Arth Parkash : Latest Hindi News, News in Hindi
ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ
Wednesday, 08 Oct 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ

* ਮਰਹੂਮ ਗਾਇਕ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਅਫ਼ਸੋਸ ਪ੍ਰਗਟਾਇਆ

ਜਗਰਾਉਂ, 9 ਅਕਤੂਬਰ:


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਘਰ ਪੁੱਜ ਕੇ ਨੌਜਵਾਨ ਗਾਇਕ ਦੀ ਦੁਖਦਾਈ ਤੇ ਬੇਵਕਤੀ ਮੌਤ ਉੱਤੇ ਅਫ਼ਸੋਸ ਪ੍ਰਗਟਾਇਆ। ਕੁੱਝ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਦਾ ਕੱਲ੍ਹ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ।

ਸਵੇਰੇ ਮਰਹੂਮ ਗਾਇਕ ਦੇ ਗ੍ਰਹਿ ਵਿਖੇ ਪੁੱਜੇ ਮੁੱਖ ਮੰਤਰੀ ਨੇ ਦੁੱਖ ਵਿੱਚ ਡੁੱਬੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਨੌਜਵਾਨ ਗਾਇਕ ਦੇ ਦੇਹਾਂਤ ਨਾਲ ਸੂਬੇ ਦੇ ਸਮਕਾਲੀ ਸਾਹਿਤ, ਸੱਭਿਆਚਾਰ ਤੇ ਕਲਾ ਦੇ ਖ਼ੇਤਰ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਭਾਵੁਕ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਵੰਦਾ ਭਰ ਜਵਾਨੀ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਦੇ ਦੇਹਾਂਤ ਨਾਲ ਪੈਦਾ ਹੋਇਆ ਖਲਾਅ ਨੇੜ ਭਵਿੱਖ ਵਿੱਚ ਭਰਿਆ ਜਾਣਾ ਆਸਾਨ ਨਹੀਂ ਹੋਵੇਗਾ।

ਮੁੱਖ ਮੰਤਰੀ ਨੇ ਲੱਖਾਂ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦੀ ਸ਼ਾਨਦਾਰ ਪੇਸ਼ਕਾਰੀ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਰਾਜਵੀਰ ਦੀ ਮੌਤ ਨਾਲ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਉਨ੍ਹਾਂ ਕਿਹਾ ਕਿ ਰਾਜਵੀਰ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਚੇਤਿਆਂ ਵਿੱਚ ਵਸਿਆ ਰਹੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਵੀਰ ਨੇ ਪੰਜਾਬੀ ਕਲਾ ਤੇ ਸੱਭਿਆਚਾਰ ਦੀ ਤਰੱਕੀ ਲਈ ਅਹਿਮ ਯੋਗਦਾਨ ਦਿੱਤਾ।

ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਨੇਹੀਆਂ ਤੇ ਲੱਖਾਂ ਸ਼ਰਧਾਲੂਆਂ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਸਹਿਣ ਦਾ ਹੌਸਲਾ ਦੇਣ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਆਪਣੇ ਸ਼ਾਨਦਾਰ ਗੀਤਾਂ ਰਾਹੀਂ ਆਪਣੇ ਲੱਖਾਂ ਪ੍ਰਸੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਸੱਭਿਆਚਾਰ ਦਾ ਸਫ਼ੀਰ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਸੀ, ਜੋ ਆਪਣੇ ਗੀਤਾਂ ਰਾਹੀਂ ਪ੍ਰਸੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਵਸਦਾ ਰਹੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਗਾਇਕੀ ਦਾ ਪ੍ਰਤੀਕ ਜਵੰਦਾ ਹਮੇਸ਼ਾ ਉੱਭਰ ਰਹੇ ਕਲਾਕਾਰਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ।
----------------