ਡੇਅਰੀ ਕਿੱਤੇ ਨੂੰ ਉਤਸ਼ਾਹਿਤ ਕਰਨ ਵੱਲ ਪੁਲਾਂਘ: ਪੰਜਾਬ ਵੱਧ ਪੈਦਾਵਾਰ ਵਾਲੀਆਂ ਐਚ.ਐਫ. ਤੇ ਮੁਰ੍ਹਾ ਨਸਲਾਂ ਦੇ ਸੀਮਨ ਬਦਲੇ ਕੇਰਲਾ ਨੂੰ ਸਾਹੀਵਾਲ ਸਾਨ੍ਹ ਸਪਲਾਈ ਕਰੇਗਾ
ਸਰਕਾਰ ਦੀ ਪਹਿਲਕਦਮੀ ਪਸ਼ੂ ਪਾਲਣ ਖੇਤਰ ਵਿੱਚ ਉੱਤਰੀ ਅਤੇ ਦੱਖਣੀ ਭਾਰਤ ਦੀਆਂ ਸਮਰੱਥਾਵਾਂ ਦੇ ਅਦਾਨ-ਪ੍ਰਦਾਨ ਲਈ ਪੁਲ ਵਜੋਂ ਕੰਮ ਕਰੇਗੀ: ਗੁਰਮੀਤ ਸਿੰਘ ਖੁੱਡੀਆਂ
ਚੰਡੀਗੜ੍ਹ, 25 ਸਤੰਬਰ:
ਉਤਪਾਦਨ ਵਧਾਉਣ ਲਈ ਚੰਗੀ ਨਸਲ ਦੇ ਪਸ਼ੂ ਤਿਆਰ ਕਰਨ ਅਤੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਪੰਜਾਬ ਅਤੇ ਕੇਰਲਾ ਸੂਬਿਆਂ ਨੇ ਪਸ਼ੂ ਪਾਲਣ ਦੇ ਖੇਤਰ ਵਿੱਚ ਇੱਕ-ਦੂਜੇ ਦੀਆਂ ਵਿਲੱਖਣ ਸਮਰੱਥਾਵਾਂ ਦਾ ਲਾਭ ਉਠਾ ਕੇ ਪਸ਼ੂਧਨ ਦੀ ਉਤਪਾਦਕਤਾ ਨੂੰ ਵਧਾਉਣ ਲਈ ਇੱਕ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਰਣਨੀਤਕ ਸਹਿਯੋਗ ਵਿੱਚ ਉੱਚ-ਗੁਣਵੱਤਾ ਵਾਲੀ ਜੈਨੇਟਿਕ ਸਮੱਗਰੀ ਦਾ ਅਦਾਨ-ਪ੍ਰਦਾਨ ਕਰਨਾ ਸ਼ਾਮਲ ਹੈ, ਜਿਸ ਤਹਿਤ ਕੇਰਲਾ ਵੱਲੋਂ ਪੰਜਾਬ ਤੋਂ ਸਾਹੀਵਾਲ ਨਸਲ ਦੇ ਸਾਨ੍ਹ ਖਰੀਦੇ ਜਾਣਗੇ। ਇਸ ਦੇ ਬਦਲੇ ਵਿੱਚ ਪੰਜਾਬ ਵੱਲੋਂ ਕੇਰਲਾ ਤੋਂ ਹੋਲਸਟਾਈਨ ਫ੍ਰਾਈਜ਼ੀਅਨ (ਐਚਐਫ) ਅਤੇ ਮੁਰ੍ਹਾ ਨਸਲ ਦੇ ਸਾਨ੍ਹਾਂ ਦਾ ਸੀਮਨ ਪ੍ਰਾਪਤ ਕਰੇਗਾ। ਪੰਜਾਬ ਨੇ ਕੇਰਲਾ ਪਸ਼ੂਧਨ ਵਿਕਾਸ ਬੋਰਡ ਤੋਂ ਐਚਐਫ ਸੀਮਨ ਦੀਆਂ 30,000 ਖੁਰਾਕਾਂ ਅਤੇ ਮੁਰ੍ਹਾ ਬਫਲੋ ਸੀਮਨ ਦੀਆਂ 60,520 ਖੁਰਾਕਾਂ ਖਰੀਦਣ ਦਾ ਸ਼ੁਰੂਆਤੀ ਆਰਡਰ ਦਿੱਤਾ ਹੈ।
ਪਸ਼ੂ ਪਾਲਣ ਖੇਤਰ ਦੇ ਵਿਕਾਸ ਲਈ ਇਹ ਫੈਸਲੇ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਕੇਰਲਾ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰੀਮਤੀ ਜੇ. ਚਿੰਚੂ ਰਾਣੀ ਦਰਮਿਆਨ ਹੋਈ ਉੱਚ-ਪੱਧਰੀ ਮੀਟਿੰਗ ਦੌਰਾਨ ਲਏ ਗਏ।
ਸ. ਖੁੱਡੀਆਂ ਨੇ ਦੱਸਿਆ ਕਿ ਪੰਜਾਬ ਅਤੇ ਕੇਰਲਾ ਚੰਗੀ ਨਸਲ ਦੇ ਪਸ਼ੂਧਨ ਤਿਆਰ ਕਰਨ ਲਈ ਉੱਨਤ ਪ੍ਰਜਨਨ ਤਕਨਾਲੋਜੀਆਂ 'ਤੇ ਸਹਿਯੋਗ ਲਈ ਸਹਿਮਤ ਹੋਏ ਹਨ। ਇਸ ਸਾਂਝੇਦਾਰੀ ਵਿੱਚ ਤੇਜ਼ੀ ਨਾਲ ਨਸਲ ਸੁਧਾਰ ਵਾਸਤੇ ਐਮਬ੍ਰਿਓ ਟ੍ਰਾਂਸਫਰ (ਈਟੀ) ਅਤੇ ਇਨ-ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਵਰਗੇ ਅਤਿ-ਆਧੁਨਿਕ ਵਿਗਿਆਨਕ ਪ੍ਰੋਗਰਾਮਾਂ 'ਤੇ ਸਾਂਝੇ ਉਪਰਾਲੇ ਕਰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਦੋਵੇਂ ਰਾਜ ਉੱਤਮ ਪਸ਼ੂਧਨ ਜੈਨੇਟਿਕ ਵਿਕਸਤ ਕਰਨ ਲਈ ਪ੍ਰਯੋਗਸ਼ਾਲਾ ਪੱਧਰ 'ਤੇ ਜੀਨੋਮਿਕ ਸਿਲੈਕਸ਼ਨ ਅਤੇ ਪ੍ਰਜਨਨ ਮੁੱਲ ਅਨੁਮਾਨ 'ਤੇ ਮਿਲ ਕੇ ਕੰਮ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਹਿਯੋਗ ਦਾ ਉਦੇਸ਼ ਦੋਵਾਂ ਰਾਜਾਂ ਵਿੱਚ ਪਸ਼ੂਆਂ ਦੀ ਗੁਣਵੱਤਾ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਵਿਗਿਆਨ ਅਤੇ ਤਕਨਾਲੋਜੀ ਦਾ ਲਾਭ ਉਠਾਉਣਾ ਹੈ।
ਪੰਜਾਬ ਦੇ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਗਿਆਨ ਅਤੇ ਸਮਰੱਥਾ ਨਿਰਮਾਣ ‘ਚ ਵਾਧੇ ਲਈ ਪੰਜਾਬ ਅਤੇ ਕੇਰਲਾ ਦਰਮਿਆਨ ਇਹ ਭਾਈਵਾਲੀ ਪਸ਼ੂਆਂ ਦੇ ਡਾਕਟਰਾਂ, ਵਿਗਿਆਨੀਆਂ ਅਤੇ ਸਿਖਿਆਰਥੀਆਂ ਲਈ ਆਦਾਨ-ਪ੍ਰਦਾਨ ਪ੍ਰੋਗਰਾਮਾਂ ਰਾਹੀਂ ਮਨੁੱਖੀ ਸਰੋਤ ਵਿਕਾਸ ਨੂੰ ਤਰਜੀਹ ਦੇਵੇਗੀ। ਇਹ ਪਹਿਲ ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮਾਂ ਦੀ ਸਹੂਲਤ ਦੇਵੇਗੀ, ਪੰਜਾਬ ਪਸ਼ੂਧਨ ਵਿਕਾਸ ਬੋਰਡ (ਪੀਐਲਡੀਬੀ) ਅਤੇ ਕੇਰਲਾ ਪਸ਼ੂਧਨ ਵਿਕਾਸ ਬੋਰਡ (ਕੇਐਲਡੀਬੀ) ਵਿਚਕਾਰ ਹੁਨਰ ਵਿਕਾਸ ਅਤੇ ਮੁਹਾਰਤ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗੀ।
ਇਸ ਸਮਝੌਤੇ ਪਿੱਛੇ ਦੇ ਉਦੇਸ਼ ‘ਤੇ ਚਾਨਣਾ ਪਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸਿਰਫ਼ ਇੱਕ ਭਾਈਵਾਲੀ ਨਹੀਂ ਸਗੋਂ ਪਸ਼ੂ ਪਾਲਣ ਖੇਤਰ ਵਿੱਚ ਉੱਤਰੀ ਅਤੇ ਦੱਖਣੀ ਭਾਰਤ ਦੀਆਂ ਸਮਰੱਥਾਵਾਂ ਦੇ ਆਦਾਨ-ਪ੍ਰਦਾਨ ਲਈ ਇੱਕ ਪੁਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਉਦੇਸ਼ ਸਥਾਨਕ ਨਸਲਾਂ ਵਿੱਚ ਪੰਜਾਬ ਦੀ ਉੱਤਮਤਾ, ਵੱਧ ਪੈਦਾਵਾਰ ਵਾਲੀਆਂ ਕਰਾਸ-ਬ੍ਰੀਡਾਂ ਵਿੱਚ ਕੇਰਲਾ ਦੀ ਮੁਹਾਰਤ ਅਤੇ ਉੱਨਤ ਪ੍ਰਬੰਧਨ ਅਭਿਆਸਾਂ ਨੂੰ ਜੋੜ ਕੇ ਇੱਕ ਅਜਿਹਾ ਮਾਹੌਲ ਪ੍ਰਦਾਨ ਕਰਨਾ ਹੈ, ਜੋ ਜ਼ਮੀਨੀ ਪੱਧਰ 'ਤੇ ਸਾਡੇ ਕਿਸਾਨਾਂ ਨੂੰ ਲਾਭ ਪਹੁੰਚਾਏ।
ਸ੍ਰੀਮਤੀ ਜੇ. ਚਿੰਚੂ ਰਾਣੀ ਨੇ ਕਿਹਾ ਕਿ ਕੇਰਲਾ ਆਪਣੀ ਮੁਹਾਰਤ ਨੂੰ ਸਾਂਝਾ ਕਰਦਿਆਂ ਪੰਜਾਬ ਦੇ ਤਜ਼ਰਬੇ ਤੋਂ ਸਿੱਖਣ ਲਈ ਉਤਸੁਕ ਹੈ ਅਤੇ ਇਹ ਸਹਿਯੋਗ ਦੋਵਾਂ ਰਾਜਾਂ ਵਾਸਤੇ ਵਧੇਰੇ ਵਿਕਸਿਤ ਅਤੇ ਲਾਭਦਾਇਕ ਡੇਅਰੀ ਸੈਕਟਰ ਲਈ ਰਾਹ ਪੱਧਰਾ ਕਰੇਗੀ, ਜਿਸ ਨਾਲ ਸਾਡੇ ਕਿਸਾਨ ਭਾਈਚਾਰੇ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਤਕਨਾਲੋਜੀ ਟ੍ਰਾਂਸਫਰ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਵਿਗਿਆਨੀਆਂ ਦੀ ਮੁਹਾਰਤ ਅਤੇ ਨਵੀਨ ਤਕਨਾਲੋਜੀਆਂ ਦਾ ਆਦਾਨ-ਪ੍ਰਦਾਨ ਵਧੇਰੇ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਇਹ ਨਵੀਨ ਅਭਿਆਸਾਂ ਨੂੰ ਤੇਜ਼ੀ ਨਾਲ ਸਾਂਝਾ ਕਰਦਿਆਂ ਸਾਡੇ ਕਿਸਾਨਾਂ ਲਈ ਜ਼ਮੀਨੀ ਪੱਧਰ ‘ਤੇ ਲਾਭ ਨੂੰ ਯਕੀਨੀ ਬਣਾਏਗੀ। ਇਹ ਪਹਿਲ ਸਹਾਇਕ ਖੇਤੀ ਧੰਦਿਆਂ ਵਾਸਤੇ ਅੰਤਰ-ਰਾਜੀ ਸਹਿਯੋਗ ਲਈ ਇੱਕ ਨਵਾਂ ਮਾਪਦੰਡ ਸਥਾਪਤ ਕਰੇਗੀ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਭਾਈਵਾਲੀ ਪਸ਼ੂਆਂ ਦੇ ਜੈਨੇਟਿਕ ਗੁਣਾਂ ‘ਚ ਸੁਧਾਰ, ਦੁੱਧ ਉਤਪਾਦਨ ‘ਚ ਵਾਧੇ ਅਤੇ ਪੰਜਾਬ ਅਤੇ ਕੇਰਲਾ ਦੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਵਧੇਰੇ ਲਾਹੇਵੰਦ ਸਿੱਧ ਹੋਵੇਗੀ।
-------------