Arth Parkash : Latest Hindi News, News in Hindi
ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ
Tuesday, 25 Nov 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਮੁੱਖ ਮੰਤਰੀ ਦਫ਼ਤਰ, ਪੰਜਾਬ

 

ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ

 

ਉੱਨਤ ਨਿਰਮਾਣ, ਗਤੀਸ਼ੀਲਤਾ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ ਅਤੇ ਹੋਰ ਖੇਤਰਾਂ ਵਿੱਚ ਸੰਭਾਵਨਾਵਾਂ ਦੀ ਕੀਤੀ ਪੜਚੋਲ

 

ਪ੍ਰਮੁੱਖ ਜਾਪਾਨੀ ਕੰਪਨੀਆਂ ਨੇ ਸੂਬੇ ਦੀਆਂ ਉਦਯੋਗ ਪੱਖੀ ਨੀਤੀਆਂ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ

 

ਚੰਡੀਗੜ੍ਹ, 26 ਨਵੰਬਰ:

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਾਪਾਨ ਨਾਲ ਉੱਨਤ ਨਿਰਮਾਣ, ਗਤੀਸ਼ੀਲਤਾ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਗਲੋਬਲ ਸੇਵਾਵਾਂ ਦੇ ਪ੍ਰਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ ਕੀਤੀ।

 

ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਾਲ ਜਾਪਾਨ ਦੇ ਇੱਕ ਉੱਚ ਪੱਧਰੀ ਵਫ਼ਦ ਨਾਲ ਵਰਚੁਅਲ ਤੌਰ 'ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਜਾਪਾਨ ਸਫ਼ਾਰਤਖ਼ਾਨਾ, ਜੈਟਰੋ, ਜੇ.ਸੀ.ਸੀ.ਆਈ.ਆਈ., ਅਤੇ ਭਾਰਤ ਭਰ ਵਿੱਚ ਕੰਮ ਕਰ ਰਹੀਆਂ 25 ਤੋਂ ਵੱਧ ਪ੍ਰਮੁੱਖ ਜਾਪਾਨੀ ਕੰਪਨੀਆਂ ਜਿਵੇਂ ਪੈਨਾਸੋਨਿਕ, ਸੁਮਿਤੋਮੋ, ਨਿਪੋਨ, ਐਨਈਸੀ, ਟੋਇਟਾ ਸਮੇਤ ਹੋਰ ਕੰਪਨੀਆਂ ਸ਼ਾਮਲ ਸਨ। ਇਹ ਵਿਚਾਰ-ਵਟਾਂਦਰਾ 13 ਤੋਂ 15 ਮਾਰਚ, 2026 ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ), ਮੋਹਾਲੀ ਵਿਖੇ ਕਰਵਾਏ ਜਾਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤੋਂ ਪਹਿਲਾਂ ਪੰਜਾਬ ਦੀ ਅੰਤਰਰਾਸ਼ਟਰੀ ਪਹੁੰਚ ਦਾ ਅਹਿਮ ਹਿੱਸਾ ਸੀ। ਇਨਵੈਸਟ ਪੰਜਾਬ ਨੇ ਸੂਬੇ ਦੇ ਆਰਥਿਕ ਖੇਤਰ ਦੇ ਨਾਲ-ਨਾਲ ਇਕੋ ਅਥਾਰਟੀ ਅਧੀਨ ਕਈ ਵਿਭਾਗਾਂ ਦੀਆਂ ਸਮੱਰਥਾਵਾਂ ਨੂੰ ਏਕੀਕ੍ਰਿਤ ਕਰਨ ਵਾਲੇ ਵਿਲੱਖਣ ਇਨਵੈਸਟ ਪੰਜਾਬ ਯੂਨੀਫਾਈਡ ਰੈਗੂਲੇਟਰੀ ਮਾਡਲ ਨੂੰ ਪ੍ਰਦਰਸ਼ਿਤ ਕਰਦਾ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਕ ਅਜਿਹੀ ਧਰਤੀ ਹੈ, ਜੋ ਸਾਹਸ, ਲਚਕੀਲਾਪਣ, ਸਖ਼ਤ ਮਿਹਨਤ, ਉੱਦਮਤਾ, ਰਚਨਾਤਮਕਤਾ ਅਤੇ ਭਾਈਚਾਰਕ ਸਾਂਝ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਭਾਰਤ ਦੇ ਵਿਕਾਸ ਵਿੱਚ, ਖਾਸ ਕਰਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬ ਆਧੁਨਿਕ ਉਦਯੋਗ, ਤਕਨਾਲੋਜੀ ਅਤੇ ਵਿਸ਼ਵਵਿਆਪੀ ਸਹਿਯੋਗ ਪੱਖੋਂ ਮੋਹਰੀ ਕੇਂਦਰ ਬਣਨ ਲਈ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ।

 

ਮੁੱਖ ਮੰਤਰੀ ਨੇ ਆਪਣੇ ਮੁੱਖ ਸੰਬੋਧਨ ਦੌਰਾਨ ਜਾਪਾਨੀ ਉਦਯੋਗ ਨਾਲ ਪੰਜਾਬ ਦੇ ਮਜ਼ਬੂਤ ਅਤੇ ਵਧ ਰਹੇ ਸਬੰਧਾਂ 'ਤੇ ਜ਼ੋਰ ਦਿੱਤਾ ਅਤੇ ਜਾਪਾਨੀ ਕੰਪਨੀਆਂ ਨੂੰ ਪੰਜਾਬ ਦੇ ਉਦਯੋਗਿਕ ਬਦਲਾਅ ਦੇ ਅਗਲੇ ਪੜਾਅ ਦਾ ਹਿੱਸਾ ਬਣਨ ਲਈ ਨਿੱਘਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਜਾਪਾਨ ਵਿਸ਼ਵਾਸ, ਅਨੁਸ਼ਾਸਨ ਅਤੇ ਲੰਬੇ ਸਮੇਂ ਦੀ ਭਾਈਵਾਲੀ ਦੀਆਂ ਕਦਰਾਂ-ਕੀਮਤਾਂ ਸਾਂਝੀਆਂ ਕਰਦੇ ਹਨ, ਜੋ ਸੂਬੇ ਲਈ ਬਹੁਤ ਅਹਿਮ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਾਪਾਨੀ ਕੰਪਨੀਆਂ ਨੇ ਪੰਜਾਬ ਵਿੱਚ ਪਹਿਲਾਂ ਹੀ ਮਜ਼ਬੂਤ ਪਕੜ ਬਣਾਈ ਹੋਈ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਨਿਵੇਸ਼ਕਾਂ ਲਈ ਇੱਕ ਸਥਿਰ ਅਤੇ ਭਰੋਸੇਮੰਦ ਮਾਹੌਲ ਯਕੀਨੀ ਬਣਾਉਣਾ ਹੈ। ਜਾਪਾਨੀ ਉਦਯੋਗ ਨਾਲ ਪੰਜਾਬ ਦੀ ਭਾਈਵਾਲੀ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਬੰਧ ਪਹਿਲਾਂ ਹੀ ਮਜ਼ਬੂਤ ਹਨ ਅਤੇ ਨਵੀਆਂ ਦਿਸ਼ਾਵਾਂ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਜਾਪਾਨ ਦੀਆਂ ਕਈ ਮਸ਼ਹੂਰ ਕੰਪਨੀਆਂ ਨੇ ਪੰਜਾਬ ਵਿੱਚ ਆਪਣਾ ਭਰੋਸਾ ਦਿਖਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਦੇ ਆਟੋਮੋਟਿਵ ਅਤੇ ਨਿਰਮਾਣ ਖੇਤਰ ਵਿੱਚ ਮਾਜ਼ਦਾ, ਸੁਮਿਤੋਮੋ, ਐਸਐਮਐਲ ਇਸੂਜ਼ੂ, ਯਾਨਮਾਰ, ਆਈਚੀ ਸਟੀਲ ਅਤੇ ਗੁਨਮਾ ਸੀਕੋ ਨੇ ਆਪਣੇ ਪੈਰ ਪਸਾਰੇ ਹਨ।

 

ਮੁੱਖ ਮੰਤਰੀ ਨੇ ਕਿਹਾ ਕਿ ਪੈਕੇਜਿੰਗ ਅਤੇ ਉਦਯੋਗਿਕ ਉਤਪਾਦਾਂ ਵਿੱਚ ਟੋਪਨ ਅਤੇ ਓਜੀ ਹੋਲਡਿੰਗਜ਼ ਨੇ ਮਜ਼ਬੂਤ ਪਕੜ ਬਣਾਈ ਹੈ, ਜਦੋਂ ਕਿ ਰਸਾਇਣਾਂ ਅਤੇ ਪੇਂਟਾਂ ਵਿੱਚ ਕੰਸਾਈ ਨੈਰੋਲੈਕ ਅਤੇ ਨਿਸਾਨ ਕੈਮੀਕਲ ਨੇ ਸਫਲਤਾਪੂਰਵਕ ਪੈਰ ਪਸਾਰੇ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਅਤੇ ਮਸ਼ੀਨਰੀ ਵਿੱਚ, ਯਾਨਮਾਰ ਖੇਤੀਬਾੜੀ ਮਸ਼ੀਨਰੀ ਅਤੇ ਕਲਾਸ ਇੰਡੀਆ ਨੇ ਪੰਜਾਬ ਵਿੱਚ ਆਪਣਾ ਭਰੋਸਾ ਦਿਖਾਇਆ ਹੈ। ਪ੍ਰਚੂਨ ਅਤੇ ਖਪਤਕਾਰ ਉਤਪਾਦਾਂ ਵਿੱਚ, ਯੂਨੀਕਲੋ ਨੇ ਜਾਪਾਨੀ ਗੁਣਵੱਤਾ ਸਾਡੇ ਲੋਕਾਂ ਤੱਕ ਪਹੁੰਚਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਵਿੱਚ, ਮਿਤਸੁਈ ਐਂਡ ਕੰਪਨੀ ਵੱਲੋਂ ਸਾਡੇ ਗਰੀਨ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਹ ਭਾਈਵਾਲੀ ਸਥਿਰਤਾ, ਹੁਨਰ ਅਤੇ ਵਿਕਾਸ ਪ੍ਰਤੀ ਪੰਜਾਬ ਦੀ ਵਚਨਬੱਧਤਾ ਵਿੱਚ ਜਾਪਾਨੀ ਨਿਵੇਸ਼ਕ ਵੱਲੋਂ ਦਿਖਾਏ ਭਰੋਸੇ ਨੂੰ ਦਰਸਾਉਂਦੀ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਇਸ ਭਾਈਵਾਲ ਨੂੰ ਅੱਗੇ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਉਦਯੋਗਿਕ ਸਮਰੱਥਾਵਾਂ 'ਤੇ ਚਾਨਣਾ ਪਾਇਆ ਜਾ ਰਿਹਾ ਹੈ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਪੜਚੋਲ ਕੀਤੀ ਜਾ ਰਹੀ ਹੈ ਅਤੇ ਜਾਪਾਨੀ ਉਦਯੋਗ ਨਾਲ ਲੰਬੇ ਸਮੇਂ ਦੀ ਇਸ ਸਾਂਝ ਨੂੰ ਹੋਰ ਗੂੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਭਾਰਤ ਦੇ ਸਭ ਤੋਂ ਵੱਧ ਕਾਰੋਬਾਰ ਪੱਖੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਭਾਰਤ ਸਰਕਾਰ ਨੇ 2024 ਦੀ ਵਪਾਰ ਸੁਧਾਰ ਕਾਰਜ ਯੋਜਨਾ (ਬੀ.ਆਰ.ਏ.ਪੀ.) ਦਰਜਾਬੰਦੀ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਦੇ ਕਾਰੋਬਾਰ ਕਰਨ ਦੀ ਸੌਖ, ਪਾਰਦਰਸ਼ਤਾ ਅਤੇ ਜਵਾਬਦੇਹ ਪ੍ਰਸ਼ਾਸਨ ਨੂੰ ਦਰਸਾਉਂਦੀ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦ੍ਰਿਸ਼ਟੀਕੋਣ ਸਰਲ ਅਤੇ ਸਪੱਸ਼ਟ ਹੈ ਕਿ ਨੀਤੀ ਵਿੱਚ ਸਥਿਰਤਾ, ਤੁਰੰਤ ਫੈਸਲੇ ਲੈਣ ਅਤੇ ਨਿਵੇਸ਼ਕਾਂ ਦੇ ਸਮੇਂ ਅਤੇ ਭਰੋਸੇ ਦਾ ਸਤਿਕਾਰ ਕਰਨ ਵਾਲੀ ਸ਼ਾਸਨ ਪ੍ਰਣਾਲੀ ਲਿਆ ਕੇ ਪੰਜਾਬ ਨੂੰ ਵਿਸ਼ਵਵਿਆਪੀ ਉਦਯੋਗ ਲਈ ਪਸੰਦੀਦਾ ਸਥਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ਟੀਕੋਣ ਭਾਈਵਾਲੀ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਅਤੇ ਇਹ ਯਕੀਨੀ ਬਣਾਉਣ 'ਤੇ ਅਧਾਰਤ ਹੈ ਕਿ ਸਰਕਾਰ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਸੂਬੇ ਨੇ ਆਪਣੀ ਉਦਯੋਗਿਕ ਸਮਰੱਥਾ ਦਾ ਵਿਸਥਾਰ ਕਰ ਕੇ ਨਿਵੇਸ਼ ਲਈ ਨਵੇਂ ਰਸਤੇ ਖੋਲ੍ਹੇ ਹਨ।

 

ਸੂਬੇ ਵਿੱਚ ਉੱਭਰ ਰਹੀਆਂ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਜਾਪਾਨੀ ਕੰਪਨੀਆਂ ਨੂੰ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਉੱਨਤ ਨਿਰਮਾਣ, ਗਤੀਸ਼ੀਲਤਾ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਵਿਸ਼ਵਵਿਆਪੀ ਸੇਵਾਵਾਂ 'ਤੇ ਕੇਂਦਰਤ ਹੈ। ਉਨ੍ਹਾਂ ਕਿਹਾ ਕਿ ਇਹ ਉਹ ਮੁੱਖ ਖੇਤਰ ਹਨ, ਜਿਸ ਵਿੱਚ ਜਾਪਾਨ ਦੀਆਂ ਸਮੱਰਥਾਵਾਂ ਅਤੇ ਪੰਜਾਬ ਦੀਆਂ ਸੰਭਾਵਨਾਵਾਂ ਕੁਦਰਤੀ ਤੌਰ 'ਤੇ ਮੇਲ ਖਾਂਦੀਆਂ ਹਨ। ਉਨ੍ਹਾਂ ਨੇ ਨਿਵੇਸ਼ਕਾਂ ਨੂੰ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸੂਬੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੀ ਪ੍ਰਗਤੀ 'ਤੇ ਚਾਨਣਾ ਪਾਵੇਗਾ ਅਤੇ ਪ੍ਰਮੁੱਖ ਉਦਯੋਗਿਕ ਦਿੱਗਜਾਂ ਨੂੰ ਇਕ ਮੰਚ 'ਤੇ ਲਿਆਏਗਾ ਅਤੇ ਭਾਈਵਾਲੀ ਤੇ ਸਹਿਯੋਗ ਦੇ ਨਵੇਂ ਮੌਕਿਆਂ ਦੀ ਪੇਸ਼ਕਸ਼ ਕਰੇਗਾ।

 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਜਾਪਾਨ ਵਿਸ਼ਵਾਸ, ਗੁਣਵੱਤਾ ਅਤੇ ਲੰਬੇ ਸਮੇਂ ਦੀ ਵਚਨਬੱਧਤਾ ਦੀਆਂ ਕਦਰਾਂ-ਕੀਮਤਾਂ ਸਾਂਝੀਆਂ ਕਰਦੇ ਹਨ ਅਤੇ ਸੂਬਾ ਸਰਕਾਰ ਇਸ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਮਜ਼ਬੂਤ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਰਾਹੀਂ ਖੁਸ਼ਹਾਲ ਭਵਿੱਖ ਸਿਰਜਣ ਲਈ ਦ੍ਰਿੜ੍ਹ ਹੈ। ਨਿਵੇਸ਼ਕਾਂ ਦਾ ਧੰਨਵਾਦ ਕਰਦਿਆਂ ਭਗਵੰਤ ਸਿੰਘ ਮਾਨ ਨੇ ਪੰਜਾਬ ਨਾਲ ਉਨ੍ਹਾਂ ਦੇ ਨਿਰੰਤਰ ਸਬੰਧਾਂ ਲਈ ਉਨ੍ਹਾਂ ਤੋਂ ਪੂਰਨ ਸਮਰਥਨ ਅਤੇ ਸਹਿਯੋਗ ਦੀ ਮੰਗ ਕੀਤੀ।

 

ਇਸ ਦੌਰਾਨ, ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਫਾਸਟਟ੍ਰੈਕ ਪੰਜਾਬ ਡਿਜੀਟਲ ਪਲੇਟਫਾਰਮ ਹੁਣ 45 ਕੰਮਕਾਜੀ ਦਿਨਾਂ ਦੇ ਅੰਦਰ ਗਾਰੰਟੀਸ਼ੁਦਾ ਪ੍ਰਵਾਨਗੀਆਂ ਦੇ ਨਾਲ-ਨਾਲ 200 ਤੋਂ ਵੱਧ ਕਾਰੋਬਾਰੀ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਕਾਨੂੰਨੀ ਤੌਰ 'ਤੇ ਲਾਗੂ ਹੋਣ ਵਾਲੀਆਂ ਆਟੋ-ਡੀਮਡ ਪ੍ਰਵਾਨਗੀਆਂ ਸ਼ਾਮਲ ਹਨ। ਉਨ੍ਹਾਂ ਨੇ ਨਿਵੇਸ਼ਕਾਂ ਲਈ ਵਿਸ਼ਵ ਪੱਧਰੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਉਦਯੋਗ ਅਤੇ ਵਣਜ, ਇੰਵੈਸਟਮੈਂਟ ਪ੍ਰਮੋਸ਼ਨ, ਬਿਜਲੀ ਅਤੇ ਪਰਵਾਸੀ ਭਾਰਤੀ ਮਾਮਲਿਆਂ ਵਿੱਚ ਕੀਤੇ ਗਏ ਸੁਧਾਰਾਂ ਨੂੰ ਉਜਾਗਰ ਕੀਤਾ। ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਵੱਲੋਂ 1.39 ਲੱਖ ਕਰੋੜ ਰੁਪਏ ਤੋਂ ਵੱਧ ਦੇ ਉਦਯੋਗਿਕ ਨਿਵੇਸ਼ਾਂ ਨੂੰ ਆਕਰਸ਼ਿਤ ਕੀਤਾ ਗਿਆ ਹੈ, ਜਿਸ ਨਾਲ 5.09 ਲੱਖ ਨੌਕਰੀਆਂ ਪੈਦਾ ਹੋਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਦਯੋਗਿਕ ਅਤੇ ਨਵਿਆਉਣਯੋਗ ਊਰਜਾ ਸਬੰਧੀ ਭਵਿੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 5,000 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

 

ਇਸ ਦੌਰਾਨ, ਜਾਪਾਨੀ ਅਤੇ ਇੰਡੋ-ਜਾਪਾਨੀ ਉਦਯੋਗਪਤੀਆਂ, ਜਿਨ੍ਹਾਂ ਵਿੱਚ ਯਾਨਮਾਰ ਹੋਲਡਿੰਗਜ਼ ਅਤੇ ਟੀ.ਟੀ.ਸੀ. ਗਰੁੱਪ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਸਨ, ਨੇ ਪੰਜਾਬ ਵਿੱਚ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ, ਮਨੁੱਖੀ ਪੂੰਜੀ ਦੀ ਗੁਣਵੱਤਾ, ਸਹਾਇਕ ਨੀਤੀਗਤ ਵਾਤਾਵਰਣ ਪ੍ਰਣਾਲੀ ਅਤੇ ਇਨਵੈਸਟ ਪੰਜਾਬ ਵੱਲੋਂ ਦਿੱਤੀਆਂ ਜਾਂਦੀਆਂ ਨਿਰਵਿਘਨ ਸਹੂਲਤਾਂ 'ਤੇ ਚਾਨਣਾ ਪਾਇਆ। ਜੇਟਰੋ ਅਤੇ ਦੂਤਾਵਾਸ ਦੇ ਅਧਿਕਾਰੀਆਂ ਨੇ ਪੰਜਾਬ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ ਅਤੇ ਉਦਯੋਗਿਕ ਵਫ਼ਦ, ਬੀ2ਬੀ ਮੈਚਮੇਕਿੰਗ, ਐਸ.ਐਮ.ਈ. ਭਾਈਵਾਲੀ ਅਤੇ ਨਿਰਮਾਣ, ਲੌਜਿਸਟਿਕਸ, ਨਵਿਆਉਣਯੋਗ ਊਰਜਾ, ਡਿਜੀਟਲ ਪਰਿਵਰਤਨ, ਅਤੇ ਖੇਤੀਬਾੜੀ-ਤਕਨਾਲੋਜੀ ਵਰਗੇ ਖੇਤਰਾਂ ਵਿੱਚ ਸੰਭਾਵੀ ਖੇਤਰ-ਵਿਸ਼ੇਸ਼ ਭਾਈਵਾਲੀ ਬਾਰੇ ਗੱਲਬਾਤ ਕੀਤੀ।