
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ
ਕਿਸਾਨ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਹੋਰਨਾਂ ਕਿਸਾਨਾਂ ਨਾਲ ਵੀ ਸਾਂਝੀਆਂ ਕਰਨ - ਡਿਪਟੀ ਕਮਿਸ਼ਨਰ ਰਾਹੁਲ ਚਾਬਾ
- ਕਿਹਾ! ਸਬਸਿਡੀ ਉਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਤੋਂ ਪਾਇਆ ਜਾ ਸਕਦੈ ਛੁਟਕਾਰਾ
ਸੰਗਰੂਰ, 2 ਨਵੰਬਰ (2025) - ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਤੇ ਕਿਸਾਨ ਗਰੁੱਪਾਂ ਅਤੇ ਸਹਿਕਾਰੀ ਸਭਾਵਾਂ ਨੂੰ 80 ਫੀਸਦੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦੇਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਕੀਤਾ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜਿਨ੍ਹਾਂ ਵਿਅਕਤੀਗਤ ਕਿਸਾਨਾਂ ਕੋਲ ਪਰਾਲੀ ਪ੍ਰਬੰਧਨ ਸਬੰਧੀ ਖੇਤੀ ਮਸ਼ੀਨਰੀ ਉਪਲਬੱਧ ਹੈ, ਉਹ ਕਿਸਾਨ ਆਪਣੀ ਕਟਾਈ ਅਤੇ ਬਿਜਾਈ ਕਰਨ ਤੋਂ ਬਾਅਦ ਆਪਣੀ ਖੇਤੀ ਮਸ਼ੀਨਰੀ ਦੂਸਰੇ ਕਿਸਾਨਾਂ ਨੂੰ ਕਿਰਾਏ ਤੇ ਦੇਣ ਤਾਂ ਜੋ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਕੀਤਾ ਜਾ ਸਕੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤਾਂ ਵਿੱਚ ਵਾਹ ਦੇਣਾ ਚਾਹੀਦਾ ਹੈ ਅਤੇ ਬੇਲਰ ਦੀ ਸਹਾਇਤਾ ਨਾਲ ਪਰਾਲੀ ਦੀਆਂ ਗੰਢਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਣਕ ਦੀ ਬਿਜਾਈ ਹੈਪੀ ਸੀਡਰ/ਸੁਪਰ ਸੀਡਰ ਰਾਂਹੀ ਕਰਨ ਉੱਪਰ ਜੋਰ ਦਿੱਤਾ ਜਾਵੇ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਭੂਮੀ ਦੀ ਸਿਹਤ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਦਿਨੋਂ ਦਿਨ ਵੱਧ ਰਿਹਾ ਵਾਤਾਵਰਣ ਪ੍ਰਦੂਸ਼ਣ ਇਨਸਾਨਾਂ ਲਈ ਵੀ ਕਾਫੀ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਉਠਦੇ ਧੂੰਏ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆਂ ਰਹਿੰਦਾ ਹੈ।
ਉਹਨਾਂ ਨੇ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਚਲਾਈ ਜਾ ਰਹੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਕਿਸਾਨਾਂ ਨਾਲ ਨਿੱਜੀ ਸੰਪਰਕ ਕਰਕੇ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਜ਼ਿਲ੍ਹੇ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰ ਸਕਣ। ਉਨ੍ਹਾਂ ਕਿਹਾ ਕਿ ਵੱਧ ਰਿਹਾ ਵਾਤਾਵਰਣ ਪ੍ਰਦੂਸ਼ਣ ਸਾਡੇ ਸਭਨਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ, ਇਸ ਲਈ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਸਾਨੂੰ ਆਪਸ ਵਿੱਚ ਮਿਲ ਕੇ ਲੋਕ ਲਹਿਰ ਚਲਾਉਣੀ ਚਾਹੀਦੀ ਹੈ।
ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪਰਾਲੀ ਦੇ ਯੋਗ ਨਿਪਟਾਰੇ ਲਈ ਮਸ਼ੀਨਰੀ ਦੀ ਜ਼ਿਲ੍ਹਾ ਸੰਗਰੂਰ ਵਿੱਚ ਕੋਈ ਵੀ ਕਮੀ ਨਹੀਂ ਹੈ। ਜ਼ਿਲ੍ਹਾ ਸੰਗਰੂਰ ਵਿੱਚ 8623 ਵਾਤਾਵਰਨ ਪੱਖੀ ਮਸ਼ੀਨਾਂ ਵੱਖ-ਵੱਖ ਕਿਸਾਨਾਂ, ਕਸਟਮ ਹਾਈਰਿੰਗ ਸੈਂਟਰਾਂ (ਸੀ.ਐਚ.ਸੀਜ), ਕੋਆਪ੍ਰੇਟਿਵ ਸੋਸਾਇਟੀਆਂ ਤੇ ਗ੍ਰਾਮ ਪੰਚਾਇਤਾਂ ਕੋਲ ਉਪਲੱਬਧ ਹਨ। ਇਹਨਾਂ ਮਸ਼ੀਨਾਂ ਵਿੱਚ ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਆਰ.ਐਮ.ਬੀ. ਪਲਾਓ, ਜੀਰੋ ਟਿੱਲ ਡਰਿੱਲ, ਸੁਪਰ ਐਸ.ਐਮ.ਐਸ, ਟਰੈਕਟਰ, ਸੁਪਰ ਸੀਡਰ, ਸਮਾਰਟ ਸੀਡਰ, ਨਮੀ ਮੀਟਰ, ਬੇਲਰ, ਰੇਕ, ਸ਼ਰੱਬ ਮਾਸਟਰ, ਕ੍ਰੋਪ ਰੀਪਰ ਅਤੇ ਸਰਫੇਸ ਸੀਡਰ ਸ਼ਾਮਿਲ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਦੇ ਯਤਨਾਂ ਵਿੱਚ ਵਾਧਾ ਕਰਦਿਆਂ ਜ਼ਿਲ੍ਹਾ ਪੱਧਰ ਉਪਰ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ।
ਪਰਾਲੀ ਸਾੜਨ ਦੀ ਸੂਚਨਾ ਮਿਲਣ ਉਤੇ ਲਾਈਨ ਵਿਭਾਗਾਂ ਅਤੇ ਆਮ ਲੋਕਾਂ ਨਾਲ ਸਹੀ ਤਾਲਮੇਲ ਲਈ ਇਹ ਕੰਟਰੋਲ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਧਰਾਤਲ ਮੰਜ਼ਿਲ ਸਥਿਤ ਸਹਾਇਕ ਕਮਿਸ਼ਨਰ (ਜਨਰਲ) ਦੇ ਦਫ਼ਤਰ (ਕਮਰਾ ਨੰਬਰ 18) ਵਿਖੇ ਬਣਾਇਆ ਗਿਆ ਹੈ। ਕੰਟਰੋਲ ਰੂਮ ਦਾ ਨੰਬਰ 01672-234196 ਹੈ, ਜਿਹੜਾ ਕਿ ਰੋਜ਼ਾਨਾ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 8 ਵਜੇ ਤੱਕ ਕਾਰਜਸ਼ੀਲ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਸ਼੍ਰੀ ਰੋਹਿਤ ਸਿੰਗਲਾ, ਐਕਸੀਅਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸੰਗਰੂਰ ਨੂੰ ਨੋਡਲ ਅਧਿਕਾਰੀ ਲਾਇਆ ਗਿਆ ਹੈ।
ਕੰਟਰੋਲ ਰੂਮ ਦੀਆਂ ਇਹ ਟੀਮਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਸੂਚਨਾ ਨੂੰ ਅੱਗੇ ਸਬੰਧਤ ਫੀਲਡ ਟੀਮ ਨੂੰ ਤੁਰੰਤ ਪ੍ਰਭਾਵ ਨਾਲ ਦੇਣ ਦੀਆਂ ਜਿੰਮੇਵਾਰ ਹਨ ਤਾਂ ਕਿ ਇਸ ਉਪਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕੰਟਰੋਲ ਰੂਮ ਜ਼ਰੀਏ ਕਿਸਾਨ ਪਰਾਲੀ ਪ੍ਰਬੰਧਨ ਲਈ ਸੋਸਾਇਟੀਆਂ, ਗ੍ਰਾਮ ਪੰਚਾਇਤਾਂ ਆਦਿ ਵਿੱਚ ਮੌਜੂਦ ਮਸ਼ੀਨਰੀ ਲਈ ਵੀ ਜਾਣਕਾਰੀ ਲੈ ਸਕਦੇ ਹਨ।