
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ
-ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ
ਫ਼ਰੀਦਕੋਟ 25 ਨਵੰਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਫਰੀਦਕੋਟ ਦੀ ਗੰਨਾ ਸ਼ਾਖਾ ਵੱਲੋਂ ਕੇਨ ਕਮਿਸ਼ਨਰ ਪੰਜਾਬ ਡਾ ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਮਨਧੀਰ ਸਿੰਘ ਪ੍ਰੋਜੈਕਟ ਅਫਸਰ ਜਲੰਧਰ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਅਗਾਂਹ ਵਧੂ ਕਿਸਾਨਾਂ ਨੇ ਭਾਗ ਲਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਹਾਇਕ ਗੰਨਾ ਵਿਕਾਸ ਅਫਸਰ ਫਰੀਦਕੋਟ ਡਾ ਰਣਬੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਖੇਤੀ ਵਿੱਚੋਂ ਵਧੇਰੇ ਆਮਦਨ ਦੇਣ ਅਤੇ ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਉੱਨਤੀ ਯੋਜਨਾ ਅਧੀਨ ਐੱਨ ਐੱਫ ਐੱਸ ਐੱਮ ਤਹਿਤ ਗੰਨੇ ਦੀ ਫ਼ਸਲ ਵਿੱਚ ਅੰਤਰਿਮ ਫਸਲਾਂ ਦੀ ਬਿਜਾਈ ਹੇਠ ਰਕਬਾ ਵਧਾਉਣ ਲਈ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ।
ਡਾ ਰਣਬੀਰ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਪੂਰੀ ਵਿਉਂਤਬੰਦੀ ਕਰਕੇ ਪੀ ਏ ਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਨਵੀਨਤਮ ਤਕਨੀਕਾਂ ਅਪਣਾ ਕੇ ਗੰਨੇ ਦੀ ਸੁਚੱਜੀ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਬਿਜਾਈ ਦੀ ਚੌੜੀ ਵਿਧੀ ਵਿਚ ਅੰਤਰੀ ਫਸਲਾਂ ਅਤੇ ਮਲਚਿੰਗ ਤਕਨੀਕ ਨੂੰ ਅਪਣਾਉਣਾ ਚਾਹੀਦਾ ਹੈ। ਪੀ.ਏ.ਯੂ ਦੇ ਪਹੁੰਚੇ ਸੀਨੀਅਰ ਫਸਲ ਵਿਗਿਆਨੀ ਡਾ ਪ੍ਰਦੀਪ ਗੋਇਲ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਵਿੱਚ ਨਦੀਨ, ਸਿੰਚਾਈ ਅਤੇ ਖਾਦ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ।
ਜਿਲਾ ਸਿਖ਼ਲਾਈ ਦਫ਼ਤਰ ਫਰੀਦਕੋਟ ਤੋਂ ਪਹੁੰਚੇ ਖੇਤੀ ਮਾਹਿਰ ਡਾ ਯਾਦਵਿੰਦਰ ਸਿੰਘ ਗਿੱਲ ਵੱਲੋਂ ਗੰਨੇ ਦੇ ਅੰਤਰਫਸਲਾਂ ਤੋ ਵਧੇਰੇ ਝਾੜ ਲੈਣ ਬਾਰੇ ਜਾਣਕਾਰੀ ਦਿੱਤੀ ਗਈ। ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਦੇ ਖੇਤੀਬਾੜੀ ਵਿਕਾਸ ਅਫਸਰ ਡਾ ਪਰਮਿੰਦਰ ਸਿੰਘ ਅਤੇ ਡਾ ਨਵਿੰਦਰਪਾਲ਼ ਜੀ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਮਿਲ ਦੇ ਸੀ ਓ ਅਸ਼ੋਕ ਬੱਬਰ ਅਤੇ ਵਿਕਰਮ ਗੰਨਾ ਵਿਕਾਸ ਇੰਸਪੈਕਟਰ ਵੱਲੋਂ ਕਿਸਾਨਾਂ ਅਤੇ ਤਕਨੀਕੀ ਟੀਮ ਦਾ ਧੰਨਵਾਦ ਕੀਤਾ ਗਿਆ।