
ਐਨ.ਜੀ.ਏ.ਆਈ. ਦੀ ਸਿਖਲਾਈ, ਪ੍ਰੀਖਿਆ ਤੇ ਪ੍ਰਮਾਣਿਕਤਾ ਸਦਕਾ ਗੱਤਕਾ ਆਫ਼ੀਸ਼ੀਏਟਿੰਗ ਨਵੇਂ ਦੌਰ ‘ਚ ਦਾਖ਼ਲਗੱਤਕਾ ਕੋਚਿੰਗ ਤੇ ਜੱਜਮੈਂਟ ਪੇਸ਼ੇਵਰ ਢਾਂਚੇ ਦੇ ਵਿਕਸਤ ਪੜਾਅ ਤੱਕ ਪੁੱਜੀ
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਵੱਲੋਂ ਹਾਲ ਹੀ ਵਿੱਚ ਚੰਡੀਗੜ੍ਹ ਦੇ ਸੈਕਟਰ-53 ਸਥਿਤ ਗੁਰਦੁਆਰਾ ਬਾਬੇ ਕੇ ਵਿਖੇ ਆਯੋਜਿਤ ਤੀਸਰੇ ਰਾਸ਼ਟਰੀ ਗੱਤਕਾ ਰਿਫ੍ਰੈਸ਼ਰ ਕੋਰਸ ਦੌਰਾਨ ਤਿੰਨ ਦਿਨਾਂ ਤੱਕ ਗੱਤਕਾ ਆਫ਼ੀਸ਼ੀਏਟਿੰਗ ਦੀ ਸਿਖਲਾਈ, ਪ੍ਰੀਖਿਆ ਅਤੇ ਪ੍ਰਮਾਣਿਕਤਾ ਪ੍ਰਕਿਰਿਆ ਸਫ਼ਲਤਾਪੂਰਵਕ ਨੇਪਰੇ ਚੜ੍ਹੀ। ਇਹ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਕਿਸੇ ਆਮ ਟ੍ਰੇਨਿੰਗ ਕੈਂਪ ਤੋਂ ਬਹੁਤ ਅੱਗੇ ਸੀ ਜਿਸ ਵਿੱਚ ਡੂੰਘਾਈ ਨਾਲ ਸਿਧਾਂਤਕ ਅਧਿਐਨ, ਵਿਹਾਰਕ ਸਿਖਲਾਈ ਅਤੇ ਇੱਕ ਸੁਚਾਰੂ ਤੇ ਢਾਂਚਾਬੱਧ ਮੁਲਾਂਕਣ ਪ੍ਰਣਾਲੀ ਸ਼ਾਮਲ ਰਹੀ।
ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਗੱਤਕਾ ਰੈਫਰੀ, ਜੱਜ ਅਤੇ ਤਕਨੀਕੀ ਸਟਾਫ (ਆਫ਼ੀਸ਼ੀਅਲਜ਼) ਇਸ ਕੋਰਸ ਵਿੱਚ ਸ਼ਾਮਲ ਹੋਏ। ਕੋਰਸ ਦਾ ਮੁੱਖ ਉਦੇਸ਼ ਤਕਨੀਕੀ ਜੱਜਮੈਂਟ ਨੂੰ ਮਜ਼ਬੂਤ ਕਰਨਾ, ਨਿਯਮਾਂ ਦੀ ਇੱਕਸਮਾਨ ਪਾਲਣਾ ਯਕੀਨੀ ਬਣਾਉਣਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਵਧ ਰਹੀ ਲੋੜ ਅਨੁਸਾਰ ਰੈਫਰੀਆਂ ਅਤੇ ਜੱਜਾਂ ਨੂੰ ਤਿਆਰ ਕਰਨਾ ਸੀ। ਇਸ ਕੋਰਸ ਦਾ ਸੰਚਾਲਨ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਉਪ-ਚੇਅਰਮੈਨ ਸੁਖਚੈਨ ਸਿੰਘ ਕਲਸਾਨੀ ਦੀ ਰਹਿਨੁਮਾਈ ਹੇਠ ਕੀਤਾ ਗਿਆ। ਹਰਸਿਮਰਨ ਸਿੰਘ, ਸ਼ੈਰੀ ਸਿੰਘ ਅਤੇ ਨਰਿੰਦਰਪਾਲ ਸਿੰਘ ਨੇ ਕੈਂਪ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ ਜਦਕਿ ਆਯੋਜਨ ਸੰਬੰਧੀ ਹੋਰ ਇੰਤਜ਼ਾਮਾਂ ਦੀ ਜ਼ਿੰਮੇਵਾਰੀ ਬਲਜੀਤ ਸਿੰਘ ਸੈਣੀ ਨੇ ਸੰਭਾਲੀ। ਪੂਰੇ ਪ੍ਰੋਗਰਾਮ ਦੀ ਸਮੁੱਚੀ ਦੇਖਰੇਖ ਐਨ.ਜੀ.ਏ.ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ।
*ਤਕਨੀਕੀ ਆਧਾਰ ਦਾ ਨਿਰਮਾਣ*
ਪਹਿਲੇ ਦਿਨ ਆਯੋਜਿਤ ਕਲਾਸ ਰੂਮ ਥਿਊਰੀ ਸੈਸ਼ਨਾਂ ਦੌਰਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਹਾਜ਼ਰੀਨ ਨੂੰ ਗੱਤਕਾ ਅਤੇ ਸਿੱਖ ਜੰਗਜੂ ਕਲਾ ਦੀਆਂ ਬੁਨਿਆਦੀ ਧਾਰਨਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਆਧੁਨਿਕ ਗੱਤਕਾ ਖੇਡ ਨੂੰ ਉਸਦੇ ਇਤਿਹਾਸਕ ਅਤੇ ਤਕਨੀਕੀ ਸੰਦਰਭ ਵਿੱਚ ਸਮਝਾਇਆ। ਇਸ ਤੋਂ ਬਾਅਦ ਮਾਹਿਰਾਂ ਵੱਲੋਂ ਗੱਤਕਾ ਸਾਜੋ-ਸਾਮਾਨ, ਫਾਊਲ ਅਤੇ ਉਨ੍ਹਾਂ ਦੀ ਵਰਗੀਕਰਨ, ਮੈਦਾਨ ਤਿਆਰ ਕਰਨਾ, ਟੀਮਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਮੁਕਾਬਲਿਆਂ ਲਈ ਡਰਾਅ (ਫਿਕਸਚਰ) ਤਿਆਰ ਕਰਨ ਵਰਗੇ ਵਿਸ਼ਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਗੱਤਕਾ ਆਫ਼ੀਸ਼ੀਏਲਜ਼ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ‘ਤੇ ਕੇਂਦਰਿਤ ਇੱਕ ਵਿਸ਼ੇਸ਼ ਸੈਸ਼ਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਮੁਕਾਬਲਿਆਂ ਦੌਰਾਨ ਨਿਰਪੱਖਤਾ ਅਤੇ ਅਨੁਸ਼ਾਸਨ ਨੂੰ ਹਰ ਹੀਲੇ ਕਾਇਮ ਰੱਖਣਾ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਹੈ। ਸ਼ਾਮ ਸਮੇਂ ਕਰਵਾਏ ਗਏ ਵਿਸਤ੍ਰਿਤ ਵਿਹਾਰਕ (ਪ੍ਰੈਕਟੀਕਲ) ਸੈਸ਼ਨਾਂ ਦੌਰਾਨ ਸੀਨੀਅਰ ਰੈਫ਼ਰੀਆਂ ਨੇ ਅਭਿਆਸ ਡਰਿੱਲਾਂ ਅਤੇ ਨਕਲੀ ਮੁਕਾਬਲਾ ਸਥਿਤੀਆਂ ਰਾਹੀਂ ਸਿਧਾਂਤਕ ਗਿਆਨ ਨੂੰ ਮੈਦਾਨ ਵਿੱਚ ਲਾਗੂ ਕਰਵਾਇਆ।
*ਮੁਕਾਬਲਾ ਯੋਜਨਾ ਤੇ ਨਿਯਮਾਂ ਦੀ ਵਿਆਖਿਆ*
ਦੂਜੇ ਦਿਨ ਸੁਵਖਤੇ ਕਰਵਾਈ ਵਿਹਾਰਕ ਸਿਖਲਾਈ ਦੌਰਾਨ ਰੈਫ਼ਰੀਆਂ ਤੇ ਜੱਜਾਂ ਨੂੰ ਆਫ਼ੀਸ਼ੀਏਟਿੰਗ, ਪੋਜ਼ੀਸ਼ਨਿੰਗ ਅਤੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਸਮਝਾਇਆ ਗਿਆ। ਦਿਨ ਭਰ ਦੇ ਸਿਧਾਂਤਕ ਸੈਸ਼ਨਾਂ ਦੌਰਾਨ ਸੋਧੇ ਗਏ ਅੰਤਰਰਾਸ਼ਟਰੀ ਗੱਤਕਾ ਨਿਯਮਾਂ, ਟੂਰਨਾਮੈਂਟ ਲਈ ਯੋਜਨਾ, ਅੰਕ ਨਿਰਧਾਰਣ ਪ੍ਰਣਾਲੀ ਅਤੇ ਵਿਵਾਦ ਨਿਪਟਾਉਣ ਵਿੱਚ ਜਿਊਰੀ ਦੀ ਭੂਮਿਕਾ ‘ਤੇ ਵਿਸਤ੍ਰਿਤ ਚਰਚਾ ਹੋਈ।
ਗੱਤਕਾ ਖੇਡ ਦਾ ਭਵਿੱਖ, ਓਵਰਆਲ ਚੈਂਪੀਅਨ ਨਿਰਧਾਰਤ ਕਰਨ ਦੀ ਪ੍ਰਕਿਰਿਆ ਅਤੇ ਰਿਕਾਰਡ ਨੂੰ ਸੰਭਾਲਣ ਵਰਗੇ ਵਿਸ਼ਿਆਂ ਨੇ ਇਹ ਸਪਸ਼ਟ ਕੀਤਾ ਕਿ ਇਹ ਰਵਾਇਤੀ ਖੇਡ ਹੁਣ ਪੇਸ਼ੇਵਰ ਇਵੈਂਟ ਮੈਨੇਜਮੈਂਟ ਦੇ ਰਾਹ ‘ਤੇ ਸਫਲਤਾ ਨਾਲ ਅੱਗੇ ਵਧ ਰਹੀ ਹੈ। ਸ਼ਾਮ ਦੀਆਂ ਵਿਹਾਰਕ ਕਲਾਸਾਂ ਵਿੱਚ ਰੈਫਰੀਆਂ ਨੂੰ ਟੂਰਨਾਮੈਂਟ ਮੌਕੇ ਦਬਾਅ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਕੀਤੇ ਗਏ ਨਕਲੀ ਮੁਕਾਬਲਿਆਂ ਰਾਹੀਂ ਫ਼ੈਸਲਾ ਕਰਨ ਦੀ ਯੋਗਤਾ ਪਰਖਣ ਦਾ ਮੌਕਾ ਮਿਲਿਆ।
*ਫ਼ੈਸਲਾ-ਨਿਰਮਾਣ ਤੇ ਪ੍ਰਮਾਣਿਕਤਾ*
ਤੀਸਰੇ ਅਤੇ ਆਖ਼ਰੀ ਦਿਨ ਦਾ ਕੇਂਦਰ ਗੱਤਕਾ ਆਫ਼ੀਸ਼ੀਏਟਿੰਗ ਦੇ ਸਭ ਤੋਂ ਸੰਵੇਦਨਸ਼ੀਲ ਪੱਖਾਂ ‘ਤੇ ਰਿਹਾ। ਸਿਧਾਂਤਕ ਕਲਾਸਾਂ ਵਿੱਚ ਵਾਕਓਵਰ ਫ਼ੈਸਲੇ, ਟਾਈ-ਬ੍ਰੇਕਰ, ਗੋਲਡਨ ਪਾਇੰਟ ਅਤੇ ਜੱਜਮੈਂਟ ਡੈਸਕ ਤੇ ਤਕਨੀਕੀ ਟੇਬਲ ਦੀ ਭੂਮਿਕਾ ‘ਤੇ ਵਿਸਥਾਰ ਨਾਲ ਸਮਝਾਇਆ ਗਿਆ। ਸਾਂਝੀ ਚਰਚਾ ਅਤੇ ਫੀਡਬੈਕ ਸੈਸ਼ਨ ਦੌਰਾਨ ਹਾਜ਼ਰੀਨ ਨੇ ਆਪਣੇ ਅਨੁਭਵ ਸਾਂਝੇ ਕੀਤੇ, ਸਵਾਲ ਉਠਾਏ ਅਤੇ ਮੁਕਾਬਲਿਆਂ ਦੌਰਾਨ ਆਉਣ ਵਾਲੀਆਂ ਜਟਿਲ ਸਥਿਤੀਆਂ ਬਾਰੇ ਸਪਸ਼ਟਤਾ ਪ੍ਰਾਪਤ ਕੀਤੀ।
ਅੰਤਿਮ ਦਿਨ ਦਾ ਮੁੱਖ ਆਕਰਸ਼ਣ ਐਨ.ਜੀ.ਏ.ਆਈ. ਵੱਲੋਂ ਕਰਵਾਈ ਗਈ ਲਿਖਤੀ ਪ੍ਰੀਖਿਆ ਰਹੀ। ਇਸ ਪ੍ਰੀਖਿਆ ਵਿੱਚ ਗੱਤਕਾ ਆਫ਼ੀਸ਼ੀਅਲਜ਼ ਦੀ ਪਰਖ ਨਿਯਮਾਂ, ਸਕੋਰਿੰਗ ਪ੍ਰਣਾਲੀ, ਫਾਊਲ ਪ੍ਰਬੰਧਨ, ਸੁਰੱਖਿਆ ਪ੍ਰੋਟੋਕੋਲ ਅਤੇ ਮੁਕਾਬਲਾ ਪ੍ਰਕਿਰਿਆਵਾਂ ਦੀ ਸਮਝ ਦੇ ਆਧਾਰ ‘ਤੇ ਕੀਤੀ ਗਈ। ਇਸ ਮੁਲਾਂਕਣ ਦੇ ਆਧਾਰ ‘ਤੇ ਅਧਿਕਾਰੀਆਂ ਦੀ ਗ੍ਰੇਡਿੰਗ ਅਤੇ ਪ੍ਰਮਾਣਿਕਤਾ ਕੀਤੀ ਜਾਣੀ ਹੈ ਜੋ ਅੱਗੇ ਚੱਲ ਕੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਉਨ੍ਹਾਂ ਦੀ ਆਫ਼ੀਸ਼ੀਏਟਿੰਗ ਯੋਗਤਾ ਨਿਰਧਾਰਤ ਕਰੇਗੀ। ਐਡਵੋਕੇਟ ਹਰਜੀਤ ਸਿੰਘ ਗਰੇਵਾਲ ਅਨੁਸਾਰ ਇਸ ਪ੍ਰੀਖਿਆ ਅਤੇ ਪ੍ਰਮਾਣਿਕਤਾ ਪ੍ਰਕਿਰਿਆ ਦਾ ਮਕਸਦ ਜਵਾਬਦੇਹੀ ਵਧਾਉਣਾ, ਆਫ਼ੀਸ਼ੀਏਟਿੰਗ ਵਿੱਚ ਸਥਿਰਤਾ ਯਕੀਨੀ ਬਣਾਉਣਾ ਅਤੇ ਤਕਨੀਕੀ ਅਧਿਕਾਰੀਆਂ ਦੀ ਦੇ ਸਨਮਾਨ ਨੂੰ ਬਰਕਰਾਰ ਰੱਖਣਾ ਹੈ।
*ਕੋਰਸ ਬਾਰੇ ਭਾਗੀਦਾਰਾਂ ਦੀ ਪ੍ਰਤੀਕਿਰਿਆ*
ਹਾਜ਼ਰੀਨ ਰੈਫਰੀਆਂ ਨੇ ਇਸ ਰਿਫਰੈਸ਼ਰ ਕੋਰਸ ਨੂੰ ਹੁਣ ਤੱਕ ਕਰਵਾਏ ਗਏ ਪ੍ਰੋਗਰਾਮਾਂ ਵਿਚੋਂ ਸਭ ਤੋਂ ਚੁਣੌਤੀਪੂਰਨ ਅਤੇ ਪਰਿਵਰਤਨਸ਼ੀਲ ਸਿਖਲਾਈ ਪ੍ਰੋਗਰਾਮ ਕਰਾਰ ਦਿੱਤਾ। ਛੱਤੀਸਗੜ੍ਹ ਦੇ ਅਮਨ ਸਿੰਘ ਨੇ ਕਿਹਾ ਕਿ ਯੋਜਨਾਬੱਧ ਸਿਧਾਂਤਕ ਸੈਸ਼ਨਾਂ ਅਤੇ ਵਿਹਾਰਕ ਸਿਖਲਾਈ ਦੇ ਸੁਮੇਲ ਨੇ ਉਨ੍ਹਾਂ ਨੂੰ ਆਫ਼ੀਸ਼ੀਏਟਿੰਗ ਦੀ ਸਮੁੱਚੀ ਜ਼ਿੰਮੇਵਾਰੀ ਨੂੰ ਹੋਰ ਗਹਿਰਾਈ ਨਾਲ ਸਮਝਣ ਵਿੱਚ ਮਦਦ ਕੀਤੀ ਹੈ।
ਮਹਾਰਾਸ਼ਟਰ ਤੋਂ ਪਹੁੰਚੇ ਪਾਂਡੁਰੰਗ ਅੰਬੂਰੇ ਨੇ ਕਿਹਾ ਕਿ ਨਿਯਮਾਂ ਦੀ ਸਪਸ਼ਟ ਵਿਆਖਿਆ ਅਤੇ ਸਕੋਰਿੰਗ ‘ਤੇ ਦਿੱਤਾ ਗਿਆ ਵਿਸ਼ੇਸ਼ ਜ਼ੋਰ ਮੁਕਾਬਲਿਆਂ ਦੌਰਾਨ ਉੱਠਣ ਵਾਲੇ ਵਿਵਾਦਾਂ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸੇ ਤਰ੍ਹਾਂ ਪੰਜਾਬ ਦੇ ਗੁਰਵਿੰਦਰ ਸਿੰਘ ਘਨੌਲੀ ਅਤੇ ਹਰਿਆਣਾ ਦੇ ਹਰਨਾਮ ਸਿੰਘ ਨੇ ਕਿਹਾ ਕਿ ਇਸ ਕੋਰਸ ਨੇ ਉਨ੍ਹਾਂ ਨੂੰ ਅਸਲ ਮੈਚ ਸਥਿਤੀਆਂ ਦੀ ਡੂੰਘੀ ਸਮਝ ਪ੍ਰਦਾਨ ਕੀਤੀ ਹੈ ਜੋ ਆਮ ਕੈਂਪ ਜਾਂ ਟੂਰਨਾਮੈਂਟ ਦੇ ਅਨੁਭਵ ਰਾਹੀਂ ਸੰਭਵ ਨਹੀਂ ਹੁੰਦੀ।
*ਭਵਿੱਖ ਵੱਲ ਵਧਦਾ ਰੋਡਮੈਪ*
ਕੋਰਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਐਨ.ਜੀ.ਏ.ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਕਿਹਾ ਕਿ ਇਹ ਰਿਫਰੈਸ਼ਰ ਕੋਰਸ ਅਤੇ ਪ੍ਰਮਾਣਿਕਤਾ ਪ੍ਰੀਖਿਆ ਗੱਤਕਾ ਆਫ਼ੀਸ਼ੀਏਟਿੰਗ ਨੂੰ ਕੌਮਾਂਤਰੀ ਮਿਆਰਾਂ ਤੱਕ ਲਿਜਾਣ ਲਈ ਤਿਆਰ ਕੀਤੀ ਗਈ ਲੰਬੀ ਮਿਆਦ ਦੀ ਰਣਨੀਤੀ ਦਾ ਅਹਿਮ ਹਿੱਸਾ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲਾ ਕੌਮੀ ਗੱਤਕਾ ਰਿਫਰੈਸ਼ਰ ਕੋਰਸ ਛੱਤੀਸਗੜ੍ਹ ਦੇ ਭਿਲਾਈ ਵਿੱਚ ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨ ਛੱਤੀਸਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅੰਤਰਰਾਸ਼ਟਰੀ ਨਿਯਮਾਵਲੀ ਦਾ ਸੋਧਿਆ ਹੋਇਆ ਪੰਜਵਾਂ ਐਡੀਸ਼ਨ ਜਲਦੀ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਸ ਵਿੱਚ ਵੱਖ-ਵੱਖ ਪੱਧਰ ਦੇ ਮੁਕਾਬਲਿਆਂ ਤੋਂ ਪ੍ਰਾਪਤ ਤਾਜ਼ਾ ਸੁਧਾਰਾਂ ਅਤੇ ਵਿਹਾਰਕ ਤਜਰਬਿਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਮੌਕੇ ਮੌਜੂਦ ਸੀਨੀਅਰ ਪਦਾਧਿਕਾਰੀਆਂ ਵਿੱਚ ਐਨ.ਜੀ.ਏ.ਆਈ. ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਸੰਯੁਕਤ ਸਕੱਤਰ ਬਲਜੀਤ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੱਤਕਾ ਦੇ ਕੌਮੀ ਅਤੇ ਕੌਮਾਂਤਰੀ ਵਿਸਤਾਰ ਦੇ ਨਾਲ ਕਦਮ ਮਿਲਾਉਣ ਲਈ ਨਿਰੰਤਰ ਅਜਿਹੇ ਸਮਰੱਥਾ-ਵਿਕਾਸ ਪ੍ਰੋਗਰਾਮ ਬੇਹੱਦ ਜ਼ਰੂਰੀ ਹਨ।
ਨਿਸ਼ਚਿਤ ਤੌਰ ‘ਤੇ, ਇਸ ਰਿਫਰੈਸ਼ਰ ਕੋਰਸ ਨੇ ਗੱਤਕਾ ਖੇਡ ਵਿੱਚ ਇੱਕ ਨਵਾਂ ਮਿਆਰ ਸਥਾਪਤ ਕੀਤਾ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਗੱਤਕਾ ਖੇਡ ਹੁਣ ਸੁਚੱਜੇ ਪ੍ਰਸ਼ਾਸਨ, ਪੇਸ਼ੇਵਰ ਦ੍ਰਿਸ਼ਟੀਕੋਣ, ਜਵਾਬਦੇਹੀ, ਪਾਰਦਰਸ਼ਤਾ ਅਤੇ ਵਿਸ਼ਵ ਪੱਧਰ ‘ਤੇ ਉੱਚ ਪਾਏ ਦੇ ਆਫ਼ੀਸ਼ੀਏਟਿੰਗ ਮਿਆਰਾਂ ਦੀ ਦਿਸ਼ਾ ਵੱਲ ਨਿਸ਼ਚਿਤ ਤੌਰ ‘ਤੇ ਅੱਗੇ ਵਧ ਚੁੱਕੀ ਹੈ।