
ਚੰਡੀਗੜ੍ਹ, 28 ਅਕਤੂਬਰ, 2025: District Road Safety Committee Meeting: ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ, ਚੰਡੀਗੜ੍ਹ ਦੀ ਪ੍ਰਧਾਨਗੀ ਵਿੱਚ ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ,ਜਿਸ ਵਿੱਚ ਸ਼ਹਿਰ ਵਿੱਚ ਚਲ ਰਹੇ ਸੜਕ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਕਾਰਜਾਂ ਦੀ ਸਮੀਖਿਆ ਕੀਤੀ ਗਈ।
ਮੀਟਿੰਗ ਵਿੱਚ ਐੱਸਐੱਸਪੀ (ਟ੍ਰੈਫਿਕ ਅਤੇ ਸੁਰੱਖਿਆ), ਇੰਜੀਨੀਅਰਿੰਗ ਵਿਭਾਗ, ਸਿਹਤ ਵਿਭਾਗ ਅਤੇ ਨਗਰ ਨਿਗਮ, ਚੰਡੀਗੜ੍ਹ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਦੇ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਦੇ ਦੌਰਾਨ, ਡਿਪਟੀ ਕਮਿਸ਼ਨਰ ਨੇ ਇੰਜੀਨੀਅਰਿੰਗ ਵਿਭਾਗ ਨੂੰ ਸਾਇਕਲ ਟ੍ਰੈਕ ਬਣਾਉਣ ਲਈ ਕੰਕਰੀਟ ਦੀ ਬਜਾਏ ਬਿਟੂਮਨ ਸਮੱਗਰੀ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ, ਤਾਕਿ ਸਾਇਕਲ ਚਾਲਕਾਂ ਨੂੰ ਬਿਹਤਰ ਸੁਵਿਧਾ ਅਤੇ ਸੜਕ ਦੀ ਗੁਣਵੱਤਾ ਮਿਲ ਸਕੇ। ਉਨ੍ਹਾਂ ਨੇ ਹੱਲੋਮਾਜਰਾ ਲਾਇਟ ਪੁਆਇੰਟ ਤੋਂ ਬਹਿਲਾਣਾ ਲਾਇਟ ਪੁਆਇੰਟ ਤੱਕ ਸਾਇਕਲ ਟ੍ਰੈਕ ਦੇ ਧੀਮੀ ਗਤੀ ਨਾਲ ਚਲ ਰਹੇ ਕਾਰਜ 'ਤੇ ਚਿੰਤਾ ਵਿਅਕਤ ਕੀਤੀ ਅਤੇ ਅਧਿਕਾਰੀਆਂ ਨੂੰ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸਾਰੇ ਸੜਕ ਸੰਕੇਤਕ ਬੋਰਡ, ਜਿਵੇਂ ਗਤੀ ਸੀਮਾ ਅਤੇ ਟ੍ਰੈਫਿਕ ਸਲਾਹ ਸਬੰਧੀ ਬੋਰਡ,
ਇੰਡੀਅਨ ਰੋਡਸ ਕਾਂਗਰਸ (ਆਈਆਰਸੀ) ਦੁਆਰਾ ਜਾਰੀ ਕੀਤੇ ਗਏ ਨਵੀਨਤਮ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲਗਾਏ ਜਾਣ, ਤਾਕਿ ਇੱਕਰੂਪਤਾ ਅਤੇ ਰਾਸ਼ਟਰੀ ਮਿਆਰਾਂ ਦਾ ਪਾਲਨ ਸੁਨਿਸ਼ਚਿਤ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਹਾਲ ਹੀ ਵਿੱਚ ਸ਼ਹਿਰ ਵਿੱਚ ਲਾਗੂ ਕੀਤੇ ਗਏ ਸੁਰੱਖਿਆ ਉਪਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਵਾਹਨਾਂ ਦੀ ਗਤੀ ਨੂੰ ਕੰਟਰੋਲ ਕਰਨ ਅਤੇ ਸੁਰੱਖਿਆ ਵਧਾਉਣ ਲਈ 'ਰੰਬਲ ਸਟ੍ਰਿਪਸ' ਲਗਾਉਣਾ, ਲੇਨ ਅਨੁਸ਼ਾਸਨ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਮੁੱਖ ਜੰਕਸ਼ਨਾਂ 'ਤੇ ਜ਼ੈਬਰਾ ਕਰਾਸਿੰਗ ਅਤੇ ਸਟਾਪ ਲਾਇਨਾਂ ਨੂੰ ਚਿੰਨ੍ਹਿਤ ਕਰਨਾ, ਅਤੇ ਬਿਹਤਰ ਟ੍ਰੈਫਿਕ ਪ੍ਰਬੰਧਨ ਲਈ ਸੈਕਟਰ 52/53-42/43 ਅਤੇ 41/42-54/55 ਜਿਹੇ ਮਹੱਤਵਪੂਰਨ ਸਥਾਨਾਂ 'ਤੇ ਅਡੈਪਟਿਵ ਟ੍ਰੈਫਿਕ ਕੰਟਰੋਲ (ਏਟੀਸੀ) ਸਿਗਨਲ ਲਗਾਉਣਾ ਸ਼ਾਮਲ ਹੈ।
ਉਨ੍ਹਾਂ ਨੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ, ਸੁਚਾਰੂ ਟ੍ਰੈਫਿਕ ਪ੍ਰਵਾਹ ਨੂੰ ਯਕੀਨੀ ਬਣਾਉਣ ਅਤੇ ਚੰਡੀਗੜ੍ਹ ਦੇ ਸਾਰੇ ਨਾਗਰਿਕਾਂ ਲਈ ਆਉਣ-ਜਾਣ ਨੂੰ ਸੁਰੱਖਿਅਤ ਬਣਾਉਣ ਲਈ ਸਾਰੇ ਚਲ ਰਹੇ ਪ੍ਰੋਜੈਕਟਾਂ ਨੂੰ ਸਮੇਂ 'ਤੇ ਪੂਰਾ ਕਰਨ ਦੀ ਜ਼ਰੂਰਤ 'ਤੇ ਬਲ ਦਿੱਤਾ।