ਮੁੱਖ ਮੰਤਰੀ ਨੇ ਸੂਬੇ ਵਿੱਚ ਨਿਵੇਸ਼ ਲਈ ਜਾਪਾਨ ਦੀ ਬਹੁ-ਰਾਸ਼ਟਰੀ ਕੰਪਨੀ ਨੂੰ ਪੂਰੇ ਸਮਰਥਨ ਅਤੇ ਸਹਿਯੋਗ ਦਾ ਦਿੱਤਾ ਭਰੋਸਾ ਮੁੱਖ ਮੰਤਰੀ ਨੇ ਸੂਬੇ ਵਿੱਚ ਨਿਵੇਸ਼ ਲਈ ਜਾਪਾਨ ਦੀ ਬਹੁ-ਰਾਸ਼ਟਰੀ ਕੰਪਨੀ ਨੂੰ ਪੂਰੇ ਸਮਰਥਨ ਅਤੇ ਸਹਿਯੋਗ ਦਾ ਦਿੱਤਾ ਭਰੋਸਾ
Wednesday, 19 Nov 2025 18:30 pm
Arth Parkash : Latest Hindi News, News in Hindi
ਮੁੱਖ ਮੰਤਰੀ ਨੇ ਸੂਬੇ ਵਿੱਚ ਨਿਵੇਸ਼ ਲਈ ਜਾਪਾਨ ਦੀ ਬਹੁ-ਰਾਸ਼ਟਰੀ ਕੰਪਨੀ ਨੂੰ ਪੂਰੇ ਸਮਰਥਨ ਅਤੇ ਸਹਿਯੋਗ ਦਾ ਦਿੱਤਾ ਭਰੋਸਾ
ਸੂਬੇ ਵਿੱਚ ਲਗਭਗ 1500 ਕਰੋੜ ਰੁਪਏ ਦਾ ਨਿਵੇਸ਼ ਕਰਨਾ ਚਾਹੁੰਦਾ ਹੈ ਜੀ.ਐਨ.ਜੇ. ਗਰੁੱਪ
ਚੰਡੀਗੜ੍ਹ, 20 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਜਾਪਾਨ ਦੀ ਬਹੁ-ਰਾਸ਼ਟਰੀ ਕੰਪਨੀ ਗਲੋਬਲ ਨੈੱਟਵਰਕ ਜਾਪਾਨ (ਜੀ.ਐਨ.ਜੇ.) ਗਰੁੱਪ ਨੂੰ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸੂਬੇ ਵਿੱਚ ਨਿਵੇਸ਼ ਕਰਨ ਲਈ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ।
ਜੀ.ਐਨ.ਜੇ. ਗਰੁੱਪ ਦਾ ਵਫ਼ਦ, ਜਿਸ ਵਿੱਚ ਸਾਇਤੋ ਮਾਸਾਹੀਕੋ, ਨੋਬੂਟੋਕੀ ਇਤੋ, ਤਾਕੇਸ਼ੀ ਇਸ਼ੀਗੁਰੋ, ਹਿਤੋਸ਼ੀ ਕੋਨਾਗਾਨੋ, ਰੋਹਿਤ ਬਖਸ਼ੀ, ਮਨਪ੍ਰੀਤ ਸਿੰਘ ਅਤੇ ਹੋਰ ਸ਼ਾਮਲ ਸਨ, ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਭਾਰਤ ਦੇ ਵਾਤਾਵਰਣ ਅਤੇ ਪੇਂਡੂ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਦੇਣ ਲਈ ਜੀ.ਐਨ.ਜੇ. ਗਰੁੱਪ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਕੰਪਨੀ ਰਹਿੰਦ-ਖੂੰਹਦ ਤੋਂ ਊਰਜਾ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਗਭਗ 1,500 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਲਾਹੇਵੰਦ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਮੁੱਖ ਤੌਰ 'ਤੇ ਪੰਜਾਬ ਨੂੰ ਚੁਣਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਝੋਨੇ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਦੇ ਨਾਲ-ਨਾਲ ਇੱਕ ਸਾਫ਼-ਸੁਥਰਾ, ਹਰਾ-ਭਰਾ ਅਤੇ ਖੁਸ਼ਾਹਲ ਭਵਿੱਖ ਸਿਰਜਣਾ ਵੀ ਹੈ।
ਮੁੱਖ ਮੰਤਰੀ ਨੇ ਕੰਪਨੀ ਵੱਲੋਂ ਇਸ ਅਹਿਮ ਤੇ ਲੋਕ-ਪੱਖੀ ਖੇਤਰ ਵਿੱਚ ਪੰਜਾਬ ਸਰਕਾਰ ਨਾਲ ਸੰਭਾਵੀ ਸਹਿਯੋਗ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਗੱਠਜੋੜ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਕੰਪਨੀ ਦਾ ਪੁਰਜ਼ੋਰ ਸਮਰਥਨ ਕਰਨ ਲਈ ਹਮੇਸ਼ਾ ਤਿਆਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨਾ ਸੂਬਾ ਸਰਕਾਰ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ ਅਤੇ ਇਸੇ ਲਈ ਜਾਪਾਨੀ ਵਪਾਰਕ ਕੰਪਨੀ ਨਾਲ ਰਣਨੀਤਕ ਗੱਠਜੋੜ ਸਮੇਂ ਦੀ ਮੰਗ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਨ ਦੇ ਨਾਲ-ਨਾਲ ਮਨੁੱਖੀ ਸਿਹਤ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ, ਇਸ ਲਈ ਸੂਬਾ ਸਰਕਾਰ ਇਸ ਮਸਲੇ ਦਾ ਸਥਾਈ ਹੱਲ ਕਰਨਾ ਚਾਹੁੰਦੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਮਿੱਟੀ ਦੇ ਕਈ ਸੂਖਮ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹੈ ਜਿਸ ਕਰਕੇ ਕਿਸਾਨਾਂ ਨੂੰ ਫਸਲਾਂ ਲਈ ਖਾਦਾਂ ਅਤੇ ਹੋਰ ਚੀਜ਼ਾਂ ਵਰਤਣੀਆਂ ਪੈਂਦੀਆਂ ਹਨ, ਜਿਸ ਨਾਲ ਲਾਗਤ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਹਿਲ ਇਨ੍ਹਾਂ ਸਮੱਸਿਆਵਾਂ ਨੂੰ ਪੱਕੇ ਤੌਰ ਤੇ ਨਜਿੱਠਣ ਵਿੱਚ ਬਹੁਤ ਮਦਦ ਕਰੇਗੀ ਅਤੇ ਸੂਬੇ ਨੂੰ ਇਸਦਾ ਬਹੁਤ ਲਾਭ ਹੋਵੇਗਾ।