਨ੍ਹਾਂ ਨੂੰ ਨਵੇਂ ਸਿਰਿਓਂ ਸ਼ੁਰੂਆਤ ਵਾਸਤੇ ਉਮੀਦ ਅਤੇ ਸਹਿਯੋਗ ਦੇ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹਾਇਤਾ ਸੂਬਾ ਸਰਕਾਰ ਦੀ ਇਹ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ ਕਿ ਕੋਈ ਵੀ ਕਿਸਾਨ ਹੜ੍ਹਾਂ ਕਾਰਨ ਆਈ ਵਿੱਤੀ ਤੰਗੀ ਕਰਕੇ ਅਗਲੀ ਫਸਲ ਦੀ ਬਿਜਾਈ ਤੋਂ ਵਾਂਝਾ ਨਾ ਰਹੇ।”
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਿਆਨਕ ਹੜ੍ਹਾਂ ਨੇ ਖੇਤੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ ਅਤੇ ਬਹੁਤੇ ਕਿਸਾਨਾਂ ਕੋਲ ਹਾੜੀ ਸੀਜ਼ਨ ਲਈ ਬੀਜ ਖਰੀਦਣ ਵਾਸਤੇ ਲੋੜੀਂਦੇ ਸਰੋਤ ਨਹੀਂ ਹਨ। ਪੰਜਾਬ ਸਰਕਾਰ ਦਾ ਇਹ ਉਪਰਾਲਾ ਇਸ ਚੁਣੌਤੀਪੂਰਨ ਸਮੇਂ ਵਿੱਚ ਕਿਸਾਨਾਂ ਦੀ ਬਾਂਹ ਫੜ੍ਹਨ ‘ਤੇ ਕੇਂਦਰਤ ਹੈ ਤਾਂ ਜੋ ਕਿਸਾਨ ਵਾਧੂ ਖ਼ਰਚੇ ਦੇ ਬੋਝ ਤੋਂ ਬਿਨਾਂ ਆਪਣੀ ਜ਼ਮੀਨ ਤਿਆਰ ਕਰਕੇ ਕਣਕ ਬੀਜ ਸਕਣ, ਜਿਸ ਨਾਲ ਖੁਰਾਕ ਉਤਪਾਦਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਹੋ ਸਕੇ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸ੍ਰੀ ਐਸ.ਪੀ. ਸ਼ਾਹੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ 1,000 ਕੁਇੰਟਲ ਕਣਕ ਦਾ ਬੀਜ (ਕਿਸਮ 327) ਭੇਜਣ ਦੀ ਪੇਸ਼ਕਸ਼ ਵੀ ਕੀਤੀ ਹੈ।
-----------