
ਮਿਹਨਤੀ ਮਿਲਸਾਰ ਤੇ ਵਿਕਾਸ ਪੁਰਸ਼ ਸਨ ਸ. ਰਣਜੀਤ ਸਿੰਘ ਸਾਮਾ
ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਦੇ ਸਾਬਕਾ ਚੇਅਰਮੈਨ ਤੇ ਇਲਾਕੇ ਦੀ ਸਤਿਕਾਰਤ ਸ਼ਖਸ਼ੀਅਤ ਸ. ਰਣਜੀਤ ਸਿੰਘ ਸਾਮਾ ਬੀਤੇ ਸੋਮਵਾਰ ਨੂੰ ਅਕਾਲ ਚਲਾਣਾ ਕਰ ਗਏ ।ਉਹ ਮਿਹਨਤੀ , ਮਿਲਣਸਾਰ ਤੇ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਸਨ ।ਉਹਨਾਂ ਦੀ ਬਹੁਪੱਖੀ ਸ਼ਖਸ਼ੀਅਤ ਕਾਰਨ ਇਲਾਕੇ ਤੇ ਦੇਸ਼ ਵਿਦੇਸ਼ ਤੋਂ ਲੋਕਾਂ ਨੇ ਉਹਨਾਂ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਦੇ ਵਿਛੋੜੇ ਨੂੰ ਇਲਾਕੇ ਤੇ ਪਰਿਵਾਰ ਲਈ ਵੱਡਾ ਘਾਟਾ ਦੱਸਿਆ।
ਸ੍ਰ ਰਣਜੀਤ ਸਿੰਘ ਸਾਮਾ ਦਾ ਜਨਮ ਅਗਸਤ 1948 ਵਿੱਚ ਪਿਤਾ ਭਗਤ ਮਈਆ ਦਾਸ ਨੰਬਰਦਾਰ ਦੇ ਗ੍ਰਹਿ ਪਿੰਡ ਨੂਰਪੁਰ ਸੇਠਾਂ ਵਿਖੇ ਹੋਇਆ। ਮੁੱਢਲੀ ਸਿੱਖਿਆ ਨੂਰਪੁਰ ਸੇਠਾਂ, ਸਰਕਾਰੀ ਸਕੂਲ ਬਜੀਦਪੁਰ ਅਤੇ ਹਾਇਰ ਸੈਕੰਡਰੀ ਤੱਕ ਦੀ ਸਿੱਖਿਆ ਡਾਲਰ ਚੰਦ ਮੈਮੋਰੀਅਲ ਸਕੂਲ ਫਿਰੋਜ਼ਪੁਰ ਛਾਉਣੀ ਤੋਂ ਪ੍ਰਾਪਤ ਕੀਤੀ। ਸਰਕਾਰੀ ਨੌਕਰੀ ਕਰਨ ਦੀ ਬਜਾਏ ਪਿਤਾ ਪੁਰਖੀ ਖੇਤੀਬਾੜੀ ਦਾ ਧੰਦਾ ਅਪਣਾਇਆ। ਸਾਲ 1972 ਵਿੱਚ ਪਹਿਲੀ ਵਾਰ ਸਰਬ ਸੰਮਤੀ ਨਾਲ ਪਿੰਡ ਦੇ ਸਰਪੰਚ ਬਣੇ। ਉਹ ਉਸ ਸਮੇਂ ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਤੇ ਸਰਪੰਚ ਸਨ ।ਇਸ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਹੋ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਜੁੱਟ ਗਏ। ਇਸੇ ਦੌਰਾਨ ਪਿੰਡ ਨੂਰਪੁਰ ਸੇਠਾਂ ਨੂੰ ਭਾਰਤ ਦਾ ਸੱਭ ਤੋਂ ਵਧੀਆ ਪਿੰਡ ਦਾ ਐਵਾਰਡ ਹਾਸਲ ਕਰਵਾਉਣ ਲਈ ਆਪ ਜੀ ਤੇ ਆਪ ਦੇ ਪਰਿਵਾਰ ਦੀ ਅਹਿਮ ਭੂਮਿਕਾ ਰਹੀ। ਸ਼ਿਰੋਮਣੀ ਅਕਾਲੀ ਦਲ ਦੇ ਪਹਿਲੀ ਕਤਾਰ ਦੇ ਆਗੂ ਹੋਣ ਕਰਕੇ ਪਿੰਡ ਦੀ ਬੇਹਤਰੀ ਵਾਸਤੇ ਵੱਡੇ ਉਪਰਾਲੇ ਕੀਤੇ, ਗੱਲ ਕੀ ਸਿਆਸੀ ਪੱਧਰ ਤੇ ਇਤਨਾ ਰਸੂਖ ਸੀ ਕਿ ਸਰਕਾਰ ਭਾਵੇਂ ਕੋਈ ਵੀ ਪਿੰਡ ਦੇ ਵਿਕਾਸ ਕਾਰਜ ਨਿਰੰਤਰ ਚਲਦੇ ਰਹੇ।ਸਾਰੀਆਂ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਸਨ। ਆਪ ਜੀ ਦੇ ਪਿੰਡ ਪੱਖੀ ਸਾਕਾਰਾਤਮਕ ਰਵੱਈਏ ਸਦਕਾ ਸਾਲ1997 ਵਿੱਚ ਪਿੰਡ ਵਾਸੀਆਂ ਨੇ ਫਿਰ ਦੁਬਾਰਾ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਾਇਆ। ਸ਼ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਹੋਣ ਸਦਕਾ ਆਪ ਜੀ ਨੂੰ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦਾ ਚੇਅਰਮੈਨ ਥਾਪਿਆ। ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਆਪ ਜੀ ਨੇ ਬਾਖੂਬੀ ਨਿਭਾਇਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ ਨੂੰ ਹੋਰ ਵਧਾਇਆ। ਚੈਅਰਮੈਨ ਦੇ ਆਹੁਦੇ ਤੇ ਹੁੰਦਿਆਂ ਆਪ ਜੀ ਨੇ ਪੂਰੇ ਇਲਾਕੇ ਵਿੱਚ ਸੜਕਾਂ ਦਾ ਜਾਲ ਵਿਛਾਇਆ। ਪਿੰਡ ,ਇਲਾਕੇ ਦੀ ਤਰੱਕੀ ਤੇ ਬੇਹਤਰੀ ਲਈ ਸਿਰ ਤੋੜ ਯਤਨ ਕੀਤੇ ।ਆਪ ਜੀ ਦੀ ਬਹੁਪੱਖੀ ਸਖਸ਼ੀਅਤ ਸਦਕਾ ਵਿੱਚ ਵੱਡੀਆਂ ਸਿਆਸੀ ਹਸਤੀਆਂ ਪਿੰਡ ਨੂਰਪੁਰ ਸੇਠਾਂ ਆਉਣ ਲਈ ਮਜਬੂਰ ਹੋ ਜਾਂਦੀਆਂ। ਆਪ ਜੀ ਦੇ ਚੜ੍ਹਦੀ ਕਲਾ ਵਾਲੇ ਸੁਭਾਅ ਅਤੇ ਪਿਆਰ ਸਦਕਾ ਆਪ ਜੀ ਦੇ ਪਰਮ ਮਿੱਤਰ ਤਤਕਾਲੀਨ ਗਵਰਨਰ ਪੰਜਾਬ ਲੈਫਟੀਨੈਂਟ ਜਨਰਲ ਬੀ ਕੇ ਐੱਨ ਛਿੱਬਰ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ ਨੇ ਆਪ ਦੇ ਪਿੰਡ ਪਹੁੰਚ ਕੇ ਪਿਆਰ ਦਾ ਸਬੂਤ ਦਿੱਤਾ।ਪਰਿਵਾਰਕ ਪਿਛੋਕੜ ਵਿੱਚ ਆਪ ਦੇ ਤਿੰਨ ਭਰਾ ਅਤੇ ਚਾਰ ਭੈਣਾ ਸਨ। ਆਪ ਜੀ ਦਾ ਵਿਆਹ ਸ਼੍ਰੀ ਮਤੀ ਸ਼ੀਲਾ ਕੌਰ ਨਾਲ ਹੋਇਆ। ਆਪ ਦੀ ਪਰਿਵਾਰਕ ਫੁਲਵਾੜੀ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਦਾ ਵਧੀਆ ਪਰਿਵਾਰ ਹੈ। ਉਨ੍ਹਾਂ ਦਾ ਵੱਡਾ ਬੇਟਾ ਗਰਾਮਰ ਸੀਨੀ. ਸਕੈਂਡਰੀ ਸਕੂਲ ਦਾ ਮਨੇਜਰ ਤੇ ਛੋਟਾ ਬੇਟਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਹੈ।
ਸ. ਰਣਜੀਤ ਸਿੰਘ ਸਾਮਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਉਹਨਾਂ ਦੇ ਗ੍ਰਹਿ ਪਿੰਡ ਨੂਰਪੁਰ ਸੇਠਾਂ ਵਿਖੇ ਭੋਗ ਪਾਏ ਜਾਣਗੇ ਜਿੱਥੇ ਵੱਖ ਵੱਖ ਥਾਵਾਂ ਤੋਂ ਪੁੱਜੀਆਂ ਧਾਰਮਿਕ, ਸਮਾਜਿਕ ,ਰਾਜਨੀਤਕ ਸ਼ਖਸ਼ੀਅਤਾਂ ਇਲਾਵਾ ਉਹਨਾਂ ਦੇ ਸਨੇਹੀ ,ਰਿਸ਼ਤੇਦਾਰ ਤੇ ਮਿੱਤਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।