
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਕੌਮੀ ਬਾਗਬਾਨੀ ਮਿਸ਼ਨ ਸਕੀਮ ਦਾ ਕਿਸਾਨ ਵੱਧ ਤੋਂ ਵੱਧ ਲਾਭ ਲੈਣ - ਡਾ. ਚਤੁਰਜੀਤ ਸਿੰਘ ਰਤਨ
ਰੂਪਨਗਰ, 01 ਨਵੰਬਰ: ਪੰਜਾਬ ਰਾਜ ਵਿੱਚ ਖੇਤੀ ਵਿੰਭਿਨਤਾਂ ਲਿਆਉਣ ਲਈ ਸਰਕਾਰਾਂ ਵਲੋਂ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਹੀ ਜ਼ਿਲ੍ਹਾ ਰੂਪਨਗਰ ਵਿਖੇ ਬਾਗਬਾਨੀ ਨੂੰ ਉਤਸ਼ਾਹਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਕਿਸਾਨਾਂ ਨੂੰ ਬਾਗਬਾਨੀ ਗਤੀਵਿਧੀਆਂ ਅਪਣਾਉਣ ਤੇ ਸਬਸਿਡੀ ਦਾ ਲਾਭ ਦਿੱਤਾ ਜਾਂਦਾ ਹੈ।
ਇਸ ਸਬੰਧੀ ਬਾਗਬਾਨੀ ਵਿਕਾਸ ਅਫਸਰ ਰੂਪਨਗਰ ਡਾ. ਚਤੁਰਜੀਤ ਸਿੰਘ ਰਤਨ ਵੱਲੋਂ ਬਲਾਕ ਰੂਪਨਗਰ ਅਧੀਨ ਪੈਂਦੇ ਪਿੰਡ ਪੜੀ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਮੌਕੇ ਦੱਸਿਆ ਕਿ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਸਾਨੂੰ ਖੇਤੀ ਵਿੰਭਿਨਤਾ ਅਪਣਾਉਂਦੇ ਹੋਏ ਦੂਜੀਆਂ ਮੁਨਾਫ਼ੇਕਾਰ ਫਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਅਤੇ ਲੁਪਤ ਹੋ ਰਹੇ ਹੋਰ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਨਾਲ ਨਾਲ ਆਪਣੀ ਮੁਨਾਫ਼ਾਕਾਰੀ ਵਿੱਚ ਵਾਧਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਖੇਤੀ ਵਿੰਭਿਨਤਾ ਵਿੱਚ ਬਾਗਬਾਨੀ ਫਸਲਾਂ ਦੀ ਕਾਸ਼ਤ ਬਹੁਤ ਵਧੀਆ ਵਿਕਲਪ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਬਾਗਬਾਨਾਂ ਨੂੰ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਸਬਸਿਡੀ ਦੇ ਲਾਭ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਨਵੇਂ ਬਾਗ ਲਗਾਉਣ ਤੇ 20000 ਰੁਪਏ, ਵੱਖ-ਵੱਖ ਹਾਈਬ੍ਰਿਡ ਸਬਜੀਆਂ ਦੀ ਕਾਸ਼ਤ ਤੇ 9600 ਰੁਪਏ, ਲੱਸਣ ਅਤੇ ਪਿਆਜ਼ ਅਤੇ ਗੇਂਦਾ ਫੁੱਲ ਦੀ ਕਾਸ਼ਤ ਤੇ 8000 ਰੁਪਏ ਦੀ ਸਬਸਿਡੀ ਬਾਗਬਾਨੀ ਵਿਭਾਗ ਵਲੋਂ ਮੁਹਈਆ ਕਰਵਾਈ ਜਾਂਦੀ ਹੈ।
ਡਾ. ਚਤੁਰਜੀਤ ਸਿੰਘ ਰਤਨ ਨੇ ਦੱਸਿਆ ਕਿ ਸੁਰੱਖਿਅਤ ਖੇਤੀ ਅਧੀਨ ਸਬਜੀਆਂ ਅਤੇ ਫੁੱਲਾਂ ਦੀ ਕਾਸ਼ਤ ਲਈ ਪੋਲੀ ਹਾਊਸ/ਸ਼ੇਡ ਨੈੱਟ ਯੂਨਿਟ ਸਥਾਪਿਤ ਕਰਨ ਵਾਸਤੇ 50 ਫ਼ੀਸਦ ਦੇ ਹਿਸਾਬ ਨਾਲ ਯੂਨਿਟ ਦੇ ਸਾਈਜ਼ ਮੁਤਾਬਕ ਇੱਕ ਏਕੜ ਤੱਕ ਦੇ ਪੋਲੀ ਹਾਊਸ ਯੂਨਿਟ ਤੇ 20 ਲੱਖ ਰੁਪਏ ਅਤੇ ਇੱਕ ਏਕੜ ਤੱਕ ਦੇ ਨੈੱਟ ਹਾਊਸ ਯੂਨਿਟ ਤੇ 14.20 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਪੋਲੀ ਹਾਊਸ ਅਤੇ ਸ਼ੇਡ ਨੈੱਟ ਹਾਊਸ ਯੂਨਿਟ ਅਧੀਨ ਸਬਜੀਆਂ ਅਤੇ ਫੁੱਲਾਂ ਦੀ ਕਾਸ਼ਤ ਲਈ ਲੋੜੀਂਦੀ ਪੌਦ ਅਤੇ ਹੋਰ ਇਨਪੁਟਸ ਤੇ ਵੀ 50 ਫ਼ੀਸਦ ਦੀ ਸਬਸਿਡੀ ਉਪਲਭਧ ਹੈ। ਬਾਗ਼ਾਂ ਅਤੇ ਸਬਜੀਆਂ ਦੇ ਖੇਤਾਂ ਵਿੱਚ ਪਾਣੀ ਦੀ ਬਚਤ ਅਤੇ ਨਦੀਨਾਂ ਦੀ ਰੋਕਥਾਮ ਲਈ ਵਰਤੀਂ ਜਾਂਦੀ ਪਲਾਸਟਿਕ ਮਲਚਿੰਗ ਸ਼ੀਟ ਤੇ 8000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਉਪਲਭਧ ਹੈ। ਇਸੇ ਤਰ੍ਹਾਂ ਸਰਦੀਆਂ ਵਿਚ ਸਬਜੀਆਂ ਨੂੰ ਕੋਰੇ ਤੋਂ ਬਚਾਉਣ ਲਈ ਪਲਾਸਟਿਕ ਸ਼ੀਟ ਨਾਲ ਸੁਰੰਗਾਂ ਬਣਾ ਕੇ ਢੱਕਣ ਵਾਸਤੇ 1.0 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਉਪਲਬਧ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜੈਵਿਕ ਖੇਤੀ ਲਈ ਵਰਤੀ ਜਾਂਦੀ ਗੰਡੋਆਂ ਖਾਦ ਤਿਆਰ ਕਰਨ ਲਈ ਵਰਮੀ ਬੈੱਡ ਤੇ 8000 ਰੁਪਏ ਅਤੇ ਵਰਮੀ ਕੰਮਪੋਸਟ ਯੂਨਿਟ ਤੇ 50000 ਰੁਪਏ ਤੱਕ ਦੀ ਸਬਸਿਡੀ ਵਿਭਾਗ ਵਲੋਂ ਮੁਹਈਆ ਕਰਵਾਈ ਜਾਂਦੀ ਹੈ। ਸ਼ਹਿਦ ਮੱਖੀ ਪਾਲਣ ਦੀ ਮਹੱਤਤਾ ਬਾਰੇ ਦੱਸਦੇ ਹੋਏ ਓਹਨਾਂ ਕਿਹਾ ਕਿ ਜੋ ਕਿਸਾਨ ਸ਼ਹਿਦ ਮੱਖੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਹਨ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੇਂਦਰ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਸ਼ਹਿਦ ਮੱਖੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਹਨ। ਇਸ ਮੰਤਵ ਲਈ ਵਿਭਾਗ ਵਲੋਂ ਸ਼ਹਿਦ ਮੱਖੀਆਂ ਦੇ 50 ਬਕਸਿਆਂ ਤੇ 80000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਬਾਗਾਂ ਲਈ 20 ਪੀ ਟੀ ਓ ਹਾਰਸ ਪਾਵਰ ਤੱਕ ਦੇ ਟਰੈਕਟਰ ਤੇ ਵੀ 40-50 ਫ਼ੀਸਦ ਦੇ ਹਿਸਾਬ ਨਾਲ 1.96 ਲੱਖ ਤੋਂ 2.45 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਮਿਲਦੀ ਹੈ। ਇਸੇ ਤਰ੍ਹਾਂ ਬਾਗ਼ਾਂ ਅਤੇ ਸਬਜੀਆਂ ਦੇ ਖੇਤਾਂ ਵਿੱਚ ਵਰਤੇਂ ਜਾਂਦੇ ਪਾਵਰ ਟਿੱਲਰ ਤੇ ਵੀ 40-50 ਫ਼ੀਸਦ ਦੇ ਹਿਸਾਬ ਨਾਲ 80000-100000 ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਬਾਗ਼ਾਂ ਵਾਸਤੇ ਟਰੈਕਟਰ ਨਾਲ ਚੱਲਣ ਵਾਲੇ ਏਅਰ ਕੈਰੀਅਰ ਸਪਰੇਅ ਪੰਪ ਤੇ 1.10 ਲੱਖ ਤੋਂ 1.38 ਲੱਖ ਰੁਪਏ ਤੱਕ ਅਤੇ ਸਬਜੀਆਂ ਵਾਸਤੇ ਖਾਸ ਕਰਕੇ ਆਲੂਆਂ ਵਾਸਤੇ ਬੂਮ ਸਪਰੇਅ ਪੰਪ ਤੇ 32800 ਤੋਂ 41000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਇੰਜਣ ਵਾਲੇ ਨੈਪ ਸੈਕ ਸਪਰੇਅ ਪੰਪ ਤੇ ਵੀ 40-50% ਦੀ ਸਬਸਿਡੀ ਮੁਹਈਆ ਕਰਵਾਈ ਜਾਂਦੀ ਹੈ।
ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਫਲਾਂ ਅਤੇ ਸਬਜੀਆਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ (ਪੋਸਟ ਹਾਰਵੈਸਟ ਮਨੈਜਮੈਂਟ) ਅਧੀਨ ਖੇਤ ਵਿੱਚ ਪੈਕ ਹਾਊਸ ਤਿਆਰ ਕਰਨ ਲਈ 50 ਫ਼ੀਸਦ ਦੇ ਹਿਸਾਬ ਨਾਲ 2.40 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੋਲਡ ਸਟੋਰ, ਰਾਈਪਨਿੰਗ ਚੈਂਬਰ, ਕੋਲਡ ਰੂਮ, ਇੰਟੀਗਰੇਟਿੰਡ ਪੈਕ ਹਾਊਸ, ਰੈਫਰੀਜਰੇਟਿਡ ਵੈਨ ਆਦਿ ਗਤੀਵਿਧੀਆਂ ਤੇ ਸਮਰੱਥਾ ਦੇ ਹਿਸਾਬ ਨਾਲ ਕੁੱਲ 35 ਫ਼ੀਸਦੀ ਸਬਸਿਡੀ ਦੀ ਸਹੂਲਤ ਮਿਲਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵੱਡੇ ਯੂਨਿਟਾਂ ਨੂੰ ਸਥਾਪਿਤ ਕਰਵਾਉਣ ਲਈ ਪਹਿਲਾਂ ਪ੍ਰੋਜੈਕਟ ਰਿਪੋਰਟ ਤਿਆਰ ਕਰਵਾਈ ਜਾਂਦੀ ਹੈ ਅਤੇ ਇਨ੍ਹਾਂ ਯੂਨਿਟਾਂ ਨੂੰ ਸਥਾਪਿਤ ਕਰਨ ਲਈ ਬੈਂਕ ਤੋਂ ਲੋਨ ਜਰੂਰੀ ਹੈ ਅਤੇ ਸਬਸਿਡੀ ਸਿੱਧੇ ਤੌਰ ਤੇ ਬੈਂਕ ਦੇ ਲੋਨ ਖਾਤੇ ਵਿੱਚ ਹੀ ਜਾਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿਆਜ ਅਤੇ ਲੱਸਣ ਲਈ ਘੱਟ ਲਾਗਤ ਵਾਲੇ ਸਟੋਰੇਜ ਯੂਨਿਟ ਵਾਸਤੇ ਵੀ 50 ਫ਼ੀਸਦੀ ਸਬਸਿਡੀ ਦੀ ਵਿਵਸਥਾ ਹੈ।
ਅੰਤ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਬਾਗਬਾਨੀ ਖੇਤਰ ਨੂੰ ਅੱਗੇ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਲਾਕ ਰੂਪਨਗਰ ਦੇ ਕਿਸਾਨ ਇਨ੍ਹਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਓਹਨਾਂ ਦੇ ਮੋਬਾਈਲ ਨੰਬਰ 98887-56561 ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਆਪਣੇ ਆਪਣੇ ਬਲਾਕ ਦੇ ਸਬੰਧਤ ਬਾਗਬਾਨੀ ਵਿਕਾਸ ਅਫਸਰ ਜਾਂ ਜ਼ਿਲ੍ਹਾ ਬਾਗਬਾਨੀ ਦਫਤਰ ਨਾਲ ਤਾਲਮੇਲ ਕਰਕੇ ਇਨ੍ਹਾਂ ਸਕੀਮਾਂ ਦਾ ਲਾਹਾ ਲੈ ਸਕਦੇ ਹਨ।