ਚੇਤਨਾ ਪ੍ਰਾਜੈਕਟ ; ਵਿਦਿਆਰਥੀਆਂ ਨੂੰ ਹੁਣ ਵਿੱਤੀ ਸਾਖ਼ਰਤਾ ਤੇ ਡਿਜੀਟਲ ਧੋਖਾਧੜੀ ਤੋਂ ਬਚਣ ਲਈ ਵੀ ਦਿੱਤੀ ਜਾਵੇਗੀ ਸਿਖ਼ਲਾਈ
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਵਿਸਥਾਰਤ ਯੋਜਨਾ ਤਿਆਰ ਕਰਨ ਲਈ ਕਿਹਾ
ਜਲੰਧਰ, 27 ਸਤੰਬਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਚੇਤਨਾ’ ਪ੍ਰਾਜੈਕਟ ਦਾ ਵਿਸਥਾਰ ਕਰਦਿਆਂ ਹੁਣ ਸਕੂਲੀ ਵਿਦਿਆਰਥੀਆਂ ਨੂੰ ਲਾਈਫ਼ ਸੇਵਿੰਗ ਸਕਿੱਲਜ਼ ਦੇ ਨਾਲ-ਨਾਲ ਵਿੱਤੀ ਸਾਖ਼ਰਤਾ ਅਤੇ ਡਿਜੀਟਲ ਧੋਖਾਧੜੀ ਤੋਂ ਬਚਣ ਸਬੰਧੀ ਸਿਖ਼ਲਾਈ ਵੀ ਪ੍ਰਦਾਨ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੂੰ ਸੁਚਾਰੂ ਅਤੇ ਵਿਸਥਾਰਪੂਰਵਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸਬੰਧਤ ਸਕੂਲਾਂ ਨਾਲ ਅਗਾਊਂ ਹੀ ਤਾਲਮੇਲ ਸਥਾਪਤ ਕਰਨ ਦੀਆਂ ਹਦਾਇਤਾਂ ਕੀਤੀਆਂ, ਜਿਨ੍ਹਾਂ ਵਿੱਚ ਇਹ ਸਿਖ਼ਲਾਈ ਪ੍ਰਦਾਨ ਕੀਤੀ ਜਾਣੀ ਹੈ।
ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਟ੍ਰੇਨਰਾਂ ਅਤੇ ਅਧਿਆਪਕਾਂ ਦੀ ਮਦਦ ਨਾਲ ਮੁਹੱਈਆ ਕਰਵਾਈ ਜਾਵੇਗੀ।
ਡਾ. ਅਗਰਵਾਲ ਨੇ ਕਿਹਾ ਕਿ ਇਹ ਉਪਰਾਲਾ ਨਵੀਂ ਪੀੜ੍ਹੀ ਨੂੰ ਅੱਜ ਦੇ ਜੀਵਨ ਨਾਲ ਸਬੰਧਤ ਜ਼ਰੂਰੀ ਗਿਆਨ ਦੇਣ ਅਤੇ ਆਧੁਨਿਕ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਬਹੁਤ ਅਹਿਮ ਹੈ। ਉਨ੍ਹਾਂ ਦੱਸਿਆ ਕਿ ਚੇਤਨਾ ਪ੍ਰਾਜੈਕਟ ਤਹਿਤ ਮੁੱਢਲੀ ਸਹਾਇਤਾ, ਸੀ.ਪੀ.ਆਰ., ਐਮਰਜੈਂਸੀ ਹਾਲਾਤ ਵਿੱਚ ਮਰੀਜ਼/ਜ਼ਖਮੀ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ਬਾਰੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਸਿਖ਼ਲਾਈ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿੱਤੀ ਸਾਖ਼ਰਤਾ ਤਹਿਤ ਵਿਦਿਆਰਥੀਆਂ ਨੂੰ ਬਜਟ ਬਣਾਉਣ, ਬੱਚਤ, ਨਿਵੇਸ਼ ਆਦਿ ਬਾਰੇ ਜਾਣੂ ਕਰਵਾਇਆ ਜਾਵੇਗਾ, ਜਿਸ ਨਾਲ ਉਹ ਭਵਿੱਖ ਵਿੱਚ ਆਪਣੇ ਵਿੱਤ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਦੇ ਯੋਗ ਹੋਣਗੇ। ਜਦਕਿ ਮੌਜੂਦਾ ਸਮੇਂ ਵਧ ਰਹੀ ਡਿਜੀਟਲ ਧੋਖਾਧੜੀ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਆਨਲਾਈਨ ਸੁਰੱਖਿਆ, ਸਾਈਬਰ ਕ੍ਰਾਈਮ ਤੋਂ ਬਚਾਅ ਅਤੇ ਡਿਜੀਟਲ ਜਾਗਰੂਕਤਾ ਬਾਰੇ ਸਿਖ਼ਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ ਆਪਣੇ-ਆਪ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਤੇ ਸਮਾਜ ਨੂੰ ਵੀ ਜਾਗਰੂਕ ਕਰ ਸਕਣਗੇ।