Arth Parkash : Latest Hindi News, News in Hindi
350ਵਾਂ ਸ਼ਹੀਦੀ ਦਿਹਾੜਾ: ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ਵ 350ਵਾਂ ਸ਼ਹੀਦੀ ਦਿਹਾੜਾ: ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ਵਿੱਚ ਵੰਡਿਆ
Monday, 17 Nov 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

350ਵਾਂ ਸ਼ਹੀਦੀ ਦਿਹਾੜਾ: ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ਵਿੱਚ ਵੰਡਿਆ

 

— ਡੀਜੀਪੀ ਗੌਰਵ ਯਾਦਵ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਦੀਆਂ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ

 

— ਸ਼ਰਧਾਲੂਆਂ ਦੀ ਸਹੂਲਤ ਲਈ ਡਿਜੀਟਲ ਨਿਗਰਾਨੀ ਨਾਲ ਸਮਰਥਿਤ ਪਾਰਕਿੰਗ ਥਾਵਾਂ, 24x7 ਸ਼ਟਲ ਬੱਸ ਸੇਵਾ ਉਪਲੱਬਧ ਹੋਵੇਗੀ: ਡੀਜੀਪੀ ਗੌਰਵ ਯਾਦਵ

 

— ਪੰਜਾਬ ਪੁਲਿਸ ਵੱਲੋਂ ਯਾਦਗਾਰੀ ਸਮਾਗਮਾਂ ਦੇ ਸੁਚਾਰੂ ਅਤੇ ਸੁਰੱਖਿਅਤ ਅਮਲ ਨੂੰ ਯਕੀਨੀ ਬਣਾਉਣ ਲਈ 8000 ਤੋਂ ਵੱਧ ਕਰਮਚਾਰੀ ਅਤੇ ਉੱਚ-ਤਕਨੀਕੀ ਨਿਗਰਾਨ ਪ੍ਰਣਾਲੀ ਤਾਇਨਾਤ

 

— ਸੁਰੱਖਿਆ ਦਾਇਰੇ ਦੀ ਮਜ਼ਬੂਤੀ ਲਈ ਏਐਨਪੀਆਰ, ਚਿਹਰੇ ਦੀ ਪਛਾਣ ਵਾਲੇ ਕੈਮਰੇ ਅਤੇ ਡਰੋਨ ਸਹੂਲਤ ਦਾ ਪ੍ਰਬੰਧ: ਡੀਜੀਪੀ ਗੌਰਵ ਯਾਦਵ

 

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 18 ਨਵੰਬਰ:

 

ਨੌਵੇਂ ਪਾਤਸ਼ਾਹ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਸਬੰਧੀ ਵਿਸ਼ਾਲ ਸਮਾਗਮਾਂ ਵਾਸਤੇ ਸੁਚਾਰੂ ਅਤੇ ਸੁਰੱਖਿਅਤ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਆਪਕ ਸੁਰੱਖਿਆ, ਸਹੂਲਤ ਅਤੇ ਟ੍ਰੈਫਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

 

ਮੀਡੀਆ ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ ਪੇਸ਼ੇਵਰਤਾ, ਵਚਨਬੱਧਤਾ, ਦਇਆ-ਭਾਵਨਾ ਅਤੇ ਸ਼ਰਧਾ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਂਦਿਆਂ ਆਪਣੀ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਅਤੇ ਵਿਸ਼ੇਸ਼ ਡੀਜੀਪੀ ਇੰਟੈਲੀਜੈਂਸ ਪ੍ਰਵੀਨ ਸਿਨਹਾ ਵੀ ਮੌਜੂਦ ਸਨ।

 

23 ਤੋਂ 25 ਨਵੰਬਰ, 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਯਾਦਗਾਰੀ ਸਮਾਗਮਾਂ ਵਿੱਚ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।

 

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੀਨੀਅਰ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 8,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਇੱਕ ਵੱਡੀ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ, ਸੁਚਾਰੂ ਆਉਣ-ਜਾਣ ਅਤੇ ਆਰਾਮਦਾਇਕ ਅਨੁਭਵ ਨੂੰ ਯਕੀਨੀ ਬਣਾਇਆ ਜਾ ਸਕੇ।

 

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੁਰੱਖਿਆ ਪ੍ਰਬੰਧ ਅਤਿ-ਆਧੁਨਿਕ ਤਕਨਾਲੋਜੀ 'ਤੇ ਅਧਾਰਤ ਹਨ ਅਤੇ ਸ਼ਹਿਰ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਸਥਾਨਾਂ 'ਤੇ ਆਟੋਮੈਟਿਕ ਨੰਬਰ ਪਲੇਟ ਰੈਕੋਗੀਨੇਸ਼ਨ (ਏਐਨਪੀਆਰ), ਪੀਟੀਜ਼ੈਡ, ਅਤੇ ਚਿਹਰੇ ਦੀ ਪਛਾਣ ਵਾਲੇ ਕੈਮਰਿਆਂ ਦੇ ਨਾਲ ਡਰੋਨ ਨਿਗਰਾਨੀ ਦੀ ਵਿਵਸਥਾ ਕੀਤੀ ਗਈ ਹੈ, ਜਿਸ ਲਈ ਇੱਕ ਉੱਚ-ਤਕਨੀਕੀ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ।

 

ਡੀਜੀਪੀ ਨੇ ਕਿਹਾ ਕਿ ਪੂਰੇ ਖੇਤਰ ਨੂੰ ਯੋਜਨਾਬੱਧ ਢੰਗ ਨਾਲ 25 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਦਾ ਆਪਣਾ ਸਬ-ਕੰਟਰੋਲ ਰੂਮ ਅਤੇ ਹੈਲਪ ਡੈਸਕ ਹੈ ਤਾਂ ਜੋ ਕੁਸ਼ਲ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ। ਸ਼ਰਧਾਲੂਆਂ ਦੀ ਸਹੂਲਤ ਲਈ, ਵਿਆਪਕ ਟ੍ਰੈਫਿਕ ਅਤੇ ਲੌਜਿਸਟਿਕਲ ਯੋਜਨਾਵਾਂ ਬਣਾਈਆਂ ਗਈਆਂ ਹਨ ਜਿਸ ਵਿੱਚ ਸਾਰੇ ਸਥਾਨਾਂ ਅਤੇ ਟੈਂਟ ਸਿਟੀਜ਼ ਲਈ 24x7 ਸ਼ਟਲ ਸੇਵਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੰਗਤ ਦੀ ਸੁਚਾਰੂ ਆਵਾਜਾਈ ਅਤੇ ਜ਼ਮੀਨੀ ਪੱਧਰ ‘ਤੇ ਮਜ਼ਬੂਤ ਪ੍ਰਬੰਧਨ ਲਈ ਰਣਨੀਤਕ ਤੌਰ 'ਤੇ ਸਮਾਰਟ ਬੈਰੀਕੇਡਿੰਗ ਪ੍ਰਣਾਲੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ।

 

ਸ਼ਰਧਾਲੂਆਂ ਲਈ ਨਿਰਵਿਘਨ ਟ੍ਰੈਫਿਕ ਪ੍ਰਬੰਧਨ ਅਤੇ ਘੱਟੋ-ਘੱਟ ਪਰੇਸ਼ਾਨੀ ਲਈ ਜ਼ਿਲ੍ਹਾ ਪੁਲਿਸ ਨੇ ਆਈਆਈਟੀ ਰੋਪੜ ਨਾਲ ਸਾਂਝੇਦਾਰੀ ਤਹਿਤ ਸੰਗਤ ਦੇ ਮਾਰਗਦਰਸ਼ਨ ਅਤੇ ਕੁਸ਼ਲ ਟ੍ਰੈਫਿਕ ਪ੍ਰਬੰਧਨ ਲਈ ਪਾਰਕਿੰਗ ਜ਼ੋਨਾਂ ਦੀ ਰੀਅਲ-ਟਾਈਮ ਡਿਜੀਟਲ ਮੈਪਿੰਗ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਤੋਂ ਇਲਾਵਾ ਦੇਸ਼ ਭਰ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਅਤੇ ਢੁਕਵੀਂ ਵਿਵਸਥਾ ਨੂੰ ਬਣਾਈ ਰੱਖਣ ਲਈ ਐਡਵਾਂਸਡ ਸਰਵੇਲੈਂਸ ਗਰਿੱਡ, ਆਧੁਨਿਕ ਟ੍ਰੈਫਿਕ ਪ੍ਰਬੰਧਨ ਅਤੇ ਮਜ਼ਬੂਤ ਫੀਲਡ ਨਿਗਰਾਨ ਪ੍ਰਣਾਲੀ ਪੂਰੀ ਤਰ੍ਹਾਂ ਕਾਰਜਸ਼ੀਲ ਹਨ।

 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਇੱਕ ਸੁਚਾਰੂ, ਸੁਰੱਖਿਅਤ ਅਤੇ ਅਧਿਆਤਮਿਕ ਤੌਰ 'ਤੇ ਸੰਪੂਰਨ ਅਨੁਭਵ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ-ਅਧਾਰਤ ਸਹੂਲਤ ਪ੍ਰਣਾਲੀਆਂ, ਜਿਸ ਵਿੱਚ ਸਮਰਪਿਤ ਹੈਲਪ ਡੈਸਕ, ਜਨਤਕ ਸਹੂਲਤਾਂ ਅਤੇ ਰੀਅਲ-ਟਾਈਮ ਨਿਗਰਾਨੀ ਡੈਸ਼ਬੋਰਡ ਸ਼ਾਮਲ ਹਨ, ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਆਪਕ ਐਮਰਜੈਂਸੀ ਯੋਜਨਾਵਾਂ, ਜਿਸ ਵਿੱਚ ਸੰਗਤ ਦੀ ਆਵਾਜਾਈ, ਰਿਕਵਰੀ ਵੈਨਾਂ ਅਤੇ ਮੁਹੱਲਾ ਕਲੀਨਿਕ ਤੇ ਰੈਫਰਲ ਹਸਪਤਾਲ ਵਰਗੀਆਂ ਡਾਕਟਰੀ ਸੇਵਾਵਾਂ ਸ਼ਾਮਲ ਹਨ, ਦੀ ਵੀ ਢੁਕਵੀਂ ਵਿਵਸਥਾ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਫੋਰਸ ਦੀ ਤਾਇਨਾਤੀ ਨੂੰ ਬ੍ਰੀਫਿੰਗ ਕਰਨ ਲਈ ਕਿਊ.ਆਰ. ਕੋਡਾਂ ਦੀ ਵਰਤੋਂ ਕੀਤੀ ਗਈ ਹੈ, ਤਾਂ ਜੋ ਇਸਨੂੰ ਸੁਚਾਰੂ ਬਣਾਇਆ ਜਾ ਸਕੇ ਅਤੇ ਭੀੜ-ਭੜੱਕੇ ਵਾਲੇ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਮਹਿਲਾ ਪੁਲਿਸ ਅਤੇ ਵਿਸ਼ੇਸ਼ ਸਿਵਲ ਵਰਦੀਧਾਰੀ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰੋਪੜ ਜ਼ਿਲ੍ਹੇ ਅਤੇ ਇਸਦੇ ਆਲੇ ਦੁਆਲੇ ਦੇ ਸਨੈਚਰਾਂ ਨਾਲ ਸਬੰਧਤ ਡੇਟਾ ਨੂੰ ਚਿਹਰੇ ਦੀ ਪਛਾਣ ਕਰਨ ਵਾਲੀ ਪ੍ਰਣਾਲੀ ਨਾਲ ਜੋੜਿਆ ਗਿਆ ਹੈ।

 

ਡੀਜੀਪੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਗਰਿਕਾਂ ਦੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮਾਗਮ ਦੀ ਪਵਿੱਤਰਤਾ ਬਣਾਈ ਰੱਖਣ ਲਈ ਨਿਮਰਤਾ ਅਤੇ ਸਤਿਕਾਰ ਨਾਲ ਆਪਣੇ ਫਰਜ਼ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

 

ਡੀਜੀਪੀ ਗੌਰਵ ਯਾਦਵ ਨੇ ਰੂਪਨਗਰ ਜ਼ਿਲ੍ਹੇ ਵਿੱਚ ਰੋਪੜ ਪੁਲਿਸ ਲਾਈਨ ਵਿਖੇ ਆਡੀਟੋਰੀਅਮ ਅਤੇ ਨਵੀਨੀਕਰਨ ਕੀਤੀ ਗਈ ਜੀਓ ਮੈਸ ਅਤੇ ਥਾਣਾ ਸਿੰਘ ਭਗਵੰਤਪੁਰ ਦਾ ਉਦਘਾਟਨ ਕੀਤਾ।

 

ਇਸ ਮੌਕੇ ਏਡੀਜੀਪੀ ਕਾਨੂੰਨ ਅਤੇ ਵਿਵਸਥਾ ਐਸਐਸ ਪਰਮਾਰ, ਏਡੀਜੀਪੀ ਇੰਟਰਨਲ ਵਿਜੀਲੈਂਸ ਨੌਨਿਹਾਲ ਸਿੰਘ, ਆਈਜੀ ਪ੍ਰੋਵੀਜ਼ਨਿੰਗ ਐਸ ਭੂਪਤੀ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡੀਆਈਜੀ ਰੋਪੜ ਰੇਂਜ ਨਾਨਕ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਐਸਐਸਪੀ ਰੂਪਨਗਰ ਗੁਲਨੀਤ ਖੁਰਾਨਾ ਅਤੇ ਡੀਜੀਪੀ ਪੰਜਾਬ ਦੇ ਸਟਾਫ ਅਫਸਰ ਦਰਪਨ ਆਹਲੂਵਾਲੀਆ

ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।