
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਰਨਾਲਾ
--ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ, ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਖੇਤਾਂ 'ਚ ਡਟੇ
--ਡਿਪਟੀ ਕਮਿਸ਼ਨਰ ਵੱਲੋਂ ਨਿਰੰਤਰ ਹਾਟ ਸਪਾਟ ਪਿੰਡਾਂ ਦਾ ਦੌਰਾ
--ਪ੍ਰਸ਼ਾਸਨਿਕ, ਪੁਲਿਸ ਅਧਿਕਾਰੀਆਂ ਵੱਲੋਂ ਲਗਾਤਾਰ ਪਿੰਡਾਂ 'ਚ ਗਸ਼ਤ ਜਾਰੀ
--ਹਾਟ ਸਪਾਟ ਪਿੰਡਾਂ ਉੱਤੇ ਹੈ ਤਿੱਖੀ ਨਜ਼ਰ
ਬਰਨਾਲਾ, 2 ਨਵੰਬਰ
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਖੇਤਾਂ ਵਿੱਚ ਡਟੇ ਹਨ। ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਅੱਜ ਪਿੰਡ ਪਿੰਡ ਜਾ ਕੇ ਚੈਕਿੰਗ ਕੀਤੀ ਗਈ। ਟੀਮਾਂ ਵੱਲੋਂ ਹਾਟ ਸਪਾਟ ਪਿੰਡਾਂ ਉੱਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਖਤਗੜ, ਰਾਏਸਰ, ਚੰਨਣਵਾਲ, ਛੀਨੀਵਾਲ ਕਲਾਂ ਅਤੇ ਮਹਿਲ ਕਲਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ 'ਚ ਤਾਇਨਾਤ ਪਰਾਲੀ ਪ੍ਰਬੰਧਨ ਅਫ਼ਸਰਾਂ ਅਤੇ ਪੁਲਿਸ ਸਟਾਫ਼ ਦੀ ਚੈਕਿੰਗ ਕੀਤੀ ਗਈ ਅਤੇ ਸਾਰਾ ਸਟਾਫ਼ ਹਾਜ਼ਰ ਪਾਇਆ ਗਿਆ।
ਉਨ੍ਹਾਂ ਪਿੰਡ ਚੰਨਣਵਾਲ ਵਿਖੇ ਬਣਾਏ ਗਏ ਪਰਾਲੀ ਡੰਪ ਦਾ ਦੌਰਾ ਕੀਤਾ ਜਿਹੜਾ ਕਿ ਪਿੰਡ ਦੀ ਪੰਚਾਇਤ ਦੀ ਮਦਦ ਨਾਲ 13 ਏਕੜ ਜ਼ਮੀਨ 'ਚ ਆਸ-ਪਾਸ ਦੇ ਪਿੰਡਾਂ ਦੀ ਪਰਾਲੀ ਇਕੱਤਰ ਕਰ ਰਿਹਾ ਹੈ। ਇਸ ਡੰਪ ਵਿਖੇ ਕਿਸਾਨਾਂ ਦੀ ਪਰਾਲੀ ਦੀ ਸੰਭਾਲ ਕੀਤੀ ਜਾਂਦੀ ਹੈ ਅਤੇ ਇਸ ਨੂੰ ਅੱਗੇ ਲੋੜ ਅਨੁਸਾਰ ਵੱਖ ਵੱਖ ਫੈਕਟਰੀਆਂ ਵੱਲੋਂ ਲੈ ਲਿਆ ਜਾਵੇਗਾ।
ਉਨ੍ਹਾਂ ਵੱਖ ਵੱਖ ਪਿੰਡਾਂ ਵਿਖੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਬਜਾਏ, ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵਰਤੋਂ ਜਿਵੇਂ ਕਿ ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ ਜਾਂ ਹੈਪੀ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਮਿਲਾਉਣ। ਇਸ ਤੋਂ ਇਲਾਵਾ ਪਰਾਲੀ ਨੂੰ ਬੇਲਰ ਮਸ਼ੀਨਾਂ ਰਾਹੀਂ ਗੱਠਾਂ ਬਣਾ ਕੇ ਪਾਵਰ ਪਲਾਂਟਾਂ ਜਾਂ ਉਦਯੋਗਾਂ ਨੂੰ ਵੀ ਵੇਚਆ ਜਾ ਸਕਦਾ ਹੈ।
ਇਸੇ ਤਰ੍ਹਾਂ ਆਈ ਏ ਐੱਸ (ਅੰਡਰ ਟ੍ਰੇਨੀ) ਸ਼੍ਰੀ ਸ਼ਿਵੰਸ਼ ਰਾਠੀ ਨੇ ਪਿੰਡ ਗੁੰਮਟੀ, ਠੁੱਲੀਵਾਲ, ਕੁਰੜ, ਛੁਹਾਣਕੇ ਖੁਰਦ, ਠੁੱਲੀਵਾਲ, ਵਜੀਦਕੇ, ਸਹੌਰ ਦਾ ਦੌਰਾ ਕੀਤਾ । ਪਿੰਡ ਸਹੌਰ ਵਿਖੇ ਉਨ੍ਹਾਂ ਅੱਗ ਬੁਝਾਉਣ 'ਚ ਮਦਦ ਕੀਤੀ ਅਤੇ ਮੌਕੇ ਦਾ ਜਾਇਜ਼ਾ ਲਿਆ।
ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪਿੰਡਾਂ 'ਚ ਲਗਾਤਾਰ ਗਸ਼ਤ ਜਾਰੀ ਹੈ । ਗਸ਼ਤ ਦੌਰਾਨ ਪਿੰਡ ਵਾਸੀਆਂ ਨੂੰ ਹੂਟਰ ਚਲਾ ਕੇ ਜਾਗਰੂਕ ਕੀਤਾ ਜਾਂਦਾ ਹੈ। ਨਾਲ ਹੀ ਪ੍ਰਸ਼ਾਸਨ ਵੱਲੋਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਿਆਰ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਲੋੜ ਅਨੁਸਾਰ ਵਰਤਿਆ ਜਾਂਦਾ ਹੈ।
ਟੀਮਾਂ ਵੱਲੋਂ ਢਿਲਵਾਂ ਨਾਭਾ, ਧਨੌਲਾ, ਪੱਖੋ, ਢਿਲਵਾਂ, ਕੋਠੇ ਸੁਰਜੀਤਪੁਰਾ, ਤਪਾ, ਛੀਨੀਵਾਲ ਕਲਾਂ, ਪੱਤੀ ਖੱਟਰ ਸਮੇਤ 25 ਹਾਟ ਸਪਾਟ ਪਿੰਡਾਂ ਦਾ ਦੌਰਾ ਕੀਤਾ ਗਿਆ। ਇਨ੍ਹਾਂ 25 ਹਾਟ ਸਪਾਟ ਪਿੰਡਾਂ 'ਚ ਧਨੌਲਾ ਦੇ ਖੇਤਰ, ਸ਼ਹਿਣਾ, ਮੌੜ ਨਾਭਾ, ਕਾਲੇਕੇ, ਪੱਖੋਂ ਕਲਾਂ, ਧੌਲਾ, ਕੋਟਦੁੱਨਾ, ਠੀਕਰੀਵਾਲ, ਬਰਨਾਲਾ (ਡੀ ਖੇਤਰ), ਸੰਘੇੜਾ, ਸੇਖਾ, ਟੱਲੇਵਾਲ, ਬਡਬਰ, ਰੂੜੇਕੇ ਕਲਾਂ, ਛੀਨੀਵਾਲ ਕਲਾਂ, ਕੱਟੂ, ਹੰਡਿਆਇਆ (ਡੀ ਖੇਤਰ), ਖੁੱਡੀ ਕਲਾਂ, ਉੱਗੋਕੇ, ਜੋਧਪੁਰ, ਠੁੱਲੀਵਾਲ, ਉੱਪਲੀ, ਭੋਤਨਾ, ਪੱਤੀ ਬੀਰ, ਢਿਲਵਾਂ, ਪੱਤੀ ਸੇਖਵਾਂ, ਫਰਵਾਹੀ, ਹਰੀਗੜ੍ਹ, ਰਾਜਗੜ੍ਹ, ਭੈਣੀ ਮਹਿਰਾਜ ਅਤੇ ਚੀਮਾ ਸ਼ਾਮਲ ਹਨ।