ਪੀ ਐਸ ਐਮ ਐਸ ਯੂ ਦੇ ਜਿਲ੍ਹਾ ਯੂਨਿਟ ਫਰੀਦਕੋਟ ਦੀ ਚੋਣ ਹੋਈ
ਫ਼ਰੀਦਕੋਟ 13 ਅਕਤੂਬਰ
ਜਿਲ੍ਹਾ ਫਰੀਦਕੋਟ ਦੀ ਪੀ ਐਸ ਐਮ ਐਸ ਯੂ ਦੀ ਚੋਣ ਵਿੱਚ ਸਰਵ ਸੰਮਤੀ ਨਾਲ ਬਿਕਰਮਜੀਤ ਸਿੰਘ ਜਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਜਨਰਲ ਸਕੱਤਰ ਰਵੀਇੰਦਰ ਸਿੰਘ ਘਾਲੀ ਸੀਨੀਅਰ ਮੀਤ ਪ੍ਰਧਾਨ ਅਤੇ ਸਰਬਜੀਤ ਸਿੰਘ ਵਿੱਤ ਸਕੱਤਰ ਚੁਣੇ ਗਏ। ਅਸ਼ੋਕ ਚੱਕਰ ਮੀਟਿੰਗ ਹਾਲ ਵਿੱਚ ਹੋਈ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਤੋਂ ਇਕੱਠੇ ਹੋਏ ਅਹੁਦੇਦਾਰਾਂ ਅਤੇ ਜਿਲ੍ਹਾ ਬਾਡੀ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿੱਚ ਅਮਰੀਕ ਸਿੰਘ ਸੰਧੂ ਸਾਬਕਾ ਸੂਬਾ ਅਤੇ ਜਿਲ੍ਹਾ ਪ੍ਰਧਾਨ, ਕਰਨ ਜੈਨ ਜਨਰਲ ਸਕੱਤਰ ਅਤੇ ਦੇਸ਼ ਰਾਜ ਗੁਰਜਰ ਵੱਲੋਂ ਜਥੇਬੰਦੀ ਦਾ ਹਿਸਾਬ ਕਿਤਾਬ ਅਤੇ ਆਪਣੇ ਸਮੇਂ ਦੀਆਂ ਪ੍ਰਾਪਤੀਆਂ ਰੱਖੀਆਂ ਗਈਆਂ। ਇਸ ਉਪਰੰਤ ਜਿਲ੍ਹਾ ਲੀਡਰਸ਼ਿਪ ਵੱਲੋਂ ਉਹਨਾਂ ਵੱਲੋਂ ਦਿੱਤੀਆਂ ਬੇਹਤਰ ਸੇਵਾਵਾਂ ਲਈ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਨਾਲ ਹੀ ਕਰਨ ਜੈਨ ਜਨਰਲ ਸਕੱਤਰ ਅਤੇ ਦੇਸ਼ ਰਾਜ ਗੁਰਜਰ ਨੂੰ ਵੀ ਜਥੇਬੰਦੀ ਲਈ ਕੀਤੀ ਵਡਮੁੱਲੀ ਸੇਵਾ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹੇ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਬਣਨ ਤੋਂ ਬਾਦ ਪਹਿਲੀ ਵਾਰ ਜਿਲ੍ਹਾ ਮੀਟਿੰਗ ਵਿੱਚ ਆਏ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੂੰ ਸਨਮਾਨ ਚਿੰਨ ਦਿੱਤਾ ਗਿਆ। ਇਸ ਉਪਰੰਤ ਅਮਰੀਕ ਸਿੰਘ ਸੰਧੂ ਵੱਲੋਂ ਜਥੇਬੰਦੀ ਦੀ ਮਿਆਦ ਪੂਰੀ ਹੋ ਜਾਣ ਕਾਰਨ ਜਿਲ੍ਹਾ ਯੂਨਿਟ ਨੂੰ ਭੰਗ ਕਰਦਿਆਂ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੂੰ ਜਿਲ੍ਹੇ ਦੀ ਚੋਣ ਕਰਾਉਣ ਲਈ ਅਧਿਕਾਰਿਤ ਕੀਤਾ ਗਿਆ। ਉਹਨਾਂ ਵੱਲੋਂ ਬਕਾਇਦਾ ਚੋਣ ਪ੍ਰੋਸੈਸ ਸ਼ੁਰੂ ਕਰਦਿਆਂ ਹਾਊਸ ਸਾਹਮਣੇ ਵਲੰਟਰਲੀ ਸੇਵਾ ਕਰਨ ਵਾਲਿਆਂ ਨੂੰ ਆਪਣੇ ਆਪ ਨੂੰ ਪ੍ਰਪੋਜ਼ ਕਰਨ ਲਈ ਕਿਹਾ ਗਿਆ ਜਾਂ ਕਿਸੇ ਦਾ ਨਾਮ ਪ੍ਰਪੋਜ਼ ਕਰਨ ਲਈ ਕਿਹਾ ਗਿਆ। ਜਿਸ ਵਿੱਚ ਹਾਊਸ ਵੱਲੋਂ ਸਰਵਸੰਮਤੀ ਨਾਲ ਜਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ (ਸਿਹਤ ਵਿਭਾਗ), ਜਿਲ੍ਹਾ ਜਨਰਲ ਸਕੱਤਰ ਬਖਸ਼ੀਸ਼ ਸਿੰਘ (ਡੀ ਸੀ ਦਫਤਰ) ਰਵੀ ਇੰਦਰ ਸਿੰਘ ਘਾਲੀ ਸੀਨੀਅਰ ਮੀਤ ਪ੍ਰਧਾਨ (ਸਿੱਖਿਆ ਵਿਭਾਗ) ਅਤੇ ਸਰਬਜੀਤ ਸਿੰਘ ਵਿੱਤ ਸਕੱਤਰ (ਡੀ ਸੀ ਦਫ਼ਤਰ) ਨੂੰ ਚੁਣਿਆ ਗਿਆ। ਜਿਸ ਨੂੰ ਸਮੁੱਚੇ ਹਾਊਸ ਵੱਲੋਂ ਮੇਜ ਥਪ ਥਪਾ ਕੇ ਪ੍ਰਵਾਨ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਸੂਬਾ ਕਮੇਟੀ ਵੱਲੋਂ ਦਿੱਤੇ ਗਏ 14 ਅਕਤੂਬਰ ਨੂੰ ਜਿਲ੍ਹਾ ਪੱਧਰੀ ਰੈਲੀ ਅਤੇ 16 ਅਕਤੂਬਰ ਦੀ ਸੂਬਾ ਪੱਧਰੀ ਮੁਹਾਲੀ ਰੈਲੀ ਨੂੰ ਕਾਮਯਾਬ ਕਰਨ ਅਤੇ ਇਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਕਿਹਾ ਗਿਆ।ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਸਾਰੀਆਂ ਮੰਗਾਂ ਨੂੰ ਲਾਗੂ ਕੀਤੇ ਬਿਨਾਂ ਹੋਰ ਕੋਈ ਵੀ ਪੇਸ਼ਕਸ਼ ਪ੍ਰਵਾਨ ਨਹੀਂ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਦਿੱਤੇ ਐਕਸ਼ਨ ਮੰਗਾਂ ਪੂਰੀਆਂ ਕਰਾਉਣ ਤੱਕ ਲਾਗੂ ਕੀਤੇ ਜਾਣਗੇ ਅਤੇ ਅੱਗੇ ਹੋਰ ਵੀ ਵੱਡੇ ਐਕਸ਼ਨ ਦਿੱਤੇ ਜਾਣਗੇ। ਇਸ ਉਪਰੰਤ ਜਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ 14 ਅਕਤੂਬਰ ਦੀ ਜਿਲ੍ਹਾ ਰੈਲੀ ਸਵੇਰੇ 11:00 ਵਜੇ ਡੀ ਸੀ ਦਫ਼ਤਰ ਦੇ ਪੋਰਚ ਸਾਹਮਣੇ ਕੀਤੀ ਜਾਵੇਗੀ। ਜਿਸ ਵਿੱਚ ਭਰਵੀਂ ਗਿਣਤੀ ਵਿੱਚ ਸਾਰੇ ਜਿਲ੍ਹੇ ਦੇ ਕਲੈਰੀਕਲ ਕਾਮੇ ਸ਼ਾਮਿਲ ਹੋਣਗੇ। ਇਸ ਰੈਲੀ ਵਿੱਚ ਹੀ ਮੁਹਾਲੀ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਸਾਥੀਆਂ ਦੀ ਸੂਚੀ ਵੀ ਤਿਆਰ ਕੀਤੀ ਜਾਵੇਗੀ।