
ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਸੰਗਤ ਅਤੇ ਮੁਕਾਮੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਥਾਂ-ਥਾਂ ਸਵਾਗਤ
ਜੰਮੂ/ਚੰਡੀਗੜ੍ਹ, 19 ਨਵੰਬਰ:
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਸਥਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਅਰੰਭ ਹੋਏ ਨਗਰ ਕੀਰਤਨ ਦੇ ਪਹਿਲੇ ਪੜਾਅ ਤਹਿਤ ਕਰੀਬ 250 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੇ ਨਗਰ ਕੀਰਤਨ ਦਾ ਰਸਤੇ ਵਿੱਚ ਥਾਂ-ਥਾਂ 'ਤੇ ਸੰਗਤ ਅਤੇ ਮੁਕਾਮੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵਾਗਤ ਕੀਤਾ ਗਿਆ।
ਜ਼ਿਲ੍ਹਾ ਕੁਲਗਾਮ ਦੇ ਸਿੱਖ ਆਬਾਦੀ ਵਾਲੇ ਪਿੰਡ ਪਾਲਪੁਰਾ ਦੀ ਸੰਗਤ ਸਣੇ ਐਸ.ਐਸ.ਪੀ. ਟ੍ਰੈਫਿਕ ਕਸ਼ਮੀਰ ਪ੍ਰੋਵਿੰਸ ਰਵਿੰਦਰ ਪਾਲ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ ਅਨੰਤਨਾਗ ਸੰਦੀਪ ਸਿੰਘ ਬਾਲੀ, ਐਸ.ਡੀ.ਐਮ. ਡੁਰੂ ਪ੍ਰਵੇਜ਼ ਰਹੀਮ, ਤਹਿਸੀਲਦਾਰ ਕਾਜ਼ੀਗੁੰਡ ਸੱਜਾਦ ਅਹਿਮਦ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਸੰਗਤਾਂ ਵਲੋਂ ਗੁਰੂ ਸਾਹਿਬ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਚਾਹ ਅਤੇ ਫਲਾਂ ਦਾ ਲੰਗਰ ਲਗਾਇਆ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਅਨੰਤਨਾਗ ਦੇ ਪਿੰਡ ਕਾਜ਼ੀਗੁੰਡ ਵਿਖੇ ਸੰਗਤ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਰਾਮਬਨ ਵਲੋਂ ਚੰਦਰਪੁਰ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਲਿਆਜ਼ ਖ਼ਾਨ, ਐਸ.ਐਸ.ਪੀ. ਟ੍ਰੈਫਿਕ ਆਦਿਲ ਹਮੀਦ, ਵਧੀਕ ਡਿਪਟੀ ਕਮਿਸ਼ਨਰ ਵਰੁਣਜੀਤ ਚਾੜਕ, ਏ.ਸੀ.ਐਸ. ਸ਼ੌਕਤ ਮੱਟੂ, ਵਧੀਕ ਐਸ.ਪੀ. ਮੁਜੀਬ-ਉਰ-ਰਹਿਮਾਨ, ਤਹਿਸੀਲਦਾਰ ਦੀਪ ਕੁਮਾਰ ਹਾਜ਼ਰ ਸਨ। ਇਸੇ ਦੌਰਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਮਬਨ ਵਲੋਂ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।
ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਨਗਰ ਕੀਰਤਨ ਲਈ ਉਚੇਚੇ ਟ੍ਰੈਫਿਕ ਪ੍ਰੰਬਧਾਂ ਸਣੇ ਅੱਗ ਬੁਝਾਊ ਟੀਮਾਂ ਅਤੇ ਐਂਬੂਲੈਂਸ ਤੇ ਮੈਡੀਕਲ ਸਟਾਫ਼ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ।
ਦੱਸ ਦੇਈਏ ਕਿ ਸ੍ਰੀਨਗਰ ਤੋਂ ਸਜਾਇਆ ਜਾ ਰਿਹਾ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਤੱਕ ਕੁੱਲ 544 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ। ਅਗਲੇ ਪੜਾਅ ਤਹਿਤ ਨਗਰ ਕੀਰਤਨ ਜੰਮੂ ਤੋਂ ਰਵਾਨਾ ਹੋ ਕੇ 20 ਨਵੰਬਰ ਨੂੰ ਪਠਾਨਕੋਟ ਵਿਖੇ ਠਹਿਰਾਅ ਕਰੇਗਾ, ਜਦਕਿ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਨਗਰ ਕੀਰਤਨ ਦਾ ਠਹਿਰਾਅ ਹੋਵੇਗਾ।