Arth Parkash : Latest Hindi News, News in Hindi
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਲਈ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਨਲਾਈਨ ਟੈਂਟ ਸਿਟੀ ਬੁਕਿੰਗ ਪ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਲਈ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਨਲਾਈਨ ਟੈਂਟ ਸਿਟੀ ਬੁਕਿੰਗ ਪੋਰਟਲ ਸ਼ੁਰੁ
Tuesday, 18 Nov 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਲਈ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਨਲਾਈਨ ਟੈਂਟ ਸਿਟੀ ਬੁਕਿੰਗ ਪੋਰਟਲ ਸ਼ੁਰੁ

• ਟੈਂਟ ਸਿਟੀ ਬੁਕਿੰਗ ਪੋਰਟਲ ਰਾਹੀਂ ਹਰ ਪਰਿਵਾਰ ਨੂੰ ਦੋ ਦਿਨ ਲਈ ਰਹਿਣ ਦੀ ਸੁਵਿਧਾ

• ਮੁੱਖ ਸਮਾਗਮ ਸਥਾਨਾਂ ਤੱਕ ਆਉਣ-ਜਾਣ ਲਈ ਪੰਜਾਬ ਸਰਕਾਰ ਵੱਲੋਂ 500 ਈ-ਰਿਕਸ਼ੇ ਅਤੇ ਗਾਲਫ ਕਾਰਟ ਮੁਹੱਈਆ ਕੀਤੇ ਜਾਣਗੇ

ਸ਼੍ਰੀ ਆਨੰਦਪੁਰ ਸਾਹਿਬ, 19 ਨਵੰਬਰ: ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਬੁੱਧਵਾਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇਤਿਹਾਸਕ 350ਵੇਂ ਸ਼ਹੀਦੀ ਸਮਾਗਮ (21 ਨਵੰਬਰ ਤੋਂ 29 ਨਵੰਬਰ) ਵਿੱਚ ਆਉਣ ਵਾਲੀ ਸੰਗਤ ਦੀ ਸੁਵਿਧਾ ਲਈ ਆਨਲਾਈਨ ‘ਟੈਂਟ ਸਿਟੀ ਬੁਕਿੰਗ ਪੋਰਟਲ’ ਸ਼ੁਰੂ ਕਰ ਦਿੱਤਾ ਹੈ।

ਮੀਡੀਆ ਸੈਂਟਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਟੈਂਟ ਸਿਟੀਆਂ ਦੀ ਇਹ ਆਨਲਾਈਨ ਬੁਕਿੰਗ ਸਿਸਟਮ ਪੂਰੀ ਤਰ੍ਹਾਂ ਪਹਿਲਾ ਆਓ, ਪਹਿਲਾ ਪਾਓ (ਫਰਸਟ ਕਮ, ਫਰਸਟ ਸਰਵ) ਪ੍ਰਣਾਲੀ ਉੱਤੇ ਅਧਾਰਿਤ ਹੈ ਤਾਂ ਜੋ ਕਰੋੜਾਂ ਦੀ ਸੰਖਿਆਂ ਵਿੱਚ ਆਉਣ ਵਾਲੇ ਸ਼ਰਧਾਲੁਆਂ ਦੀ ਰਿਹਾਇਸ਼ ਸੁਚਾਰੂ, ਸੁਖਦਾਇਕ ਅਤੇ ਆਰਾਮਦਾਇਕ ਬਣਾਈ ਜਾ ਸਕੇ।

ਡਿਜ਼ਿਟਲ ਬੁਕਿੰਗ ਸੁਵਿਧਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸੇਵਾ ਹੁਣ ਕਨੈਕਟ ਪੰਜਾਬ ਪੋਰਟਲ ਅਤੇ ਐਮ-ਸੇਵਾ ਮੋਬਾਈਲ ਐਪ ਰਾਹੀਂ ਹਰ ਨਾਗਰਿਕ ਲਈ ਉਪਲੱਬਧ ਹੈ। ਸੰਗਤ ਮੋਬਾਈਲ ਓਟੀਪੀ ਜਾਂ ਪਾਸਵਰਡ ਨਾਲ ਲਾਗਇਨ ਕਰਕੇ ਆਸਾਨੀ ਨਾਲ ਬੁਕਿੰਗ ਕਰ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰੀ ਸੇਵਾ ਕੇਂਦਰਾਂ ਰਾਹੀਂ ਵੀ ਕਮਰੇ ਬੁੱਕ ਕੀਤੇ ਜਾ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਸੰਗਤ ਆਪਣਾ ਪਛਾਣ ਪੱਤਰ/ਈ-ਕੇਵਾਈਸੀ ਅੱਪਲੋਡ ਕਰਕੇ ਰਿਹਾਇਸ਼ ਦੀ ਬੁਕਿੰਗ ਕਰ ਸਕਦੀ ਹੈ। ਪੰਜਾਬ ਸਰਕਾਰ ਨੇ ਪੂਰਾ ਬੁਕਿੰਗ ਸਿਸਟਮ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਹਰ ਸ਼ਰਧਾਲੂ ਨੂੰ ਉੱਚ ਪੱਧਰੀ ਸੁਵਿਧਾ ਮਿਲੇ।

ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਯਾਤਰੀ ਜੋ ਸ਼੍ਰੀ ਅਨੰਦਪੁਰ ਸਾਹਿਬ ਆਉਣ ਦੀ ਯੋਜਨਾ ਬਣਾ ਰਹੇ ਹਨ, ਉਹ ਸਮੇਂ-ਸਿਰ ਇਸ ਸੁਵਿਧਾ ਦਾ ਲਾਭ ਚੁੱਕਣ ਤਾਂ ਜੋ ਸਮਾਰੋਹ ਦੌਰਾਨ ਰਹਿਣ ਲਈ ਕੋਈ ਦਿੱਕਤ ਨਾ ਆਵੇ।

ਟੈਂਟ ਸਿਟੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਚੰਡੇਸਰ, ਝਿੰਜੜੀ ਅਤੇ ਪਾਵਰਕਾਮ ਗ੍ਰਾਊਂਡ ਵਿੱਚ ਵੱਡੀ ਗਿਣਤੀ ਵਿੱਚ ਮਾਹਿਰ ਕਰਮਚਾਰੀ ਦਿਨ-ਰਾਤ ਕੰਮ ਕਰ ਰਹੇ ਹਨ ਤਾਂ ਜੋ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਸਭ ਤੋਂ ਵਧੀਆ ਸੁਵਿਧਾਵਾਂ ਦਿੱਤੀਆਂ ਜਾ ਸਕਣ।

ਉਨ੍ਹਾਂ ਨੇ ਦੱਸਿਆ ਕਿ ਹਰ ਪਰਿਵਾਰ ਨੂੰ ਦੋ ਦਿਨ ਲਈ ਰਹਿਣ ਦੀ ਸੁਵਿਧਾ ਮਿਲੇਗੀ। ਟੈਂਟ ਸਿਟੀਆਂ ਤਿੰਨ ਮੁੱਖ ਥਾਵਾਂ—ਚੰਡੇਸਰ, ਝਿੰਜੜੀ ਅਤੇ ਪਾਵਰਕਾਮ ਗ੍ਰਾਊਂਡ—ਵਿੱਚ ਲਗਭਗ 80 ਏਕੜ ਖੇਤਰ ਵਿੱਚ ਬਣਾਈਆਂ ਜਾ ਰਹੀਆਂ ਹਨ।

ਸ. ਬੈਂਸ ਨੇ ਦੱਸਿਆ ਕਿ ਲਗਭਗ 10 ਹਜ਼ਾਰ ਸਰਧਾਲੂ ਇਨ੍ਹਾਂ ਟੈਂਟ ਸਿਟੀਆਂ ਵਿੱਚ ਆਰਾਮ ਨਾਲ ਰਹਿ ਸਕਣਗੇ। ਰੂਪਨਗਰ ਜ਼ਿਲ੍ਹੇ ਤੋਂ ਇਲਾਵਾ, ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਦੀ ਸੰਗਤ ਆਨਲਾਈਨ ਰੂਮ ਬੁਕ ਕਰ ਸਕਦੀ ਹੈ, ਜਦਕਿ ਇਥੋਂ ਦੇ ਰਹਿਣ ਵਾਲੇ ਸਥਾਨਕ ਲੋਕ ਦਰਸ਼ਨ ਕਰਕੇ ਆਪਣੇ ਘਰ ਆਸਾਨੀ ਨਾਲ ਵਾਪਸ ਜਾ ਸਕਦੇ ਹਨ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਵੱਲੋਂ 500 ਈ-ਰਿਕਸ਼ੇ ਅਤੇ ਗਾਲਫ ਕਾਰਟਾਂ ਦੀ ਸੇਵਾ ਵੀ ਮੁਹੱਈਆ ਕਰਵਾਈ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਤਿੰਨੋ ਟੈਂਟ ਸਿਟੀਆਂ ਨੂੰ ਇਤਿਹਾਸਕ ਸ਼ਖਸੀਅਤਾਂ ਨੂੰ ਸਮਰਪਿਤ ਕੀਤਾ ਗਿਆ ਹੈ—ਚੰਡੇਸਰ ਟੈਂਟ ਸਿਟੀ ਨੂੰ ਮਾਤਾ ਚੱਕ ਨਾਨਕੀ ਜੀ, ਝਿੰਜੜੀ ਟੈਂਟ ਸਿਟੀ ਨੂੰ ਭਾਈ ਮਤੀ ਦਾਸ ਜੀ ਅਤੇ ਪਾਵਰਕਾਮ ਗ੍ਰਾਊਂਡ ਟੈਂਟ ਸਿਟੀ ਨੂੰ ਭਾਈ ਸਤੀ ਦਾਸ ਜੀ ਜੀ ਦੇ ਨਾਮ ਨਾਲ ਸਮਰਪਿਤ ਕੀਤਾ ਗਿਆ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਪ੍ਰਬੰਧਾਂ ਅਤੇ ਟੈਂਟ ਸਿਟੀਆਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਸ਼ਹਿਰ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈ, ਕਿਉਂਕਿ ਇਤਿਹਾਸਕ 350ਵੇਂ ਸ਼ਹੀਦੀ ਸਮਾਗਮਾਂ ਵਿੱਚ ਕਰੋੜਾਂ ਸੰਗਤਾਂ ਦੇ ਆਉਣ ਦੀ ਸੰਭਾਵਨਾ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਸਹਾਇਕ ਕਮਿਸ਼ਨਰ ਅਭਿਮਨਿਊ ਮਲਿਕ ਅਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।