Arth Parkash : Latest Hindi News, News in Hindi
ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਪੰਜਾਬ ਦੇ ਸਮੂਹ ਨਗਰ ਨਿਗਮ ਕਮਿਸ਼ਨਰਾਂ ਤੇ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਵਿਕਾਸ) ਨਾਲ ਮੀਟਿੰਗ
Wednesday, 12 Jul 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਪੰਜਾਬ ਦੇ ਸਮੂਹ ਨਗਰ ਨਿਗਮ ਕਮਿਸ਼ਨਰਾਂ ਤੇ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਵਿਕਾਸ) ਨਾਲ ਮੀਟਿੰਗ

 

ਬਰਸਾਤੀ ਪਾਣੀ ਦੀ ਸੁਚਾਰੂ ਢੰਗ ਨਾਲ ਨਿਕਾਸੀ ਯਕੀਨੀ ਬਣਾਉਣ ਦੇ ਨਿਰਦੇਸ਼

 

ਡਰੇਨੇਜ਼ ਸਿਸਟਮ ਦੀ ਸਫਾਈ ’ਤੇ ਜ਼ੋਰ, ਨੀਵੀਂਆਂ ਥਾਵਾਂ ਤੋਂ ਪਾਣੀ ਕੱਢਣ ਲਈ ਲੋੜੀਂਦੇ ਬੰਦੋਬਸਤ ਕਰਨ ਦੀਆਂ ਹਦਾਇਤਾਂ

 

ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਲਗਾਤਾਰ ਫੋਗਿੰਗ ਤੇ ਲਾਰਵੀਸਾਈਡ ਦੀ ਸਪਰੇਅ ਕਰਨ ਲਈ ਵੀ ਕਿਹਾ

 

ਚੰਡੀਗੜ੍ਹ, 13 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਥਾਨਕ ਸਰਕਾਰਾਂ ਮੰਤਰੀ, ਪੰਜਾਬ ਬਲਕਾਰ ਸਿੰਘ ਨੇ ਅੱਜ ਸੂਬੇ ਦੇ ਸਮੂਹ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਵਿਕਾਸ) ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਮਾਨਸੂਨ ਦੇ ਸੀਜ਼ਨ ਦੌਰਾਨ ਸ਼ਹਿਰਾਂ ਵਿੱਚ ਬਰਸਾਤੀ ਪਾਣੀ ਦੀ ਸੁਚਾਰੂ ਢੰਗ ਨਾਲ ਨਿਕਾਸੀ ਲਈ ਡਰੇਨੇਜ ਸਿਸਟਮ ਦੀ ਸਫਾਈ ਅਤੇ ਬਰਸਾਤ ’ਚ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਲੋਰੀਨਯੁਕਤ ਪਾਣੀ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।   

 ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਬਰਸਾਤ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਮੁੱਚੇ ਲੋੜੀਂਦੇ ਪ੍ਰਬੰਧ ਜਲਦ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਡਰੇਨੇਜ਼ ਸਿਸਟਮ ਦੀ ਸਫਾਈ ’ਤੇ ਜ਼ੋਰ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਸਾਰੇ ਸ਼ਹਿਰਾਂ ਦੀਆਂ ਸੜਕਾਂ, ਗਲੀਆਂ ਅਤੇ ਮੈਨਹੋਲਜ਼ ਦੀ ਢੁੱਕਵੀਂ ਸਫਾਈ ਕਰਵਾਈ ਜਾਵੇ ਅਤੇ ਡਰੇਨੇਜ਼ ਸਿਸਟਮ ਨੂੰ ਠੀਕ ਕਰਨ ਦੇ ਨਾਲ-ਨਾਲ ਬਰਸਾਤ ਦੇ ਪਾਣੀ ਨੂੰ ਅੱਗੇ ਲਿਜਾਣ ਵਾਲੇ ਨਾਲਿਆਂ ਦੀ ਸਫਾਈ ਦੇ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਕਰਵਾਇਆ ਜਾਵੇ ਤਾਂ ਜੋ ਬਰਸਾਤ ਦੌਰਾਨ ਪਾਣੀ ਭਰਨ ਦੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਸ਼ਹਿਰਾਂ ਦੀਆਂ ਨੀਵੀਆਂ ਥਾਵਾਂ, ਜਿਥੇ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਹੈ, ਦੀ ਪਹਿਲਾਂ ਹੀ ਪਛਾਣ ਕਰਕੇ ਉਥੇ ਜਨਰੇਟਰ ਸੈਟ ਅਤੇ ਪੰਪਾਂ ਦਾ ਬੰਦੋਬਸਤ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਤਾਂ ਜੋ ਮੀਂਹ ਦੌਰਾਨ ਪਾਣੀ ਇਕੱਠਾ ਹੋਣ ’ਤੇ ਤੁਰੰਤ ਕੱਢਿਆ ਜਾ ਸਕੇ। 

 ਬਰਸਾਤ ਦੇ ਸੀਜ਼ਨ ਦੌਰਾਨ ਖੜ੍ਹੇ ਪਾਣੀ ਉਪਰ ਮੱਛਰ ਪੈਦਾ ਹੋਣ ਕਰਕੇ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਸ਼ਹਿਰਾਂ ਵਿੱਚ ਲਗਾਤਾਰ ਫੋਗਿੰਗ ਅਤੇ ਲਾਰਵੀਸਾਈਡ ਦੇ ਛਿੜਕਾਅ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਹਦਾਇਤ ਕੀਤੀ ਕਿ ਖੜ੍ਹੇ ਪਾਣੀ ’ਤੇ ਨਿਯਮਿਤ ਢੰਗ ਨਾਲ ਕਾਲੇ ਤੇਲ ਦਾ ਛਿੜਕਾਅ ਕਰਨ ਤੋਂ ਇਲਾਵਾ ਮੀਂਹ ਨਾਲ ਪ੍ਰਭਾਵਿਤ ਘਰਾਂ ਵਿੱਚ ਕਲੋਰੀਨ ਦੀਆਂ ਗੋਲੀਆਂ ਵੰਡਣ ਦੇ ਨਾਲ-ਨਾਲ ਸ਼ਹਿਰਾਂ ਵਿੱਚ ਕਲੋਰੀਨਯੁਕਤ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀਆਂ ਪਾਈਆਂ ਦੀ ਚੈਕਿੰਗ ਕੀਤੀ ਜਾਵੇ, ਜਿਥੇ ਕਿਤੇ ਕੋਈ ਲੀਕੇਜ ਪਾਈ ਜਾਂਦੀ ਹੈ, ਉਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।  

 ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤ ਦੇ ਸੀਜ਼ਨ ਦੌਰਾਨ ਕੱਚੇ ਅਤੇ ਪੁਰਾਣੇ ਘਰ/ਇਮਾਰਤਾਂ ਢਹਿ ਜਾਣ ਕਾਰਨ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਅਜਿਹੀਆਂ ਪੁਰਾਣੀਆਂ ਤੇ ਖਸਤਾ ਹਾਲ ਇਮਾਰਤਾਂ ਦੀ ਪਛਾਣ ਕਰਕੇ ਉਨ੍ਹਾਂ ਸਬੰਧੀ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਮਾਰਤ ਦੀ ਹਾਲਤ ਜ਼ਿਆਦਾ ਖਸਤਾ ਹੈ ਤਾਂ ਉਸ ਨੂੰ ਖਾਲੀ ਕਰਵਾਇਆ ਜਾਵੇ ਅਤੇ ਉਥੇ ਰਹਿੰਦੇ ਲੋਕਾਂ ਦੇ ਠਹਿਰਣ ਲਈ ਢੁੱਕਵੇਂ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਜਿਹੇ ਇਲਾਕੇ, ਜਿਥੇ ਇਸ ਤਰ੍ਹਾਂ ਦੀਆਂ ਇਮਾਰਤਾਂ ਦੇ ਢਹਿ ਜਾਣ ਕਾਰਨ ਨੁਕਸਾਨ ਹੋ ਸਕਦਾ ਹੈ, ਵਿਖੇ ਆਸ-ਪਾਸ ਦੀ ਵਸੋਂ ਦੇ ਬਚਾਅ ਦਾ ਪ੍ਰਬੰਧ ਵੀ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਬਰਸਾਤ ਦੌਰਾਨ ਨੁਕਸਾਨੀਆਂ ਸੜਕਾਂ, ਫੁੱਟਪਾਥ, ਗਲੀਆਂ, ਸੀਵਰੇਜ ਪਾਈਆਂ ਅਤੇ ਗਰਿੱਲਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ।

 

ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਅਜੋਏ ਸ਼ਰਮਾ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ , ਸ੍ਰੀ ਮਾਲਵਿੰਦਰ ਸਿੰਘ ਜੱਗੀ,ਸੀ.ਈ.ਓ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ, ਸ੍ਰੀਮਤੀ ਈਸ਼ਾ ਕਾਲੀਆ, ਸੀ.ਈ.ਓ ਪੀ ਐਮ ਆਈ ਡੀ ਸੀ ਅਤੇ ਸ੍ਰੀ ਉਮਾ ਸ਼ੰਕਰ ਗੁਪਤਾ, ਡਾਇਰੈਕਟਰ ਸਥਾਨਕ ਸਰਕਾਰ ਹਾਜ਼ਰ ਸਨ।

-